Punjab News: ਪੰਜਾਬ ਨੂੰ ਮਿਲੇ ਨਵੇਂ ਐਡਵੋਕੇਟ ਜਨਰਲ, ਜਾਣੋ ਕੌਣ ਨੇ ਮਨਿੰਦਰਜੀਤ ਸਿੰਘ ਬੇਦੀ ਜਿਨ੍ਹਾਂ ਨੇ ਸੰਭਾਲੀ AG ਦੀ ਜ਼ਿੰਮੇਵਾਰੀ
ਸੀਨੀਅਰ ਐਡਵੋਕੇਟ ਮਨਿੰਦਰਜੀਤ ਸਿੰਘ ਬੇਦੀ ਨੇ 30 ਮਾਰਚ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਪੰਜਾਬ ਦੇ ਐਡਵੋਕੇਟ ਜਨਰਲ ਵਜੋਂ ਅਹੁਦਾ ਸੰਭਾਲ ਲਿਆ। ਪੰਜਾਬ ਸਰਕਾਰ ਨੇ ਮਨਿੰਦਰਜੀਤ ਸਿੰਘ ਬੇਦੀ ਨੂੰ ਨਵਾਂ ਐਡਵੋਕੇਟ ਜਨਰਲ...

Punjab appoints Maninderjit Singh Bedi as Advocate General: ਸੀਨੀਅਰ ਐਡਵੋਕੇਟ ਮਨਿੰਦਰਜੀਤ ਸਿੰਘ ਬੇਦੀ ਨੇ 30 ਮਾਰਚ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਪੰਜਾਬ ਦੇ ਐਡਵੋਕੇਟ ਜਨਰਲ ਵਜੋਂ ਅਹੁਦਾ ਸੰਭਾਲ ਲਿਆ। ਪੰਜਾਬ ਸਰਕਾਰ ਨੇ ਮਨਿੰਦਰਜੀਤ ਸਿੰਘ ਬੇਦੀ ਨੂੰ ਨਵਾਂ ਐਡਵੋਕੇਟ ਜਨਰਲ (AG) ਨਿਯੁਕਤ ਕੀਤਾ ਹੈ। ਨਿਆਂ ਵਿਭਾਗ ਨੇ ਨਵੇਂ ਏਜੀ ਦੀ ਨਿਯੁਕਤੀ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਉਨ੍ਹਾਂ ਨੇ 30 ਮਾਰਚ ਨੂੰ ਅਹੁਦਾ ਸੰਭਾਲ ਲਿਆ ਹੈ। ਉਹ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ 30 ਮਾਰਚ ਨੂੰ ਸਵੇਰੇ ਮੁੱਖ ਮੰਤਰੀ ਨੂੰ ਅਸਤੀਫ਼ਾ ਸੌਂਪ ਦਿੱਤਾ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ।
ਕੌਣ ਨੇ ਮਨਿੰਦਰਜੀਤ ਸਿੰਘ ਬੇਦੀ
ਨਵੇਂ ਏਜੀ ਬੇਦੀ ਰਾਮਪੁਰਾ ਫੂਲ ਦੇ ਮਰਹੂਮ ਐਡਵੋਕੇਟ ਇੰਦਰਜੀਤ ਸਿੰਘ ਬੇਦੀ ਦੇ ਪੁੱਤਰ ਹਨ ਅਤੇ ਉਨ੍ਹਾਂ ਦੇ ਦਾਦਾ ਵੀ ਮੰਨੇ-ਪ੍ਰਮੰਨੇ ਵਕੀਲ ਰਹੇ ਹਨ। ਉਨ੍ਹਾਂ 2004-05 ’ਚ ਵਕਾਲਤ ਰਾਮਪੁਰਾ ਫੂਲ ਤੋਂ ਸ਼ੁਰੂ ਕੀਤੀ ਅਤੇ ਉਹ 2015-16 ਤੋਂ ਹਾਈ ਕੋਰਟ ’ਚ ਪ੍ਰੈਕਟਿਸ ਕਰ ਰਹੇ ਹਨ। ਉਹ ਪਰਿਵਾਰ ਸਮੇਤ ਕੈਨੇਡਾ (ਪੀਆਰ) ਚਲੇ ਗਏ ਸਨ। ਉਨ੍ਹਾਂ ਸਾਲ ਮਗਰੋਂ ਵਤਨ ਵਾਪਸੀ ਕੀਤੀ ਹੈ ਅਤੇ ਉਹ ਆਮ ਆਦਮੀ ਪਾਰਟੀ ਨਾਲ ਜੁੜ ਗਏ। ਉਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨੇੜਲਿਆਂ ’ਚੋਂ ਮੰਨੇ ਜਾਂਦੇ ਹਨ।

ਗੁਰਮਿੰਦਰ ਸਿੰਘ ਗੈਰੀ ਅਸਤੀਫ਼ੇ ਦੇ ਪਿੱਛੇ ਦੱਸੀ ਇਹ ਵਜ੍ਹਾ
ਇਸ ਤੋਂ ਪਹਿਲਾਂ ਗੁਰਮਿੰਦਰ ਸਿੰਘ ਗੈਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੇ ਅਸਤੀਫ਼ੇ ’ਚ ਪ੍ਰਾਈਵੇਟ ਪ੍ਰੈਕਟਿਸ ਮੁੜ ਸ਼ੁਰੂ ਕਰਨ ਦਾ ਹਵਾਲਾ ਦਿੱਤਾ ਸੀ। ‘ਆਪ’ ਸਰਕਾਰ ਵੱਲੋਂ ਨਿਯੁਕਤ ਕੀਤੇ ਗੈਰੀ ਅਜਿਹੇ ਤੀਜੇ ਐਡਵੋਕੇਟ ਜਨਰਲ ਹਨ ਜਿਨ੍ਹਾਂ ਅਸਤੀਫ਼ਾ ਸੌਂਪਿਆ ਹੈ। ‘ਆਪ’ ਸਰਕਾਰ ਨੇ 6 ਅਕਤੂਬਰ, 2023 ਨੂੰ ਗੁਰਮਿੰਦਰ ਸਿੰਘ ਗੈਰੀ ਨੂੰ ਐਡਵੋਕੇਟ ਜਨਰਲ ਨਿਯੁਕਤ ਕੀਤਾ ਸੀ। ਉਨ੍ਹਾਂ ਦੇ ਅਹੁਦੇ ਦੀ ਮਿਆਦ 31 ਮਾਰਚ ਤੱਕ ਸੀ। ਪਿਛਲੀ ਚੰਨੀ ਸਰਕਾਰ ਵੱਲੋਂ ਨਿਯੁਕਤ ਏਜੀ ਡੀਐੱਸ ਪਟਵਾਲੀਆ ਨੇ ਨਵੀਂ ਸਰਕਾਰ ਬਣਨ ਤੋਂ ਕੁੱਝ ਸਮੇਂ ਮਗਰੋਂ ਹੀ ਅਸਤੀਫ਼ਾ ਦੇ ਦਿੱਤਾ ਸੀ। ‘ਆਪ’ ਸਰਕਾਰ ਨੇ ਸਭ ਤੋਂ ਪਹਿਲਾਂ ਅਨਮੋਲ ਰਤਨ ਨੂੰ ਏਜੀ ਲਗਾਇਆ ਸੀ ਜਿਨ੍ਹਾਂ ਦੇ ਅਸਤੀਫ਼ੇ ਮਗਰੋਂ ਵਿਨੋਦ ਘਈ ਨੂੰ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ। ਵਿਨੋਦ ਘਈ ਨੇ ਵੀ 5 ਅਕਤੂਬਰ, 2023 ਨੂੰ ਅਸਤੀਫ਼ਾ ਦੇ ਦਿੱਤਾ ਸੀ।
ਲਾਅ ਅਫ਼ਸਰਾਂ ਦੀ ਮਿਆਦ ਵਧਾਈ ਗਈ
ਪੰਜਾਬ ਸਰਕਾਰ ਨੇ 30 ਮਾਰਚ ਨੂੰ ਐਡਵੋਕੇਟ ਅਨੂ ਚਤਰਥ ਨੂੰ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਨਿਯੁਕਤ ਕਰ ਦਿੱਤਾ ਹੈ। ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਜਗਦੇਵ ਸਿੰਘ ਭੰਦੋਹਲ ਦੇ ਕਾਰਜਕਾਲ ਵਿੱਚ ਪਹਿਲਾਂ ਹੀ ਮਹੀਨੇ ਦਾ ਵਾਧਾ ਕੀਤਾ ਜਾ ਚੁੱਕਾ ਹੈ। ਏਜੀ ਦਫ਼ਤਰ ਵਿੱਚ ਹੁਣ ਦੋ ਸੀਨੀਅਰ ਐਡੀਸ਼ਨਲ ਏਜੀ ਹੋਣਗੇ। ਸੂਬਾ ਸਰਕਾਰ ਨੇ 215 ਲਾਅ ਅਫ਼ਸਰਾਂ ਦੀ ਮਿਆਦ ਵੀ 30 ਅਪ੍ਰੈਲਤੱਕ ਵਧਾ ਦਿੱਤੀ ਹੈ।






















