RFL Money Laundering: RFL ਮਨੀ ਲਾਂਡਰਿੰਗ ਮਾਮਲੇ 'ਚ ED ਦਾ ਐਕਸ਼ਨ, ਇਨ੍ਹਾਂ ਕੰਪਨੀਆਂ ਦੇ ਦਫਤਰਾਂ ਕੀਤੀ ਗਈ ਤਲਾਸ਼ੀ
ED action on Religare: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹ ਕਾਰਵਾਈ 2000 ਕਰੋੜ ਰੁਪਏ ਤੋਂ ਵੱਧ ਦੇ ਆਰਐਫਐਲ ਮਨੀ ਲਾਂਡਰਿੰਗ ਮਾਮਲੇ ਵਿੱਚ ਕੀਤੀ ਹੈ। ਇਸ 'ਚ ਕਈ ਥਾਵਾਂ 'ਤੇ ਇੱਕੋ ਸਮੇਂ ਤਲਾਸ਼ੀ ਮੁਹਿੰਮ ਚੱਲ ਰਹੀ ਸੀ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਰਐਫਐਲ ਮਨੀ ਲਾਂਡਰਿੰਗ ਮਾਮਲੇ(Enforcement Directorate RFL money laundering case) ਵਿੱਚ ਕਾਰਵਾਈ ਕੀਤੀ ਹੈ। ਇਸ ਕਾਰਵਾਈ ਵਿੱਚ ਈਡੀ (ED) ਨੇ ਨਾਲੋ-ਨਾਲ ਕਈ ਥਾਵਾਂ ਦੀ ਤਲਾਸ਼ੀ ਲਈ ਹੈ, ਜਿਸ ਵਿੱਚ ਰੇਲੀਗੇਰ ਫਿਨਵੈਸਟ ਲਿਮਟਿਡ (Religare Finvest Ltd) ਅਤੇ ਆਰਐਚਸੀ ਹੋਲਡਿੰਗਜ਼ (RHC Holdings) ਦੇ ਦਫ਼ਤਰ ਵੀ ਸ਼ਾਮਲ ਹਨ।
ਈਡੀ ਨੇ 9 ਥਾਂਵਾਂ 'ਤੇ ਕੀਤੀ ਰੇਡ
ਈਡੀ ਨੇ ਸ਼ੁੱਕਰਵਾਰ ਦੇਰ ਸ਼ਾਮ ਇਹ ਕਾਰਵਾਈ ਕੀਤੀ। ਈਡੀ ਨੇ ਇਹ ਕਾਰਵਾਈ ਆਰਐਫਐਲ (ਰੇਲੀਗੇਰ ਫਿਨਵੈਸਟ ਲਿਮਿਟੇਡ) ਦੇ 2000 ਕਰੋੜ ਰੁਪਏ ਤੋਂ ਵੱਧ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਕੀਤੀ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਮਾਮਲੇ ਨਾਲ ਜੁੜੇ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਈਡੀ ਨੇ ਇੱਕੋ ਸਮੇਂ ਨੌਂ ਥਾਵਾਂ ਦੀ ਤਲਾਸ਼ੀ ਲਈ।
ਈਡੀ ਦੇ ਹੱਥ ਲੱਗੇ ਕਈ ਦਸਤਾਵੇਜ਼
ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਨੇ ਸ਼ੁੱਕਰਵਾਰ ਨੂੰ ਤਲਾਸ਼ੀ ਸ਼ੁਰੂ ਕੀਤੀ ਅਤੇ ਇਹ ਕਾਰਵਾਈ ਸ਼ਨੀਵਾਰ ਸਵੇਰ ਤੱਕ ਜਾਰੀ ਰਹੀ। ਈਡੀ ਦੀ ਇਸ ਕਾਰਵਾਈ ਵਿੱਚ ਕਈ ਦਸਤਾਵੇਜ਼ ਮਿਲੇ ਹਨ ਅਤੇ ਜਾਂਚ ਏਜੰਸੀ ਨੂੰ ਮਨੀ ਲਾਂਡਰਿੰਗ ਨਾਲ ਜੁੜੇ ਸਬੂਤ ਵੀ ਮਿਲੇ ਹਨ। ਈਡੀ ਦੀ ਇਸ ਕਾਰਵਾਈ ਦੌਰਾਨ ਇਹ ਵੀ ਪਤਾ ਲੱਗਾ ਕਿ ਪੈਸੇ ਦੀ ਵਰਤੋਂ ਕਿਵੇਂ ਕੀਤੀ ਗਈ।
ਕੰਪਨੀ ਨੇ ਦਿੱਤੀ ਹੈ ਇਹ ਜਾਣਕਾਰੀ
ਦੂਜੇ ਪਾਸੇ ਰੇਲੀਗੇਰ ਦਾ ਕਹਿਣਾ ਹੈ ਕਿ ਈਡੀ ਦੀ ਇਹ ਕਾਰਵਾਈ ਖੁਦ ਕੰਪਨੀ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਕੰਪਨੀ ਨੇ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਰੇਲੀਗੇਰ ਫਿਨਵੈਸਟ ਲਿਮਟਿਡ ਦੇ ਮੌਜੂਦਾ ਪ੍ਰਬੰਧਨ ਨੇ ਕਾਰਪੋਰੇਟ ਲੋਨ ਬੁੱਕ ਦੀ ਚੱਲ ਰਹੀ ਜਾਂਚ ਨੂੰ ਲੈ ਕੇ ਈਡੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਤਾਂ ਜੋ ਜਾਂਚ ਪ੍ਰਕਿਰਿਆ ਤੇਜ਼ੀ ਨਾਲ ਅੱਗੇ ਵਧ ਸਕੇ। ਉਸ ਦੇ ਆਧਾਰ 'ਤੇ ਈਡੀ ਨੇ ਇਹ ਕਾਰਵਾਈ ਕੀਤੀ।
2019 ਤੋਂ ਚੱਲ ਰਹੀ ਹੈ ਜਾਂਚ
ਦੱਸ ਦਈਏ ਕਿ ਰੇਲੀਗੇਰ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਮੋਹਨ ਸਿੰਘ, ਸ਼ਵਿੰਦਰ ਮੋਹਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਕੰਪਨੀ ਦੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਇਸ ਸਬੰਧੀ ਈਡੀ ਦੀ ਜਾਂਚ ਚੱਲ ਰਹੀ ਹੈ। RFL ਮਨੀ ਲਾਂਡਰਿੰਗ ਮਾਮਲੇ ਵਿੱਚ ED ਦੀ ਜਾਂਚ 2019 ਵਿੱਚ ਸ਼ੁਰੂ ਹੋਈ ਸੀ। ਇਸ ਮਾਮਲੇ ਵਿੱਚ ਮਾਲਵਿੰਦਰ ਮੋਹਨ ਸਿੰਘ ਅਤੇ ਸ਼ਵਿੰਦਰ ਮੋਹਨ ਸਿੰਘ ਸਮੇਤ ਕਈ ਲੋਕਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।