Indigo ਦੀ ਲਾਪਰਵਾਹੀ ਨਾਲ 2.65 ਲੱਖ ਦਾ ਨੁਕਸਾਨ, ਹਵਾਈ ਅੱਡੇ ‘ਤੇ ਟਾਇਲਟ ਜਾਣਾ ਇਦਾਂ ਬਣਿਆ ਮੁਸੀਬਤ
Indigo: ਪੇਸ਼ੇ ਤੋਂ ਇੱਕ ਬ੍ਰਾਂਡਿੰਗ ਕੰਸਲਟੈਂਟ ਚਯਨ ਨੂੰ ਇੱਕ ਜ਼ਰੂਰੀ ਬਿਜ਼ਨਸ ਮੀਟਿੰਗ ਲਈ ਜੈਪੁਰ ਤੋਂ ਮੁੰਬਈ ਜਾਣਾ ਸੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇੰਡੀਗੋ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੀ ਫਲਾਈਟ ਛੁੱਟ ਗਈ।

Indigo: ਅਕਸਰ ਲੋਕ ਕਿਸੇ ਜ਼ਰੂਰੀ ਕੰਮ ਨੂੰ ਨਿਪਟਾਉਣ ਲਈ ਜਾਂ ਘੱਟ ਸਮੇਂ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਫਲਾਈਟ ਲੈਂਦੇ ਹਨ। ਅਜਿਹਾ ਹੀ ਇੱਕ ਵਿਅਕਤੀ ਚਯਨ ਗਰਗ ਹੈ, ਜਿਸਨੂੰ ਜੈਪੁਰ ਤੋਂ ਮੁੰਬਈ ਇੱਕ ਜ਼ਰੂਰੀ ਬਿਜਨਸ ਮੀਟਿੰਗ ਵਿੱਚ ਜਾਣਾ ਸੀ। ਉਹ ਸਵੇਰੇ 4.40 ਵਜੇ ਹਵਾਈ ਅੱਡੇ 'ਤੇ ਪਹੁੰਚਿਆ। ਸਿਕਿਊਰਿਟੀ ਚੈੱਕ ਵੀ ਸਵੇਰੇ 5.10 ਵਜੇ ਹੋ ਗਿਆ। ਹੁਣ ਤੱਕ ਸਭ ਕੁਝ ਠੀਕ ਸੀ। ਇਸ ਦੌਰਾਨ ਇੰਡੀਗੋ ਦੇ ਇੱਕ ਸਟਾਫ ਨੇ ਦੱਸਿਆ ਕਿ ਬੋਰਡਿੰਗ 10-15 ਮਿੰਟਾਂ ਵਿੱਚ ਸ਼ੁਰੂ ਹੋ ਜਾਵੇਗੀ।
ਇਹ ਸੁਣ ਕੇ, ਚਯਨ ਕੁਝ ਦੇਰ ਲਈ ਟਾਇਲਟ ਚਲਾ ਗਿਆ। ਜਦੋਂ ਉਹ 12 ਮਿੰਟ ਬਾਅਦ ਵਾਪਸ ਆਇਆ, ਤਾਂ ਉਸ ਨੇ ਦੇਖਿਆ ਕਿ ਬੋਰਡਿੰਗ ਬੰਦ ਹੋ ਗਈ ਸੀ ਅਤੇ ਫਲਾਈਟ ਰਵਾਨਾ ਹੋ ਗਈ ਸੀ। ਚਯਨ ਬਹੁਤ ਹੈਰਾਨ ਸੀ ਕਿਉਂਕਿ ਮੁੰਬਈ ਜਾਣ ਵਾਲੀ ਫਲਾਈਟ ਲਈ ਕੋਈ ਅਨਾਊਂਸਮੈਂਟ ਨਹੀਂ ਕੀਤੀ ਗਈ ਸੀ ਅਤੇ ਨਾ ਹੀ ਉਸਨੂੰ ਕੋਈ ਕਾਲ ਆਈ। ਇਸ 'ਤੇ ਸਫਾਈ ਦਿੰਦਿਆਂ ਹੋਇਆਂ ਸਟਾਫ ਨੇ ਦੱਸਿਆ ਕਿ ਜੈਪੁਰ ਹਵਾਈ ਅੱਡਾ ਇੱਕ 'ਸਾਈਲੈਂਟ ਏਅਰਪੋਰਟ' ਹੈ। ਇਸਦਾ ਮਤਲਬ ਹੈ ਕਿ ਉੱਥੇ ਉਡਾਣਾਂ ਲਈ ਅਨਾਊਂਸਮੈਂਟ ਨਹੀਂ ਕੀਤੀ ਜਾਂਦੀ। ਇਸ 'ਤੇ, ਚਯਨ ਨੇ ਕਿਹਾ ਕਿ ਉਨ੍ਹਾਂ ਨੇ ਦੇਹਰਾਦੂਨ ਜਾਣ ਵਾਲੀਆਂ ਫਲਾਈਟਸ ਲਈ ਅਨਾਊਂਸਮੈਂਟ ਸੁਣੀ ਹੈ।

ਚਯਨ ਲਈ ਮੁੰਬਈ ਜਾਣਾ ਬਹੁਤ ਜ਼ਰੂਰੀ ਸੀ। ਉਨ੍ਹਾਂ ਨੇ ਏਅਰਲਾਈਨ ਸਟਾਫ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਅਤੇ ਆਪਣੀ ਸਥਿਤੀ ਬਾਰੇ ਦੱਸਿਆ। ਪਰ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ। ਨਾ ਤਾਂ ਉਨ੍ਹਾਂ ਨੂੰ ਦੂਜੀ ਉਡਾਣ ਦੀ ਆਫਰ ਕੀਤੀ ਗਈ, ਨਾ ਹੀ ਉਨ੍ਹਾਂ ਨੂੰ ਰਿਫੰਡ ਦਿੱਤਾ ਗਿਆ, ਨਾ ਹੀ ਕੋਈ ਹਮਦਰਦੀ ਦਿਖਾਈ ਗਈ। ਬ੍ਰਾਂਡਿੰਗ ਕੰਸਲਟੈਂਟ ਚਯਨ ਨੇ ਲਿੰਕਡਇਨ 'ਤੇ ਕਿਹਾ ਕਿ ਇੰਡੀਗੋ ਦੀ ਇਸ ਲਾਪਰਵਾਹੀ ਕਾਰਨ, ਉਨ੍ਹਾਂ ਦਾ ਇੱਕ ਗਾਹਕ ਹੱਥੋਂ ਖੁੰਝ ਗਿਆ ਅਤੇ 2.65 ਲੱਖ ਰੁਪਏ ਦਾ ਨੁਕਸਾਨ ਹੋਇਆ।
ਇਸ 'ਤੇ, ਚਯਨ ਨੇ ਇੰਡੀਗੋ 'ਤੇ ਭੜਕਦਿਆਂ ਹੋਇਆਂ ਕਿਹਾ ਕਿ ਇਹ ਸਿਰਫ਼ ਇੱਕ ਫਲਾਈਟ ਮਿਸ ਹੋਣ ਦੀ ਗੱਲ ਨਹੀਂ ਹੈ, ਸਗੋਂ ਜਵਾਬਦੇਹੀ ਅਤੇ ਇਨਸਾਨੀਅਤ ਦੀ ਗੱਲ ਹੈ। ਚਯਨ ਨੇ ਇਹ ਵੀ ਲਿਖਿਆ ਹੈ, "ਕੀ ਇਹ ਭਾਰਤ ਦੀ ਨੰਬਰ ਇੱਕ ਏਅਰਲਾਈਨ ਦਾ ਕਸਟਮਰ ਸਰਵਿਸ ਮਾਡਲ ਹੈ? ਅਸੀਂ ਕਸਟਮਰ ਸਰਵਿਸ ਅਤੇ ਸਰਵਿਸ ਐਕਸੀਲੈਂਸ ਨੂੰ ਲੈਕੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਾਂ, ਪਰ ਜਦੋਂ ਇਸਦੀ ਅਸਲ ਵਿੱਚ ਲੋੜ ਹੁੰਦੀ ਹੈ, ਤਾਂ ਕੋਈ ਨਜ਼ਰ ਨਹੀਂ ਆਉਂਦਾ।" ਚਯਨ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਇਸ 'ਤੇ ਕਈ ਪ੍ਰਤੀਕਿਰਿਆਵਾਂ ਆ ਰਹੀਆਂ ਹਨ।






















