ਇਜ਼ਰਾਈਲ-ਈਰਾਨ ਤਣਾਅ ਦੇ ਵਿਚਲੇ ਕੱਚੇ ਤੇਲ ਦੀਆਂ ਕੀਮਤਾਂ 'ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਵੱਡਾ ਬਿਆਨ
ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਪਿਛਲੇ ਇੱਕ ਹਫ਼ਤੇ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਵੇਖਣ ਨੂੰ ਮਿਲੀ ਹੈ। ਇਸ ਨਾਲ ਇਹ ਸੰਭਾਵਨਾ ਵੱਧ ਗਈ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਹੋਰ ਵਧ ਸਕਦੀਆਂ...

Crude Oil Prices: ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਪਿਛਲੇ ਇੱਕ ਹਫ਼ਤੇ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਵੇਖਣ ਨੂੰ ਮਿਲੀ ਹੈ। ਇਸ ਨਾਲ ਇਹ ਸੰਭਾਵਨਾ ਵੱਧ ਗਈ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਹੋਰ ਵਧ ਸਕਦੀਆਂ ਹਨ। ਪਰ ਹੁਣ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਇਸ ਸਬੰਧੀ ਰਾਹਤ ਵਾਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਲਗਭਗ ਪਿਛਲੇ ਇੱਕ ਹਫ਼ਤੇ ਤੋਂ ਇਜ਼ਰਾਈਲ ਅਤੇ ਈਰਾਨ ਵਿੱਚ ਤਣਾਅ ਚੱਲ ਰਿਹਾ ਹੈ, ਪਰ ਫਿਲਹਾਲ ਤੇਲ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਊਰਜਾ ਦੀਆਂ ਕੀਮਤਾਂ ਪੂਰੀ ਤਰ੍ਹਾਂ ਨਿਯੰਤਰਣ ਵਿੱਚ ਹਨ।
ਉਨ੍ਹਾਂ ਨੇ ਇੱਕ ਪ੍ਰਾਈਵੇਟ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਵਿਚ ਇਹ ਡਰ ਜ਼ਰੂਰ ਹੈ ਕਿ ਜਦੋਂ 13 ਜੂਨ ਨੂੰ ਇਜ਼ਰਾਈਲ ਵੱਲੋਂ ਈਰਾਨ ਦੇ ਮਹੱਤਵਪੂਰਨ ਪਰਮਾਣੂ ਢਾਂਚਿਆਂ 'ਤੇ ਹਮਲੇ ਕੀਤੇ ਗਏ, ਉਸ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਧਣ ਦੀ ਖਦਸ਼ਾ ਜਤਾਈ ਜਾ ਰਹੀ ਸੀ। ਪਰ ਉਨ੍ਹਾਂ ਕਿਹਾ ਕਿ ਹਾਲਾਤ ਚਿੰਤਾਜਨਕ ਨਹੀਂ ਹਨ।
ਕੰਟਰੋਲ 'ਚ ਹੈ ਕੱਚਾ ਤੇਲ
ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਲੋਕਾਂ ਨੂੰ ਇਹ ਡਰ ਸੀ ਕਿ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਨਿਕਲ ਸਕਦੀ ਹੈ, ਪਰ ਪਿਛਲੇ ਕੁਝ ਮਹੀਨਿਆਂ ਦੌਰਾਨ ਇਹ ਦੀ ਕੀਮਤ ਉਮੀਦਾਂ ਅਨੁਸਾਰ ਲਗਭਗ 75 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਬਣੀ ਹੋਈ ਹੈ। ਧਿਆਨਯੋਗ ਗੱਲ ਹੈ ਕਿ ਈਰਾਨ ਦੁਨੀਆਂ ਦਾ ਨੌਵਾਂ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਹੈ, ਜੋ ਹਰ ਰੋਜ਼ ਲਗਭਗ 3.3 ਮਿਲੀਅਨ ਬੈਰਲ ਤੇਲ ਉਤਪਾਦਨ ਕਰਦਾ ਹੈ, ਜਿਸ ਵਿੱਚੋਂ ਲਗਭਗ 2 ਮਿਲੀਅਨ ਬੈਰਲ ਕੱਚਾ ਤੇਲ ਅਤੇ ਰਿਫਾਈਨ ਕੀਤਿਆ ਤੇਲ ਨਿਰਯਾਤ ਕੀਤਾ ਜਾਂਦਾ ਹੈ।
ਅਮਰੀਕਾ ਵਲੋਂ ਇਜ਼ਰਾਈਲ-ਈਰਾਨ ਜੰਗ ਵਿੱਚ ਸਿੱਧਾ ਉਤਰਣ ਦੀ ਸੰਭਾਵਨਾ ਦੇ ਚਲਦੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ। ਹਾਰਮੂਜ਼ ਦੀ ਖਾੜੀ, ਜਿਥੋਂ ਦੁਨੀਆ ਦੇ ਲਗਭਗ 20 ਫੀਸਦੀ ਤੇਲ ਦੀ ਸਪਲਾਈ ਹੁੰਦੀ ਹੈ, ਉਸਨੂੰ ਈਰਾਨ ਵਲੋਂ ਬੰਦ ਕਰਨ ਬਾਰੇ ਚਲ ਰਹੀਆਂ ਰਿਪੋਰਟਾਂ 'ਤੇ ਗੱਲ ਕਰਦਿਆਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਹ ਕਦਮ ਭਾਰਤ ਸਮੇਤ ਉਹਨਾਂ ਦੇਸ਼ਾਂ ਲਈ ਵਧੀਆ ਨਹੀਂ ਹੋਵੇਗਾ ਜੋ ਤੇਲ ਆਯਾਤ ਕਰਦੇ ਹਨ।






















