ਕੋਟਕ ਮਹਿੰਦਰਾ ਬੈਂਕ ਦੇ ਗਾਹਕਾਂ ਲਈ ਖ਼ਬਰ, ਹੁਣ ਇਨ੍ਹਾਂ ਗਲਤੀਆਂ ਦੇ ਦੇਣੇ ਪੈਣਗੇ ਪੈਸੇ
ਵੱਡੀ ਗਿਣਤੀ ਗ੍ਰਾਹਕ ਇਸ ਬੈਂਕ ਦੀਆਂ ਸੇਵਾਵਾਂ ਮਾਣਦੇ ਹਨ, ਪਰ ਹੁਣ ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਨਵਾਂ ਝਟਕਾ ਦਿੱਤਾ ਹੈ।
ਕੋਟਕ ਮਹਿੰਦਰਾ ਬੈਂਕ (Kotak Mahindra Bank) ਭਾਰਤ ਦਾ ਇਕ ਮਸ਼ਹੂਰ ਬੈਂਕ ਹੈ, ਜਿਸ ਦਾ ਹੈੱਡਕੁਆਟਰ ਮੁੰਬਈ ਵਿਚ ਹੈ ਤੇ ਦੇਸ਼ ਭਰ ਵਿਚ ਇਸ ਬੈਂਕ ਦੀਆਂ ਸ਼ਾਖਾਵਾਂ ਹਨ। ਵੱਡੀ ਗਿਣਤੀ ਗ੍ਰਾਹਕ ਇਸ ਬੈਂਕ ਦੀਆਂ ਸੇਵਾਵਾਂ ਮਾਣਦੇ ਹਨ, ਪਰ ਹੁਣ ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਨਵਾਂ ਝਟਕਾ ਦਿੱਤਾ ਹੈ।
ਅਸਲ ਵਿਚ ਹਰ ਬੈਂਕ ਹੀ ਆਪਣੀਆਂ ਸੇਵਾਵਾਂ ਬਦਲੇ ਕੁਝ ਰਾਸ਼ੀ ਚਾਰਜ ਕਰਦਾ ਹੈ ਤੇ ਬੈਕਿੰਗ ਦੀ ਸੁਵਿਧਾ ਨੂੰ ਕੁਝ ਨਿਯਮਾਂ ਵਿਚ ਬੰਨ੍ਹਦਾ ਹੈ। ਇਸ ਬੈਂਕ ਨੇ ਆਪਣੀਆਂ ਬੈਂਕਿੰਗ ਸੇਵਾਵਾਂ ਤੇ ਉਹਨਾਂ ਦੇ ਕੁਝ ਚਾਰਜਾਂ ਵਿਚ ਤਬਦੀਲੀ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਬਦਲਾਅ ਸੇਵਿੰਗ ਖਾਤੇ ਵਿਚ ਘੱਟ ਤੋਂ ਘੱਟ ਰਾਸ਼ੀ ਦੇ ਚਾਰਜ, ਫ੍ਰੀ ਟ੍ਰਾਂਜੈਕਸ਼ਨ ਲਿਮਟ, ਏਟੀਐੱਮ ਲਿਮਟ, ਚੈੱਕਬੁੱਕ ਲਿਮਟ ਆਦਿ ਦੇ ਮਾਮਲੇ ਵਿਚ ਲਗਾਏ ਗਏ ਹਨ, ਆਓ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸੀਏ -
ਸੇਵਿੰਗ ਖਾਤਾ ਲਿਮਿਟ
ਕੋਟਕ ਮਹਿੰਦਰਾ ਬੈਂਕ ਵੱਲੋਂ ਰੋਜ਼ਾਨਾ ਸੇਵਿੰਗ ਖਾਤੇ ਵਿਚ ਔਸਤ ਬੈਲੇਂਸ ਮੈਨਟੇਨ ਰੱਖਣ ਦੀ ਲਿਮਿਟ ਬਦਲ ਦਿੱਤੀ ਗਈ ਹੈ। ਬੈਂਕ ਨੇ ਇਹ ਬਦਲਾਅ ਮੈਟਰੋ ਤੇ ਸ਼ਹਿਰੀ ਖੇਤਰ ਲਈ 20,000 ਤੋਂ ਘਟਾ ਕੇ 15,000 ਕਰ ਦਿੱਤੇ ਹਨ। ਇਸੇ ਤਰ੍ਹਾਂ ਸੈਮੀ ਅਰਬਨ ਲਈ 10 ਹਜ਼ਾਰ ਤੋਂ 5 ਹਜ਼ਾਰ, ਪੇਂਡੂ ਖੇਤਰ ਦੇ ਬੈਂਕਾਂ ਵਿਚਲੇੇ ਖਾਤਿਆਂ ਲਈ 5000 ਤੋਂ 2500 ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਸੰਕਲਪ ਸੇਵਿੰਗ ਅਕਾਊਂਟ ਦੇ ਸੰਬੰਧ ਵਿਚ ਸੈਮੀ ਅਰਬਨ ਤੇ ਪੇਂਡੂ ਖੇਤਰਾਂ ਦੀ ਲਿਮਿਟ 2500 ਰੁਪਏ ਹੈ।
ਕੈਸ਼ ਟ੍ਰਾਂਜੈਕਸ਼ਨ ਲਿਮਿਟ
ਬੈਂਕ ਵੱਲੋਂ ਰੋਜ਼ਾਨਾ ਸੇਵਿੰਗ ਖਾਤਾ, ਸੈਲਰੀ ਖਾਤਾ, ਪ੍ਰੋ ਸੇਵਿੰਗ ਤੇ ਕਲਾਸਿਕ ਸੇਵਿੰਗ ਖਾਤਿਆਂ ਲਈ ਫ੍ਰੀ ਕੈਸ਼ ਟ੍ਰਾਂਜੈਕਸ਼ਨ ਲਿਮਿਟ 10 ਟ੍ਰਾਂਜੈਕਸ਼ਨ ਜਾਂ 5 ਲੱਖ ਹੱਦ ਤੋਂ ਘਟਾ ਕੇ 5 ਫ੍ਰੀ ਟ੍ਰਾਂਜੈਕਸ਼ਨ ਜਾਂ 2 ਲੱਖ ਤੱਕ ਸੀਮਿਤ ਕਰ ਦਿੱਤੀ ਗਈ ਹੈ। ਸੋਲੋ ਸੇਵਿੰਗ ਖਾਤੇ ਦੀ ਲਿਮਿਟ 2 ਫ੍ਰੀ ਟ੍ਰਾਂਜੈਕਸ਼ਨ ਜਾਂ 1 ਲੱਖ ਹੱਦ ਤੋਂ ਘਟਾ ਕੇ 1 ਫ੍ਰੀ ਟ੍ਰਾਂਜੈਕਸ਼ਨ ਜਾਂ 10 ਹਜ਼ਾਰ ਹੱਦ ਤੱਕ ਕਰ ਦਿੱਤੀ ਗਈ ਹੈ।
ਏਟੀਐੱਮ ਫ੍ਰੀ ਟ੍ਰਾਂਜੈਕਸ਼ਨ ਲਿਮਿਟ
ਏਟੀਐੱਮ ਤੋਂ ਪੈਸੇ ਕਢਵਾਉਣ ਦੀ ਫ੍ਰੀ ਟ੍ਰਾਂਜੈਕਸ਼ਨਾਂ ਦੀ ਲਿਮਿਟ ਕੋਟਮ ਏਟੀਐੱਮ ਤੋਂ 7 ਵਾਰ ਅਤੇ ਕਿਸੇ ਹੋਰ ਬੈਂਕ ਦੇ ਏਟੀਐੱਮ ਤੋਂ ਵੀ 7 ਵਾਰ ਹੈ। ਤੁਹਾਡੇ ਖਾਤੇ ਦੀ ਕਿਸਮ ਦੈਨਿਕ ਵੇਤਨ ਅਤੇ ਏਜ ਸੈਲਰੀ ਹੈ ਤਾਂ ਤੁਹਾਡੇ ਲਈ ਕੋਟਕ ਏਟੀਐੱਮ ਤੋਂ ਪੈਸੇ ਕਢਵਾਉਣ ਦੀ ਫ੍ਰੀ ਲਿਮਿਟ 10 ਟ੍ਰਾਜੈਕਸ਼ਨਾਂ ਅਤੇ ਹੋਰ ਕਿਸੇ ਬੈਂਕ ਏਟੀਐੱਮ ਤੋਂ ਅਨਲਿਮਿਟਡ ਹੈ।
ਟਰਾਂਜੈਕਸ਼ਨ ਫੀਸ
ਜੇਕਰ ਤੁਹਾਡੇ ਖਾਤੇ ਵਿਚੋਂ ਕੀਤੀ ਜਾਣ ਵਾਲੀ ਕੋਈ ਟਰਾਂਜੈਕਸ਼ਨ ਫੇਲ੍ਹ ਹੋ ਜਾਂਦੀ ਹੈ ਤਾਂ ਇਸ ਲਈ ਫੀਸ ਲੱਗੇਗੀ ਜੋ ਕਿ ਪ੍ਰਤੀ ਟਰਾਂਜੈਕਸ਼ਨ ਫੇਲ੍ਹ 200 ਰੁਪਏ ਹੋਵੇਗੀ। ਤੁਹਾਡੇ ਖਾਤੇ ਵਿਚ ਪੈਸੇ ਘੱਟ ਹੋਣ ਦੀ ਵਜ੍ਹਾ ਨਾਲ ਟ੍ਰਾਂਜੈਕਸ਼ਨ ਫੇਲ੍ਹ ਹੁੰਦੀ ਹੈ ਤਾਂ ਇਕ ਵਾਰ ਦੇ 25 ਰੁਪਏ ਕੱਟੇ ਜਾਣਗੇ। ਇਸ ਤੋਂ ਸਿਵਾ ਜੇਕਰ ਤੁਹਾਡੇ ਖਾਤੇ ਵਿਚੋਂ ਪ੍ਰਤੀ ਮਹੀਨੇ 5 ਤੋਂ ਵੱਧ ਫੰਡ ਟਰਾਂਸਫਰ ਹੁੰਦੇ ਹਨ ਤਾਂ ਇਸ ਦਾ ਵੀ ਚਾਰਜ ਲੱਗੇਗਾ।