Petrol Diesel Price: ਕੋਰੋਨਾ ਕਾਲ ’ਚ ਪੈਟਰੋਲ ਦਾ ਸੈਂਕੜਾ, ਅਪ੍ਰੈਲ 2020 ਮਗਰੋਂ 32.25 ਰੁਪਏ ਮਹਿੰਗਾ
ਪਿਛਲੇ 14 ਦਿਨਾਂ ਤੋਂ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ। ਜਦਕਿ, ਇਸ ਤੋਂ ਪਹਿਲਾਂ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਪਗ ਰੋਜ਼ਾਨਾ ਵਧ ਰਹੀਆਂ ਸਨ।
ਨਵੀਂ ਦਿੱਲੀ, Petrol-Diesel Price: ਪਿਛਲੇ 14 ਦਿਨਾਂ ਤੋਂ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ। ਜਦਕਿ, ਇਸ ਤੋਂ ਪਹਿਲਾਂ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਪਗ ਰੋਜ਼ਾਨਾ ਵਧ ਰਹੀਆਂ ਸਨ। ਰਾਸ਼ਟਰੀ ਰਾਜਧਾਨੀ 'ਚ ਦਿੱਲੀ 'ਚ ਇਸ ਵੇਲੇ ਪੈਟਰੋਲ ਦੀ ਕੀਮਤ 101 ਰੁਪਏ 84 ਪੈਸੇ ਹੈ। ਇਸ ਦੇ ਨਾਲ ਹੀ ਇੱਕ ਲਿਟਰ ਡੀਜ਼ਲ ਦੀ ਕੀਮਤ 89 ਰੁਪਏ 87 ਪੈਸੇ ਹੈ।
ਜੁਲਾਈ ਵਿੱਚ ਕਿੰਨੀਆਂ ਵਧੀਆਂ ਕੀਮਤਾਂ?
30 ਜੂਨ, 2021 ਨੂੰ ਦਿੱਲੀ ਵਿੱਚ ਇੱਕ ਲਿਟਰ ਪੈਟਰੋਲ ਦੀ ਕੀਮਤ 98 ਰੁਪਏ 81 ਪੈਸੇ ਸੀ, ਜਦੋਂਕਿ ਇੱਕ ਲਿਟਰ ਡੀਜ਼ਲ ਦੀ ਕੀਮਤ 89 ਰੁਪਏ 18 ਪੈਸੇ ਸੀ। ਯਾਨੀ ਜੁਲਾਈ ਮਹੀਨੇ ਵਿੱਚ ਇੱਕ ਲਿਟਰ ਪੈਟਰੋਲ ਦੀ ਕੀਮਤ ਵਿੱਚ 3.03 ਰੁਪਏ ਦਾ ਵਾਧਾ ਹੋਇਆ ਹੈ, ਜਦੋਂਕਿ ਇੱਕ ਲਿਟਰ ਡੀਜ਼ਲ 69 ਪੈਸੇ ਮਹਿੰਗਾ ਹੋ ਗਿਆ ਹੈ।
ਕੋਰੋਨਾ ਦੇ ਸਮੇਂ ਦੌਰਾਨ ਪੈਟਰੋਲ ਨੇ ਲਾਇਆ ਸੈਂਕੜਾ
ਦੇਸ਼ ਵਿੱਚ ਦਿਨੋ ਦਿਨ ਵਧ ਰਹੀ ਮਹਿੰਗਾਈ ਕਾਰਣ ਆਮ ਆਦਮੀ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਜਨਤਾ ਪਹਿਲਾਂ ਹੀ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਇਸ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਦਾ ਸਾਹਮਣਾ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਵੀ ਲੋਕਾਂ ਦਾ ਜੀਵਨ ਮੁਸ਼ਕਲ ਬਣਾ ਦਿੱਤਾ ਹੈ। ਇਸ ਦੌਰਾਨ ਇਤਿਹਾਸ ਵਿੱਚ ਪਹਿਲੀ ਵਾਰ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ।
ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਪੈਟਰੋਲ ਦੀਆਂ ਕੀਮਤਾਂ ਪਹਿਲੀ ਵਾਰ 29 ਮਈ ਨੂੰ 100 ਰੁਪਏ ਨੂੰ ਪਾਰ ਕਰ ਗਈਆਂ ਸਨ। ਇਸ ਵੇਲੇ ਮੁੰਬਈ ਵਿੱਚ ਇੱਕ ਲਿਟਰ ਪੈਟਰੋਲ ਦੀ ਕੀਮਤ 107 ਰੁਪਏ 83 ਪੈਸੇ ਹੈ। ਇਸ ਦੇ ਨਾਲ ਹੀ, ਸ਼ਹਿਰ ਵਿੱਚ ਡੀਜ਼ਲ ਦੀ ਕੀਮਤ 97.45 ਰੁਪਏ ਹੈ, ਜੋ ਮਹਾਨਗਰਾਂ ਵਿੱਚ ਸਭ ਤੋਂ ਵੱਧ ਹੈ। ਹਾਲਾਂਕਿ, ਹੁਣ ਸਾਰੇ ਮਹਾਨਗਰਾਂ ਵਿੱਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲਿਟਰ ਦੇ ਅੰਕੜੇ ਨੂੰ ਪਾਰ ਕਰ ਗਈਆਂ ਹਨ।
ਅਪ੍ਰੈਲ 2020 ਤੋਂ ਪੈਟਰੋਲ ਹੋਇਆ 32.25 ਰੁਪਏ ਮਹਿੰਗਾ
ਮਹੱਤਵਪੂਰਨ ਗੱਲ ਇਹ ਹੈ ਕਿ ਅਪ੍ਰੈਲ 2020 ਤੋਂ ਦਿੱਲੀ ਵਿੱਚ ਪੈਟਰੋਲ ਦੀਆਂ ਕੀਮਤਾਂ 69.59 ਰੁਪਏ ਪ੍ਰਤੀ ਲਿਟਰ ਤੋਂ 32.25 ਰੁਪਏ ਪ੍ਰਤੀ ਲਿਟਰ ਵਧ ਕੇ 101.84 ਰੁਪਏ ਪ੍ਰਤੀ ਲਿਟਰ ਹੋ ਗਈਆਂ ਹਨ। ਇਸੇ ਤਰ੍ਹਾਂ ਇਸ ਸਮੇਂ ਦੌਰਾਨ ਰਾਸ਼ਟਰੀ ਰਾਜਧਾਨੀ ਵਿੱਚ ਡੀਜ਼ਲ ਦੀਆਂ ਕੀਮਤਾਂ 62.29 ਰੁਪਏ ਤੋਂ ਵਧ ਕੇ 89.87 ਰੁਪਏ ਪ੍ਰਤੀ ਲਿਟਰ ਹੋ ਗਈਆਂ ਹਨ। ਯਾਨੀ ਇਸ ਸਮੇਂ ਦੌਰਾਨ ਡੀਜ਼ਲ 27.58 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ।
ਹੁਣ ਕੀਮਤਾਂ ਕਿਉਂ ਨਹੀਂ ਵਧ ਰਹੀਆਂ?
ਇਸ ਠਹਿਰਾ ਦਾ ਇੱਕ ਮੁੱਖ ਕਾਰਨ ਵਿਸ਼ਵ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ 10 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਰਹੀ ਹੈ। ਕੁਝ ਹਫਤੇ ਪਹਿਲਾਂ ਬੈਂਚਮਾਰਕ ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ ਤੋਂ $69 ਪ੍ਰਤੀ ਬੈਰਲ ਸੀ। ਮਜ਼ਬੂਤ ਮੰਗ ਦੇ ਅਨੁਮਾਨਾਂ ਨਾਲ, ਇਹ ਦੁਬਾਰਾ ਵੱਧ ਕੇ $75 ਪ੍ਰਤੀ ਬੈਰਲ ਦੇ ਨੇੜੇ ਪਹੁੰਚ ਸਕਦਾ ਹੈ।