ਲੋਕ ਦੇਣ ਧਿਆਨ! ਦੇਸ਼ ਭਰ ਦੇ ਟੋਲ ਪਲਾਜ਼ਿਆਂ ‘ਤੇ ਹੁਣ ਨਹੀਂ ਚੱਲੇਗਾ ਕੈਸ਼, ਸਿਰਫ਼ FASTag ਜਾਂ UPI ਨਾਲ ਹੋਵੇਗੀ ਅਦਾਇਗੀ; ਜਾਣੋ ਕਦੋਂ ਤੋਂ ਬਦਲੇਗਾ ਨਿਯਮ
ਦੇਸ਼ ਦੇ ਹਾਈਵੇਅ 'ਤੇ ਸਫ਼ਰ ਕਰਨ ਦੇ ਤਰੀਕੇ ਹੁਣ ਬਦਲਣ ਜਾ ਰਹੇ ਹਨ। ਇਸ ਕੜੀ ਹੇਠ ਇਕ ਹੋਰ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਦਰਅਸਲ, ਹਾਈਵੇਅਜ਼ ‘ਤੇ ਟੋਲ ਭਰਨ ਦਾ ਤਰੀਕਾ ਪੂਰੀ ਤਰ੍ਹਾਂ ਨਾਲ ਬਦਲਣ ਦੀ ਤਿਆਰੀ ਹੈ। ਕੇਂਦਰ ਸਰਕਾਰ 1 ਅਪ੍ਰੈਲ ਤੋਂ..

ਦੇਸ਼ ਦੇ ਹਾਈਵੇਅ 'ਤੇ ਸਫ਼ਰ ਕਰਨ ਦੇ ਤਰੀਕੇ ਹੁਣ ਬਦਲਣ ਜਾ ਰਹੇ ਹਨ। ਇਸ ਕੜੀ ਹੇਠ ਇਕ ਹੋਰ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਦਰਅਸਲ, ਹਾਈਵੇਅਜ਼ ‘ਤੇ ਟੋਲ ਭਰਨ ਦਾ ਤਰੀਕਾ ਪੂਰੀ ਤਰ੍ਹਾਂ ਨਾਲ ਬਦਲਣ ਦੀ ਤਿਆਰੀ ਹੈ। ਕੇਂਦਰ ਸਰਕਾਰ 1 ਅਪ੍ਰੈਲ ਤੋਂ ਨੈਸ਼ਨਲ ਹਾਈਵੇ ਟੋਲ ਪਲਾਜ਼ਿਆਂ ‘ਤੇ ਕੈਸ਼ ਪੇਮੈਂਟ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ। ਇਸਦਾ ਮਤਲਬ ਹੈ ਕਿ ਹੁਣ ਲੰਬੀਆਂ ਕਤਾਰਾਂ, ਖੁੱਲ੍ਹੇ ਪੈਸਿਆਂ ਦੀ ਝੰਝਟ ਅਤੇ ਟੋਲ ਬੂਥ ‘ਤੇ ਰੁਕਣ ਦੀ ਮਜ਼ਬੂਰੀ ਖਤਮ ਹੋਣ ਵਾਲੀ ਹੈ।
FASTag ਜਾਂ UPI ਦੇ ਜ਼ਰੀਏ ਹੋਏਗੀ ਪੇਮੈਂਟ
ਨਵੀਂ ਵਿਵਸਥਾ ਤਹਿਤ ਡਰਾਈਵਰਾਂ ਨੂੰ ਟੋਲ ਫੀਸ ਸਿਰਫ਼ FASTag ਜਾਂ UPI ਦੇ ਜ਼ਰੀਏ ਹੀ ਅਦਾ ਕਰਨੀ ਹੋਵੇਗੀ। ਇਹ ਡਿਜ਼ਿਟਲ ਸਫ਼ਰ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਨਾ ਸਿਰਫ਼ ਪੈਸਿਆਂ ਦੀ ਬੱਚਤ ਹੋਵੇਗੀ, ਸਗੋਂ ਸਫ਼ਰ ਦਾ ਸਮਾਂ ਵੀ ਘੱਟ ਲੱਗੇਗਾ ਅਤੇ ਆਵਾਜਾਈ ਹੋਰ ਵੀ ਆਸਾਨ ਬਣੇਗੀ।
ਟੋਲ ਪਲਾਜ਼ਿਆਂ ਨੂੰ ਕੈਸ਼ਲੈੱਸ ਬਣਾਉਣ ਦੀ ਤਿਆਰੀ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ। ਫਿਲਹਾਲ ਸਿਰਫ਼ ਇਕ ਅਧਿਕਾਰਿਕ ਨੋਟੀਫਿਕੇਸ਼ਨ ਆਉਣ ਦੀ ਉਡੀਕ ਹੈ, ਜਿਸ ਤੋਂ ਬਾਅਦ ਇਹ ਨਿਯਮ ਲਾਗੂ ਕਰ ਦਿੱਤਾ ਜਾਵੇਗਾ। ਇਸ ਫ਼ੈਸਲੇ ਦਾ ਮੁੱਖ ਮਕਸਦ ਟੋਲ ਪਲਾਜ਼ਿਆਂ ‘ਤੇ ਟ੍ਰੈਫਿਕ ਜਾਮ ਨੂੰ ਘਟਾਉਣਾ ਹੈ।
ਵਾਰ-ਵਾਰ ਰੁਕਣ ਦੀ ਜ਼ਰੂਰਤ ਨਹੀਂ
ਡਿਜ਼ਿਟਲ ਭੁਗਤਾਨ ਹੋਣ ਨਾਲ ਹੁਣ ਗੱਡੀਆਂ ਨੂੰ ਕੈਸ਼ ਲੈਣ-ਦੇਣ ਲਈ ਰੁਕਣਾ ਨਹੀਂ ਪਵੇਗਾ ਅਤੇ ਨਾ ਹੀ ਖੁੱਲ੍ਹੇ ਪੈਸਿਆਂ ਦੀ ਉਡੀਕ ਕਰਨੀ ਪਵੇਗੀ। ਇਸ ਨਾਲ ਟੋਲ ਪੁਆਇੰਟ ‘ਤੇ ਵਾਰ-ਵਾਰ ਬ੍ਰੇਕ ਲਗਾਉਣ ਅਤੇ ਫਿਰ ਗਤੀ ਵਧਾਉਣ ਦੀ ਲੋੜ ਘੱਟ ਹੋਵੇਗੀ, ਜਿਸ ਨਾਲ ਇੰਧਨ ਦੀ ਵੀ ਬੱਚਤ ਹੋਵੇਗੀ। ਇਸਦੇ ਨਾਲ ਹੀ ਡਿਜ਼ਿਟਲ ਪੇਮੈਂਟ ਹੋਣ ਕਰਕੇ ਹਰ ਲੈਣ-ਦੇਣ ਦਾ ਰਿਕਾਰਡ ਵੀ ਮੌਜੂਦ ਰਹੇਗਾ।
ਇਸ ਦੇ ਹੋਰ ਕਈ ਫਾਇਦੇ ਵੀ ਹਨ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਵੀ. ਉਮਾਸ਼ੰਕਰ ਮੁਤਾਬਕ ਭਾਰਤ ਦੀ ਡਿਜ਼ਿਟਲ ਅਰਥਵਿਵਸਥਾ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਪਹਿਲਾਂ ਟੋਲ ਪਲਾਜ਼ਿਆਂ ‘ਤੇ UPI ਰਾਹੀਂ ਭੁਗਤਾਨ ਦੀ ਸੁਵਿਧਾ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਸਰਾਹਣਾ ਮਿਲੀ। ਹੁਣ ਸਰਕਾਰ ਨੇ ਟੋਲ ਪਲਾਜ਼ਿਆਂ ‘ਤੇ ਕੈਸ਼ ਭੁਗਤਾਨ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਹੈ। 1 ਅਪ੍ਰੈਲ ਤੋਂ ਬਾਅਦ ਟੋਲ ‘ਤੇ ਸਿਰਫ਼ FASTag ਜਾਂ UPI ਰਾਹੀਂ ਹੀ ਭੁਗਤਾਨ ਵੈਧ ਹੋਵੇਗਾ।
ਸੰਬੰਧਿਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬਦਲਾਅ ਭਾਰਤ ਦੇ ਟੋਲ ਸਿਸਟਮ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਹੈ। ਸਰਕਾਰ ‘ਮਲਟੀ-ਲੇਨ ਫ੍ਰੀ ਫ਼ਲੋ’ ਨਾਂ ਦੇ ਬੈਰੀਅਰ-ਰਹਿਤ ਟੋਲਿੰਗ ਮਾਡਲ ‘ਤੇ ਕੰਮ ਕਰ ਰਹੀ ਹੈ, ਜਿਸ ਤਹਿਤ ਵਾਹਨ ਬਿਨਾਂ ਰੁਕੇ ਆਮ ਹਾਈਵੇ ਗਤੀ ਨਾਲ ਟੋਲ ਏਰੀਏ ਤੋਂ ਲੰਘ ਸਕਣਗੇ। ਰਿਪੋਰਟ ਮੁਤਾਬਕ, ਇਸ ਲਈ ਹੋਰ ਦੇਸ਼ਾਂ ਵਿੱਚ ਵਰਤੀ ਜਾ ਰਹੀ ਅਧੁਨਿਕ ਤਕਨਾਲੋਜੀ ਨੂੰ ਸਮਝਣ ਅਤੇ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।






















