ਚੋਣਾਂ ਬਾਰੇ ਭਵਿੱਖਵਾਣੀ! ਪੰਜਾਬ 'ਚ ਇਸ ਵਾਰ ਕੌਣ ਮਾਰੇਗਾ ਬਾਜ਼ੀ? 'ਆਪ', ਕਾਂਗਰਸ ਜਾਂ ਅਕਾਲੀ ਦਲ? ਜਾਣੋ ਸਿਆਸੀ ਮਾਹਿਰ ਦਾ ਨਜ਼ਰੀਆ
ਅਤੁਲ ਮਲਿਕਰਾਮ, ਸਿਆਸੀ ਮਾਹਿਰ
Punjab Election 2022: ਪੰਜਾਬ ਵਿਧਾਨ ਸਭਾ ਚੋਣਾਂ ਕਈ ਪੱਖਾਂ ਤੋਂ ਖਾਸ ਹਨ। ਸਿਆਸੀ ਪਾਰਟੀਆਂ ਦੇ ਕੁਝ ਪੁਰਾਣੇ ਭਾਈਵਾਲ ਵੱਖ ਹੋ ਗਏ ਹਨ ਤੇ ਕੁਝ ਨੇ ਨਵੇਂ ਦੋਸਤਾਂ ਨਾਲ ਹੱਥ ਮਿਲਾਇਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਸੂਬੇ ਦੀਆਂ 117 ਸੀਟਾਂ 'ਚੋਂ 77 'ਤੇ ਕਬਜ਼ਾ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਆਪਣੀ ਸਰਕਾਰ ਬਣਾਈ ਸੀ।
ਇਸ ਦੇ ਨਾਲ ਹੀ ਇਸ ਵਾਰ ਕੈਪਟਨ ਦੀ ਨਵੀਂ ਸਿਆਸੀ ਪਾਰਟੀ ਪੰਜਾਬ ਲੋਕ ਕਾਂਗਰਸ, ਭਾਜਪਾ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਗੱਠਜੋੜ ਕਰਕੇ ਚੋਣ ਮੈਦਾਨ ਵਿੱਚ ਆਏ ਹਨ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਤੋਂ ਵੱਖ ਹੋਏ ਅਕਾਲੀ ਦਲ ਨੂੰ ਬਹੁਜਨ ਸਮਾਜ ਪਾਰਟੀ ਦਾ ਸਮਰਥਨ ਮਿਲਿਆ ਹੈ। ਬਦਲੇ ਹਾਲਾਤ ਨੂੰ ਵੇਖ 94 ਸਾਲਾ ਪ੍ਰਕਾਸ਼ ਸਿੰਘ ਬਾਦਲ ਵੀ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ। ਅਕਾਲੀ ਦਲ-ਬਸਪਾ ਜੋੜੀ ਦਲਿਤ ਵੋਟਰਾਂ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ 20 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਵਜੋਂ ਸਾਹਮਣੇ ਆਈ ਆਮ ਆਦਮੀ ਪਾਰਟੀ ਨੂੰ ਵੀ ਇਸ ਵਾਰ ਆਪਣੇ ਵਾਅਦਿਆਂ ਤੋਂ ਵੱਡੀਆਂ ਆਸਾਂ ਹਨ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਸੂਬੇ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ ਹੈ। ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਤੇ ਸਾਰੀਆਂ ਬਾਲਗ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਵਰਗੇ ਵਾਅਦੇ ਕਰ ਰਹੇ ਹਨ। ਵਾਅਦਿਆਂ ਤੇ ਚੋਣਾਂ ਦੇ ਪੁਰਾਣੇ ਰਿਸ਼ਤੇ ਨੂੰ ਮੁੱਖ ਰੱਖਦਿਆਂ ਕਾਂਗਰਸ ਨੇ ਇੱਕ ਵਾਰ ਫਿਰ ਕਈ ਨਵੇਂ ਐਲਾਨਾਂ ਰਾਹੀਂ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ, ਹਾਲਾਂਕਿ ਪਾਰਟੀ ਉੱਪਰ ਪੁਰਾਣੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਅਜੇ ਵੀ ਤਾਜ਼ਾ ਹਨ।
ਇਸ ਸਭ ਦੇ ਵਿੱਚ ਕਾਂਗਰਸ ਨੂੰ ਇੱਕ ਫਾਇਦਾ ਇਹ ਹੋਇਆ ਹੈ ਕਿ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਦਲਿਤ ਭਾਈਚਾਰੇ ਵਿੱਚੋਂ ਆਉਂਦੇ ਹਨ, ਜੋ ਨਿਸ਼ਚਿਤ ਤੌਰ 'ਤੇ ਪੰਜਾਬ ਵਿੱਚ ਦਲਿਤ ਵੋਟ ਉੱਪਰ ਅਸਰ ਪਾਏਗਾ। ਇਸ ਵਿੱਚ ਇੱਕ ਚੰਗੀ ਗੱਲ ਇਹ ਵੀ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ 34 ਸੀਟਾਂ ਵਿੱਚੋਂ 21 ਸੀਟਾਂ ਕਾਂਗਰਸ ਪਾਰਟੀ ਨੇ ਜਿੱਤੀਆਂ ਸਨ। ਉਂਜ, ਨਵਜੋਤ ਸਿੰਧੂ ਦੇ ਪਾਰਟੀ ਆਗੂਆਂ ਤੇ ਖੁਦ ਮੁੱਖ ਮੰਤਰੀ ਚੰਨੀ ਨਾਲ ਰਿਸ਼ਤੇ ਬਹੁਤੇ ਚੰਗੇ ਨਹੀਂ, ਜੋ ਇਨ੍ਹਾਂ ਚੋਣਾਂ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਣਗੇ।
ਅਜਿਹੀ ਅਜੀਬੋ-ਗਰੀਬ ਸਿਆਸੀ ਖਿੱਚੋਤਾਣ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਵਿੱਚ ਕੋਈ ਬਹੁਤੀ ਮਜ਼ਬੂਤ ਜਥੇਬੰਦੀ ਨਾ ਬਣਾਉਣ ਦੇ ਬਾਵਜੂਦ ਵੱਡੀਆਂ ਮੱਲਾਂ ਮਾਰ ਸਕਦੀ ਹੈ। ਯਕੀਨਨ ਉਮੀਦ ਹੈ ਕਿ ਦਿੱਲੀ ਮਾਡਲ ਦੀ ਧੁਨ ਪੰਜਾਬ ਵਿੱਚ ਵੀ ਜ਼ੋਰ ਫੜੇਗੀ। ਪਾਰਟੀ ਦੀ ਕੋਸ਼ਿਸ਼ 20 ਸੀਟਾਂ ਨੂੰ 120 'ਚ ਬਦਲਣ ਦੀ ਹੋਵੇਗੀ, ਜਿਸ ਲਈ ਕੇਜਰੀਵਾਲ ਨੂੰ ਅੰਤ 'ਚ ਜੋ ਵੀ ਕੀਮਤ ਚੁਕਾਉਣੀ ਪਵੇਗੀ, ਉਸ ਲਈ ਤਿਆਰ ਰਹਿਣਗੇ। ਕਈ ਪਾਰਟੀਆਂ ਤੇ ਵਿਰੋਧੀਆਂ ਵਿੱਚ ਵੰਡੀਆਂ ਹੋਈਆਂ ਪੰਜਾਬ ਚੋਣਾਂ ਵਿੱਚ ਇੱਕਪਾਸੜ ਵੋਟਾਂ ਦੀ ਹਨੇਰੀ ਘੱਟ ਹੀ ਦੇਖਣ ਨੂੰ ਮਿਲ ਰਹੀ ਹੈ। ਇਸ ਲਈ ਸੂਬੇ ਵਿੱਚ ਤ੍ਰਿਸ਼ੰਕੁ ਸਰਕਾਰ ਵੱਲ ਇਸ਼ਾਰਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਹਿੰਦੂ ਵੋਟਰਾਂ ਨੂੰ ਕਾਂਗਰਸ ਨੇ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਹੈ, ਜਦਕਿ ਚੰਨੀ ਦਾ ਦਲਿਤ ਵਰਗ ਵਿੱਚੋਂ ਆਉਣਾ ਵੀ ਕਾਂਗਰਸ ਲਈ ਲਾਹੇਵੰਦ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦਿੱਲੀ ਮਾਡਲ ਦੇ ਨਾਂ 'ਤੇ ਘੱਟੋ-ਘੱਟ 40+ ਸੀਟਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ।
ਉਧਰ, ਜੇਕਰ ਅਕਾਲੀ ਦਲ ਤੇ ਬਸਪਾ ਦਾ ਜਾਦੂ ਪੰਜਾਬ ਦੇ ਵੋਟਰਾਂ 'ਤੇ ਥੋੜ੍ਹਾ ਜਿਹਾ ਵੀ ਚੱਲਦਾ ਹੈ ਤਾਂ ਅੰਤ 'ਚ ਗਠਜੋੜ ਦੀ ਰਣਨੀਤੀ ਕੰਮ ਆ ਸਕਦੀ ਹੈ। ਵੈਸੇ ਵੀ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਦੋ ਉਪ ਮੁੱਖ ਮੰਤਰੀ ਹੋਣਗੇ, ਜਿਨ੍ਹਾਂ ਵਿੱਚੋਂ ਇੱਕ ਦਲਿਤ ਤੇ ਦੂਜਾ ਪੰਜਾਬੀ ਹਿੰਦੂ ਹੋਵੇਗਾ।
ਇਸ ਦੇ ਨਾਲ ਹੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਕੁੱਲ 32 ਕਿਸਾਨ ਜਥੇਬੰਦੀਆਂ ਵਿੱਚੋਂ 22 ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਨਾਂ ਦੀ ਪਾਰਟੀ ਵੀ ਬਣਾਈ ਹੈ, ਜਿਸ ਦੀ ਲੋੜ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਜਿਹੇ 'ਚ ਜੇਕਰ 'ਆਪ' ਨੂੰ ਫਿਰ ਤੋਂ ਦੂਜੀ ਵੱਡੀ ਪਾਰਟੀ ਬਣਨ ਦਾ ਮੌਕਾ ਮਿਲਦਾ ਹੈ ਤਾਂ ਨਿਸ਼ਚਿਤ ਤੌਰ 'ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਤਾਜ ਪਹਿਨਾਇਆ ਜਾਵੇਗਾ।