ਸਾਵਧਾਨ! ਤਿਉਹਾਰਾਂ ਦੇ ਸੀਜ਼ਨ 'ਚ ਆਨਲਾਈਨ ਫੂਡ ਆਰਡਰ ਕਰਨਾ ਹੋਇਆ ਮਹਿੰਗਾ, Zomato-Swiggy ਨੇ ਪਲੇਟਫਾਰਮ ਫੀਸਾਂ 'ਚ ਕੀਤਾ ਵਾਧਾ
ਜੇਕਰ ਤੁਸੀਂ ਵੀ ਤਿਉਹਾਰਾਂ ਦੇ ਸੀਜ਼ਨ 'ਚ ਆਨਲਾਈਨ ਫੂਡ ਆਰਡਰ ਕਰਨਾ ਬਾਰੇ ਸੋਚ ਰਹੇ ਤਾਂ ਆਲਰਟ ਹੋ ਜਾਓ। ਜੀ ਹਾਂ Zomato-Swiggy ਨੇ ਪਲੇਟਫਾਰਮ ਫੀਸਾਂ 'ਚ ਚੰਗਾ ਤਕੜਾ ਵਾਧਾ ਕਰ ਦਿੱਤਾ ਹੈ। ਜਿਸ ਦਾ ਅਸਰ ਤੁਹਾਡੀ ਜੇਬ ਉੱਤੇ ਪਵੇਗਾ।
Zomato-Swiggy Platform Fees: ਬਹੁਤ ਸਾਰੇ ਲੋਕ ਅਕਸਰ ਹੀ ਆਨਲਾਈਨ ਫੂਡ ਆਰਡਰ ਕਰਦੇ ਰਹਿੰਦੇ ਹਨ। ਜਦੋਂ ਵੀ ਘਰ 'ਚ ਕੁੱਝ ਮਹਿਮਾਨ ਆ ਜਾਣ, ਜਾਂ ਚਾਰ ਦੋਸਤ ਇਕੱਠੇ ਹੋ ਜਾਣ ਤਾਂ ਆਨਲਾਈਨ ਫੂਡ ਮੰਗਵਾਉਣ ਨੂੰ ਤਰਜੀ ਦਿੰਦੇ ਹਨ। ਪਰ ਜੇਕਰ ਤੁਸੀਂ ਵੀ ਇਸ ਵਾਰ ਦੀਵਾਲੀ ਮੌਕੇ ਆਨਲਾਈਨ ਕੋਈ ਡਿਸ਼ ਮੰਗਵਾਉਣ ਬਾਰੇ ਸੋਚ ਰਹੇ ਤਾਂ ਤੁਹਾਨੂੰ ਜੇਬ ਕੁੱਝ ਹੋਰ ਢਿੱਲੀ ਕਰਨੀ ਪਏਗੀ। ਹੁਣ ਤੁਹਾਨੂੰ ਤਿਉਹਾਰਾਂ ਦੇ ਸੀਜ਼ਨ 'ਚ ਆਨਲਾਈਨ ਭੋਜਨ ਆਰਡਰ ਕਰਨ ਲਈ ਜ਼ਿਆਦਾ ਪਲੇਟਫਾਰਮ ਫੀਸ ਅਦਾ ਕਰਨੀ ਪਵੇਗੀ। ਫੂਡ ਡਿਲੀਵਰੀ ਪਲੇਟਫਾਰਮ ਕੰਪਨੀਆਂ Zomato ਅਤੇ Swiggy ਨੇ ਪਲੇਟਫਾਰਮ ਫੀਸ ਵਧਾ ਕੇ 10 ਰੁਪਏ ਪ੍ਰਤੀ ਆਰਡਰ ਕਰ ਦਿੱਤੀ ਹੈ। ਸਭ ਤੋਂ ਪਹਿਲਾਂ Zomato ਨੇ ਪਲੇਟਫਾਰਮ ਫੀਸ ਵਧਾਉਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ Swiggy ਨੇ ਪਲੇਟਫਾਰਮ ਫੀਸ ਵੀ ਵਧਾ ਦਿੱਤੀ ਹੈ।
ਬੁੱਧਵਾਰ, 23 ਅਕਤੂਬਰ ਨੂੰ, ਸਟਾਕ ਐਕਸਚੇਂਜ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਆਨਲਾਈਨ ਫੂਡ ਡਿਲੀਵਰੀ ਵਿੱਚ ਵਾਧੇ ਤੋਂ ਬਾਅਦ ਪਲੇਟਫਾਰਮ ਫੀਸ ਵਿੱਚ 10 ਰੁਪਏ ਦਾ ਵਾਧਾ ਕਰਨ ਦੀਆਂ ਮੀਡੀਆ ਰਿਪੋਰਟਾਂ ਬਾਰੇ ਜ਼ੋਮੈਟੋ ਤੋਂ ਸਪੱਸ਼ਟੀਕਰਨ ਮੰਗਿਆ ਸੀ। ਕਿਉਂਕਿ ਜ਼ੋਮੈਟੋ ਇੱਕ ਸੂਚੀਬੱਧ ਕੰਪਨੀ ਹੈ, ਇਸ ਲਈ ਉਸ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ। ਵੀਰਵਾਰ, 24 ਅਕਤੂਬਰ, 2024 ਨੂੰ, ਜ਼ੋਮੈਟੋ ਨੇ ਸਟਾਕ ਐਕਸਚੇਂਜ ਕੋਲ ਦਾਇਰ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ, ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਅਫਵਾਹ ਨਹੀਂ ਹੈ। ਕਿਉਂਕਿ ਮੀਡੀਆ ਵਿੱਚ ਖਬਰਾਂ ਦੇ ਸਰੋਤ ਵਜੋਂ ਸਿਰਫ Zomato ਮੋਬਾਈਲ ਐਪ ਦਾ ਹਵਾਲਾ ਦਿੱਤਾ ਗਿਆ ਹੈ, ਜੋ ਜਨਤਕ ਤੌਰ 'ਤੇ ਉਪਲਬਧ ਹੈ ਅਤੇ ਕੋਈ ਵੀ ਇਸਨੂੰ ਦੇਖ ਸਕਦਾ ਹੈ।
Zomato ਨੇ ਕਿਹਾ ਕਿ, ਅਸੀਂ ਬੁੱਧਵਾਰ 23 ਅਕਤੂਬਰ ਨੂੰ ਕੁਝ ਸ਼ਹਿਰਾਂ ਵਿੱਚ ਪਲੇਟਫਾਰਮ ਫੀਸ ਵਧਾ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਅਜਿਹੇ ਬਦਲਾਅ ਰੁਟੀਨ ਕਾਰੋਬਾਰ ਦਾ ਮਾਮਲਾ ਹੈ ਅਤੇ ਕੰਪਨੀ ਸਮੇਂ-ਸਮੇਂ 'ਤੇ ਅਜਿਹੇ ਫੈਸਲੇ ਲੈਂਦੀ ਹੈ। ਕੰਪਨੀ ਨੇ ਕਿਹਾ ਕਿ ਪਲੇਟਫਾਰਮ ਫੀਸ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਵੱਖ-ਵੱਖ ਹੋ ਸਕਦੀ ਹੈ।
ਜਦੋਂ ਕਿ ਪਹਿਲਾਂ Zomato ਪ੍ਰਤੀ ਆਰਡਰ 6 ਰੁਪਏ ਪਲੇਟਫਾਰਮ ਫੀਸ ਲੈ ਰਿਹਾ ਸੀ, ਹੁਣ ਕੰਪਨੀ ਨੇ ਇਸ ਨੂੰ ਵਧਾ ਕੇ 10 ਰੁਪਏ ਪ੍ਰਤੀ ਆਰਡਰ ਕਰ ਦਿੱਤਾ ਹੈ। Swiggy ਪਹਿਲਾਂ ਪਲੇਟਫਾਰਮ ਫੀਸ ਵਜੋਂ 7 ਰੁਪਏ ਲੈ ਰਹੀ ਸੀ, ਜਿਸ ਨੂੰ ਕੰਪਨੀ ਨੇ ਵਧਾ ਕੇ 10 ਰੁਪਏ ਪ੍ਰਤੀ ਆਰਡਰ ਕਰ ਦਿੱਤਾ ਹੈ। ਜ਼ੋਮੈਟੋ ਨੇ ਕਿਹਾ ਕਿ ਪਲੇਟਫਾਰਮ ਫੀਸ ਵਿੱਚ ਵਾਧਾ ਇੱਕ ਫੌਰੀ ਫੈਸਲਾ ਹੈ। ਜਿਸ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਆਰਡਰਾਂ ਵਿੱਚ ਵਾਧੇ ਦਾ ਪ੍ਰਬੰਧ ਕਰਨ ਲਈ ਲਿਆ ਗਿਆ ਹੈ। ਕੰਪਨੀ ਨੇ ਕਿਹਾ, ਇਹ ਫੀਸ ਜ਼ੋਮੈਟੋ ਨੂੰ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਮਦਦ ਕਰੇਗੀ।