AAP ਵੱਲੋਂ ਵੱਡਾ ਐਲਾਨ, ਖਾਲੀ ਪਈ ਰਾਜ ਸਭਾ ਸੀਟ ਤੋਂ ਇਸ ਆਗੂ ਨੂੰ ਐਲਾਨਿਆ ਉਮੀਦਵਾਰ, ਸਿਆਸੀ ਹਲਚਲ ਤੇਜ਼
AAP ਵੱਲੋਂ ਪੱਕ ਕਰ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਨਹੀਂ ਜਾਣਗੇ। ਜੀ ਹਾਂ ਪਾਰਟੀ ਵੱਲੋਂ ਟ੍ਰਾਈਡੈਂਟ ਗਰੁੱਪ ਦੇ ਮਾਲਕ ਰਾਜਿੰਦਰ ਗੁਪਤਾ ਨੂੰ ਪੰਜਾਬ ਦੀ ਖ਼ਾਲੀ ਪਈ ਰਾਜ ਸਭਾ ਸੀਟ ਲਈ ਉਮੀਦਵਾਰ ਐਲਾਨਿਆ ਗਿਆ ਹੈ।

Leader Nominated for Vacant Rajya Sabha Seat: ਆਮ ਆਦਮੀ ਪਾਰਟੀ (AAP) ਨੇ ਪੰਜਾਬ ਰਾਜ ਸਭਾ ਉਪਚੋਣ ਲਈ ਉਦਯੋਗਪਤੀ ਰਾਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਇਹ ਉਪਚੋਣ 24 ਅਕਤੂਬਰ ਨੂੰ ਹੋਣ ਵਾਲੀ ਹੈ। ਪਾਰਟੀ ਦਾ ਇਹ ਕਦਮ ਸਿਆਸੀ ਪੱਖੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਰਾਹੀਂ ਰਾਜ ’ਚ ਆਪਣੀ ਪਕੜ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਨਾਲ ਇਹ ਵੀ ਸਾਫ ਹੋ ਗਿਆ ਕਿ ਪੰਜਾਬ ਤੋਂ ਅਰਵਿੰਦ ਕੇਜਰੀਵਾਲ ਰਾਜ ਸਭਾ ਨਹੀਂ ਜਾਣਗੇ। ਪਿਛਲੇ ਕੁੱਝ ਸਮੇਂ ਤੋਂ ਇਹ ਚਰਚਾਵਾਂ ਤੇਜ਼ ਸਨ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਦੇ ਵਿੱਚ ਐਂਟਰੀ ਕਰ ਸਕਦੇ ਹਨ। ਪਰ ਹੁਣ ਇਨ੍ਹਾਂ ਅਫਵਾਹਾਂ ਉੱਤੇ ਰੋਕ ਲੱਗ ਗਈ ਹੈ।

ਪੰਜਾਬ ਦੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਕੈਬਨਿਟ ਰੈਂਕ ਵਾਲੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਗੁਪਤਾ ਨੇ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ ਪ੍ਰਧਾਨ ਅਤੇ ਕਾਲੀ ਮਾਤਾ ਮੰਦਰ ਪਟਿਆਲਾ ਦੀ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਮ ਆਦਮੀ ਪਾਰਟੀ (AAP) ਸਰਕਾਰ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਵੀ ਕਰ ਲਿਆ ਹੈ।
ਦੱਸਣਯੋਗ ਹੈ ਕਿ ਇਹ ਸੀਟ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਲੁਧਿਆਣਾ ਵੈਸਟ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਸੀ। ਸੰਜੀਵ ਅਰੋੜਾ ਨੇ ਰਾਜ ਸਭਾ ਦਾ ਅਹੁਦਾ ਛੱਡਣ ਤੋਂ ਬਾਅਦ ਲੁਧਿਆਣਾ ਵੈਸਟ ਤੋਂ ਚੋਣ ਲੜੀ ਸੀ। ਲੁਧਿਆਣਾ ਵੈਸਟ ਦੀ ਸੀਟ ਵਿਧਾਇਕ ਗੁਰਪ੍ਰੀਤ ਗੋਗੀ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ। ਇਸ ਤੋਂ ਬਾਅਦ ਇਸ ਸੀਟ 'ਤੇ ਜ਼ਿਮਣੀ ਚੋਣ ਕਰਵਾਈ ਗਈ ਸੀ।
ਪਹਿਲਾਂ ਚਰਚਾ ਸੀ ਕਿ ਅਰਵਿੰਦ ਕੇਜਰੀਵਾਲ ਖੁਦ ਰਾਜ ਸਭਾ ਜਾਣਗੇ। ਇਸ ਤੋਂ ਬਾਅਦ ਮਨੀਸ਼ ਸਿਸੋਦੀਆ ਦਾ ਨਾਮ ਸਾਹਮਣੇ ਆਇਆ। ਹਾਲਾਂਕਿ ਪੰਜਾਬ ਦੀ ਰਾਜ ਸਭਾ ਸੀਟ 'ਤੇ ਦਿੱਲੀ ਵਾਲਿਆਂ ਦੇ ਰਾਜ ਸਭਾ ਜਾਣ ਦੇ ਮਾਮਲੇ ਨੂੰ ਵਿਰੋਧੀ ਪਾਰਟੀਆਂ ਵੱਲੋਂ ਉਠਾਇਆ ਗਿਆ ਤਾਂ ਟਰਾਈਡੈਂਟ ਦੇ ਮਾਲਕ ਰਾਜਿੰਦਰ ਗੁਪਤਾ ਦਾ ਨਾਮ ਚਰਚਾ ਵਿੱਚ ਆ ਗਿਆ।
ਕੌਣ ਹਨ ਰਜਿੰਦਰ ਗੁਪਤਾ?
ਰਜਿੰਦਰ ਗੁਪਤਾ ਹੁਣ ਤੱਕ ਰਾਜ ਸਰਕਾਰ ਵਿੱਚ ਵਾਈਸ ਚੇਅਰਮੈਨ, ਪੰਜਾਬ ਇਕਨਾਮਿਕ ਪਾਲਿਸੀ ਐਂਡ ਪਲਾਨਿੰਗ ਬੋਰਡ ਵਜੋਂ ਕੰਮ ਕਰ ਰਹੇ ਸਨ। ਰਾਜ ਸਭਾ ਲਈ ਨਾਮਜ਼ਦਗੀ ਦਾਖ਼ਲ ਕਰਨ ਲਈ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਗੁਪਤਾ ਟ੍ਰਾਇਡੈਂਟ ਕੰਪਨੀ ਦੇ ਸੰਸਥਾਪਕ ਅਤੇ CEO ਵੀ ਹਨ ਅਤੇ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਸੰਜੀਵ ਅਰੋੜਾ ਦੀ ਥਾਂ ਸੰਭਾਲੀ ਸੀ।
AAP ਦੇ ਸੂਤਰਾਂ ਅਨੁਸਾਰ ਰਜਿੰਦਰ ਗੁਪਤਾ ਇਕ ਮਾਣਯੋਗ ਪੰਜਾਬੀ ਉਦਯੋਗਪਤੀ ਅਤੇ ਹਾਰਵਰਡ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੇ ਟ੍ਰਾਇਡੈਂਟ ਗਰੁੱਪ ਰਾਹੀਂ ਭਾਰਤ ਅਤੇ ਵਿਦੇਸ਼ਾਂ ਵਿੱਚ ਲੱਖਾਂ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ।





















