ਸਤੰਬਰ 2025 'ਚ ਟੂ-ਵੀਲਰਜ਼ ਦੀ ਰਹੀ ਜ਼ਬਰਦਸਤ ਮੰਗ! ਇੱਕ ਮਹੀਨੇ 'ਚ ਵਿਕੀਆਂ 20 ਲੱਖ ਤੋਂ ਵੱਧ ਬਾਈਕ ਅਤੇ ਸਕੂਟਰ
ਪਿਛਲਾ ਮਹੀਨਾ ਟੂ-ਵੀਲਰਜ਼ ਵਾਲੀਆਂ ਕੰਪਨੀਆਂ ਦੇ ਲਈ ਕਾਫੀ ਖਾਸ ਰਿਹਾ ਹੈ। ਜੀ ਹਾਂ ਭਾਰਤੀ ਦੋ-ਪਹੀਆ ਵਾਹਨਾਂ ਦੇ ਮਾਰਕੀਟ ਨੇ ਸਤੰਬਰ 2025 ਵਿੱਚ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਇਸ ਮਹੀਨੇ ਕੁੱਲ 20 ਲੱਖ ਤੋਂ ਵੱਧ ਬਾਈਕ ਅਤੇ ਸਕੂਟਰ ਵਿਕੇ..

ਭਾਰਤੀ ਦੋ-ਪਹੀਆ ਵਾਹਨਾਂ ਦੇ ਮਾਰਕੀਟ ਨੇ ਸਤੰਬਰ 2025 ਵਿੱਚ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਇਸ ਮਹੀਨੇ ਕੁੱਲ 20 ਲੱਖ ਤੋਂ ਵੱਧ ਬਾਈਕ ਅਤੇ ਸਕੂਟਰ ਵਿਕੇ, ਜੋ ਪਿਛਲੇ ਸਾਲ ਦੀ ਤੁਲਨਾ ਵਿੱਚ 9% ਵੱਧ ਹੈ। ਇਸ ਵਾਧੇ ਦੇ ਪਿੱਛੇ ਦੋ ਵੱਡੇ ਕਾਰਨ ਹਨ – GST ਦਰਾਂ ਵਿੱਚ ਕਟੌਤੀ (28% ਤੋਂ ਘਟਾ ਕੇ 18%) ਅਤੇ ਤਿਉਹਾਰੀ ਮੌਸਮ। ਜਿਵੇਂ ਹੀ ਨਵਰਾਤਰੀ ਅਤੇ ਫੈਸਟੀਵ ਆਫ਼ਰ ਸ਼ੁਰੂ ਹੋਏ, ਲੋਕਾਂ ਦੀ ਖਰੀਦਦਾਰੀ ਵਿੱਚ ਤੇਜ਼ੀ ਆ ਗਈ। ਡੀਲਰਸ਼ਿਪ 'ਤੇ ਗ੍ਰਾਹਕਾਂ ਦੀ ਭੀੜ ਵਧ ਗਈ ਅਤੇ ਕਮਿਊਟਰ ਬਾਈਕ ਸੈਗਮੈਂਟ ਵਿੱਚ ਤਾਂ ਮੰਗ ਦੁੱਗਣੀ ਹੋ ਗਈ। ਹੁਣ ਗ੍ਰਾਹਕ ਘੱਟ ਕੀਮਤ ਵਿੱਚ ਆਪਣੀ ਪਸੰਦ ਦੀ ਬਾਈਕ ਜਾਂ ਸਕੂਟਰ ਖਰੀਦ ਸਕਦੇ ਹਨ।
ਰਾਇਲ ਐਨਫੀਲਡ ਨੇ ਆਪਣਾ ਹੀ ਰਿਕਾਰਡ ਤੋੜਿਆ
ਸਤੰਬਰ 2025 ਰਾਇਲ ਐਨਫੀਲਡ ਲਈ ਇਤਿਹਾਸਕ ਮਹੀਨਾ ਸਾਬਤ ਹੋਇਆ। ਕੰਪਨੀ ਦੀ ਵਿਕਰੀ 43% ਵੱਧ ਕੇ 1,13,000 ਯੂਨਿਟਾਂ ਤੱਕ ਪਹੁੰਚ ਗਈ, ਜੋ ਹੁਣ ਤੱਕ ਦੀ ਸਭ ਤੋਂ ਵੱਡੀ ਮਾਸਿਕ ਵਿਕਰੀ ਹੈ। CEO ਬੀ. ਗੋਵਿੰਦਰਾਜਨ ਨੇ ਦੱਸਿਆ ਕਿ ਇਹ ਪਹਿਲੀ ਵਾਰੀ ਹੈ ਜਦੋਂ ਰਾਇਲ ਐਨਫੀਲਡ ਨੇ ਇੱਕ ਮਹੀਨੇ ਵਿੱਚ 1 ਲੱਖ ਤੋਂ ਵੱਧ ਯੂਨਿਟਾਂ ਵੇਚੀਆਂ। ਇਸ ਵਾਧੇ ਵਿੱਚ ਕਲਾਸਿਕ, ਬੁਲੇਟ ਅਤੇ ਹੰਟਰ ਵਰਗੇ ਮਾਡਲਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ।
TVS ਮੋਟਰ ਨੇ ਸਕੂਟਰ ਅਤੇ EV ਨਾਲ ਬਣਾਈ ਮਜ਼ਬੂਤ ਪਕੜ
TVS ਮੋਟਰ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਤੰਬਰ ਵਿੱਚ ਕੰਪਨੀ ਦੀ ਵਿਕਰੀ 12% ਵੱਧ ਕੇ 4,13,000 ਯੂਨਿਟਾਂ ਤੱਕ ਪਹੁੰਚ ਗਈ। ਖ਼ਾਸ ਕਰਕੇ ਜੂਪੀਟਰ ਸਕੂਟਰ ਅਤੇ iQube ਇਲੈਕਟ੍ਰਿਕ ਸਕੂਟਰ ਨੇ ਮਾਰਕੀਟ ਵਿੱਚ ਬੇਹਤਰੀਨ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ, ਕੰਪਨੀ ਦੇ ਐਕਸਪੋਰਟਸ ਅਤੇ EV ਸੈਗਮੈਂਟ ਨੇ ਵੀ ਵਾਧੇ ਨੂੰ ਹੋਰ ਮਜ਼ਬੂਤੀ ਦਿੱਤੀ।
ਬਜਾਜ਼ ਆਟੋ ਦੀ ਸਥਿਰ ਰਫ਼ਤਾਰ
ਬਜਾਜ਼ ਆਟੋ ਨੇ ਸਤੰਬਰ ਵਿੱਚ 2,73,000 ਯੂਨਿਟਾਂ ਦੀ ਵਿਕਰੀ ਕੀਤੀ, ਜੋ ਪਿਛਲੇ ਸਾਲ ਦੀ ਤੁਲਨਾ ਵਿੱਚ 5% ਵੱਧ ਹੈ। ਬਜਾਜ਼ ਦੀ ਮਜ਼ਬੂਤ ਪਕੜ ਹੁਣ ਸਿਰਫ ਭਾਰਤ ਵਿੱਚ ਹੀ ਨਹੀਂ, ਸਗੋਂ ਅਫ਼ਰੀਕਾ ਅਤੇ ਲੈਟਿਨ ਅਮਰੀਕਾ ਵਰਗੇ ਗਲੋਬਲ ਮਾਰਕੀਟਾਂ ਵਿੱਚ ਵੀ ਦਿਖੀ।
Honda Two-Wheelers ਦੀ ਹੌਲੀ ਵਾਧਾ
Honda Motorcycle & Scooter India (HMSI) ਦੀ ਸਤੰਬਰ ਵਿੱਚ 5,05,000 ਯੂਨਿਟਾਂ ਵਿਕਰੀ ਰਹੀ, ਜੋ ਪਿਛਲੇ ਸਾਲ ਦੇ ਮੁਕਾਬਲੇ 3% ਹੌਲੀ ਵਾਧਾ ਹੈ। ਕੰਪਨੀ ਦਾ ਸਭ ਤੋਂ ਮਜ਼ਬੂਤ ਸੈਗਮੈਂਟ ਹੁਣ ਵੀ ਸਕੂਟਰ ਮਾਰਕੀਟ ਹੈ, ਜਿੱਥੇ Honda Activa ਗ੍ਰਾਹਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ।
ਨਵਰਾਤਰੀ ਦੌਰਾਨ ਦੋ-ਪਹੀਆ ਵਾਹਨਾਂ ਦੀ ਡਿਮਾਂਡ ਕਾਫ਼ੀ ਵਧੀ, ਪਰ ਇਸ ਵਾਰੀ ਕੰਪਨੀਆਂ ਨੇ ਡਿਸਕਾਊਂਟ ਆਫ਼ਰ ਘੱਟ ਦਿੱਤੇ। ਆਮ ਤੌਰ ‘ਤੇ 5,000 ਤੋਂ 10,000 ਤੱਕ ਦੀ ਛੋਟ ਮਿਲਦੀ ਹੈ, ਪਰ ਇਸ ਵਾਰੀ ਕਈ ਮਾਡਲਾਂ ‘ਤੇ ਆਫ਼ਰ ਸੀਮਿਤ ਰਹੇ। ਇਸ ਤੋਂ ਇਲਾਵਾ, ਭਾਰੀ ਮਾਨਸੂਨ ਦੇ ਕਾਰਨ ਪਿੰਡਾਂ ਵਿੱਚ ਵਿਕਰੀ ਥੋੜ੍ਹੀ ਧੀਮੀ ਰਹੀ।
ਕੁੱਲ ਮਿਲਾ ਕੇ, GST ਕਟੌਤੀ, ਤਿਉਹਾਰੀ ਮਾਹੌਲ ਅਤੇ ਗ੍ਰਾਹਕਾਂ ਦੀ ਵਧਦੀ ਦਿਲਚਸਪੀ ਨੇ ਸਤੰਬਰ 2025 ਨੂੰ ਭਾਰਤੀ ਦੋ-ਪਹੀਆ ਉਦਯੋਗ ਲਈ ਇਤਿਹਾਸਕ ਮਹੀਨਾ ਬਣਾ ਦਿੱਤਾ।






















