ਸਿਨੇਮਾ ਘਰਾਂ 'ਚ ਖਾਣ-ਪੀਣ ਦਾ ਸਾਮਾਨ ਸਸਤਾ ਹੋ ਸਕਦਾ, GST ਕੌਂਸਲ 'ਚ ਉੱਠਿਆ ਮੁੱਦਾ, 11 ਜੁਲਾਈ ਲਿਆ ਜਾ ਸਕਦਾ ਆ ਫੈਸਲਾ
cinemas : ਇਸ ਤੋਂ ਇਲਾਵਾ ਜੇਕਰ ਪੌਪਕਾਰਨ ਅਤੇ ਡਰਿੰਕਸ ਵਰਗੀਆਂ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਫਿਲਮਾਂ ਦੀਆਂ ਟਿਕਟਾਂ ਦੇ ਨਾਲ ਮਿਲਾ ਕੇ ਵੇਚਿਆ ਜਾਂਦਾ ਹੈ ਤਾਂ ਉਸ 'ਤੇ ਮੂਲ ਉਤਪਾਦ ਦੇ ਹਿਸਾਬ ਨਾਲ ਟੈਕਸ ਲਾਉਣ ਦਾ ਵੀ ਸੁਝਾਅ ਦਿੱਤਾ ਗਿਆ ਹੈ।
ਗੁਡਸ ਐਂਡ ਸਰਵਿਸ ਟੈਕਸ (GST) ਕੌਂਸਲ ਦੀ 50ਵੀਂ ਮੀਟਿੰਗ 11 ਜੁਲਾਈ ਨੂੰ ਹੋਣੀ ਹੈ। ਇਸ 'ਚ ਕਈ ਚੀਜ਼ਾਂ 'ਤੇ ਟੈਕਸ ਦਰਾਂ 'ਚ ਕਟੌਤੀ ਕੀਤੀ ਜਾ ਸਕਦੀ ਹੈ। ਮੀਟਿੰਗ ਵਿੱਚ ਕੌਂਸਲ ਵੱਲੋਂ ਸਿਨੇਮਾ ਹਾਲਾਂ ਵਿੱਚ ਮਿਲਣ ਵਾਲੀਆਂ ਖਾਣ-ਪੀਣ ਵਾਲੀਆਂ ਵਸਤੂਆਂ ਅਤੇ ਪੀਣ ਵਾਲੇ ਪਦਾਰਥਾਂ ’ਤੇ GST ਘਟਾਉਣ ਦੀ ਉਮੀਦ ਹੈ ਅਤੇ ਕੈਂਸਰ ਦੀ ਦਵਾਈ ’ਤੇ ਵੀ ਟੈਕਸ ਛੋਟ ਦਿੱਤੀ ਜਾ ਸਕਦੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਕੌਂਸਲ ਵੱਲੋਂ ਸਿਨੇਮਾ ਹਾਲਾਂ ਵਿੱਚ ਪਰੋਸੇ ਜਾਣ ਵਾਲੇ ਖਾਣ-ਪੀਣ ਦੀਆਂ ਵਸਤੂਆਂ 'ਤੇ GST ਮੌਜੂਦਾ 18 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰਨ ਦੀ ਉਮੀਦ ਹੈ।
ਇਸ ਤੋਂ ਇਲਾਵਾ ਜੇਕਰ ਪੌਪਕਾਰਨ ਅਤੇ ਡਰਿੰਕਸ ਵਰਗੀਆਂ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਫਿਲਮਾਂ ਦੀਆਂ ਟਿਕਟਾਂ ਦੇ ਨਾਲ ਮਿਲਾ ਕੇ ਵੇਚਿਆ ਜਾਂਦਾ ਹੈ ਤਾਂ ਉਸ 'ਤੇ ਮੂਲ ਉਤਪਾਦ ਦੇ ਹਿਸਾਬ ਨਾਲ ਟੈਕਸ ਲਾਉਣ ਦਾ ਵੀ ਸੁਝਾਅ ਦਿੱਤਾ ਗਿਆ ਹੈ। ਸਿਨੇਮਾ ਘਰਾਂ ਦੇ ਮਾਲਕ ਪਿਛਲੇ ਲੰਬੇ ਸਮੇਂ ਤੋਂ ਇਸ ਦੀ ਮੰਗ ਕਰ ਰਹੇ ਹਨ।
ਕੈਂਸਰ ਦੀ ਦਵਾਈ ਤੋਂ GST ਹਟਾਉਣ ਦੀ ਮੰਗ
ਕੈਂਸਰ ਦੀ ਦਵਾਈ Dinutuximab 'ਤੇ ਵੀ ਟੈਕਸ ਛੋਟ ਦਾ ਐਲਾਨ ਕੀਤਾ ਜਾ ਸਕਦਾ ਹੈ। ਫਿਟਮੇਂਟ ਕਮੇਟੀ ਦਾ ਕਹਿਣਾ ਹੈ, 'ਜਿਸ ਦਵਾਈ ਦੀ ਕੀਮਤ 26 ਲੱਖ ਹੈ ਅਤੇ ਕ੍ਰਾਊਡ ਫੰਡਿੰਗ ਰਾਹੀਂ ਪੈਸਾ ਇਕੱਠਾ ਕੀਤਾ ਜਾਂਦਾ ਹੈ, ਉਸ ਨੂੰ ਜੀਐਸਟੀ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਮੰਤਰੀ ਸਮੂਹ ਨੇ ਇਸ 'ਤੇ ਸਹਿਮਤੀ ਜਤਾਈ ਹੈ। ਹਾਲਾਂਕਿ ਗੋਆ ਨੇ ਇਸ 'ਤੇ 18 ਫੀਸਦੀ ਟੈਕਸ ਰੱਖਣ ਦਾ ਸੁਝਾਅ ਦਿੱਤਾ ਹੈ। ਵਰਤਮਾਨ ਵਿੱਚ ਇਸ ਦਵਾਈ 'ਤੇ 12% ਜੀਐਸਟੀ ਲਗਾਇਆ ਜਾਂਦਾ ਹੈ।
ਇਨ੍ਹਾਂ 'ਤੇ ਵੀ ਟੈਕਸ ਘਟਾਉਣ ਦਾ ਪ੍ਰਸਤਾਵ
ਫਿਟਮੇਂਟ ਕਮੇਟੀ ਵਿੱਚ ਕੇਂਦਰ ਅਤੇ ਵੱਖ-ਵੱਖ ਰਾਜਾਂ ਦੇ ਟੈਕਸ ਅਧਿਕਾਰੀ ਸ਼ਾਮਲ ਹੁੰਦੇ ਹਨ। ਇਸ ਕਮੇਟੀ ਨੇ ਜੀਐਸਟੀ ਕੌਂਸਲ ਨੂੰ ਕਈ ਸਿਫ਼ਾਰਸ਼ਾਂ ਦਿੱਤੀਆਂ ਹਨ।
ਵਿਸ਼ੇਸ਼ ਮੈਡੀਕਲ ਲੋੜਾਂ ਅਤੇ ਇਲਾਜ ਲਈ ਆਯਾਤ ਕੀਤੇ ਜਾਣ ਵਾਲੇ ਉਤਪਾਦਾਂ ਅਤੇ ਦਵਾਈਆਂ ਨੂੰ ਵੀ ਜੀਐਸਟੀ ਦੇ ਦਾਇਰੇ ਤੋਂ ਬਾਹਰ ਰੱਖਿਆ ਜਾ ਸਕਦਾ ਹੈ।
ਸੈਟੇਲਾਈਟ ਲਾਂਚਿੰਗ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਨਿੱਜੀ ਕੰਪਨੀਆਂ ਨੂੰ ਜੀਐਸਟੀ ਦੇ ਦਾਇਰੇ ਤੋਂ ਬਾਹਰ ਰੱਖਿਆ ਜਾ ਸਕਦਾ ਹੈ ਅਤੇ ਸੈੱਸ ਵਧਾ ਕੇ 22% ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਮੀਟਿੰਗ ਵਿੱਚ ਇਹ ਵੀ ਸਪੱਸ਼ਟ ਕੀਤਾ ਜਾਵੇਗਾ ਕਿ ਕੀ ਕਿਸਾਨਾਂ ਵੱਲੋਂ ਸਹਿਕਾਰੀ ਸਭਾਵਾਂ ਨੂੰ ਕਪਾਹ ਵੇਚਣ 'ਤੇ ਉਨ੍ਹਾਂ 'ਤੇ ਜੀਐਸਟੀ ਲਗਾਇਆ ਜਾਵੇਗਾ ਜਾਂ ਨਹੀਂ।
ਕੌਂਸਲ ਔਨਲਾਈਨ ਗੇਮਿੰਗ, ਘੋੜ ਦੌੜ ਅਤੇ ਕੈਸੀਨੋ 'ਤੇ 28% ਜੀਐਸਟੀ ਲਗਾਉਣ ਦਾ ਫੈਸਲਾ ਵੀ ਕਰ ਸਕਦੀ ਹੈ।
ਇਸ ਦੇ ਨਾਲ ਹੀ ਮਲਟੀ ਯੂਟਿਲਟੀ ਵਹੀਕਲ, ਪਾਪੜ, ਫਲੈਕਸ ਫਿਊਲ, ਪਾਨ ਮਸਾਲਾ ਅਤੇ ਤੰਬਾਕੂ 'ਤੇ ਲੱਗੇ ਜੀਐਸਟੀ ਬਾਰੇ ਵੀ ਸਪੱਸ਼ਟਤਾ ਦਿੱਤੀ ਜਾਵੇਗੀ।