Rapido 'ਤੇ ਸਫਰ ਕਰਨਾ ਹੋਇਆ ਮਹਿੰਗਾ, ਰਸਤੇ 'ਚ ਜਾਮ ਲੱਗਿਆ ਤਾਂ ਗਾਹਕ ਦੀ ਜੇਬ 'ਚੋਂ ਕੱਟੇ ਜਾਣਗੇ ਹਰ ਮਿੰਟ ਦੇ ਪੈਸੇ
Rapido Traffic Charge: ਲੋਕਾਂ ਦਾ ਕਹਿਣਾ ਹੈ ਕਿ ਹੁਣ ਰੈਪਿਡੋ ਉਨ੍ਹਾਂ ਹਾਲਤਾਂ ਵਿੱਚ ਪੈਸੇ ਕਮਾਵੇਗਾ, ਜਿਹੜੇ ਉਸ ਦੇ ਹੱਥ ਵਿੱਚ ਹੀ ਨਹੀਂ ਹੈ। ਜੇਕਰ ਜਾਮ ਲੱਗਦਾ ਹੈ ਤਾਂ ਉਸ ਲਈ ਗਾਹਕ ਜ਼ਿੰਮੇਵਾਰ ਨਹੀਂ ਹੈ।

Rapido Traffic Charge: ਰਾਈਡ ਹੇਲਿੰਗ ਰੈਪਿਡੋ (Rapido) ਨੇ ਇੱਕ ਨਵਾਂ ਚਾਰਜ ਸਿਸਟਮ ਸ਼ੁਰੂ ਕੀਤਾ ਹੈ, ਜਿਸ ਨਾਲ ਯਾਤਰੀਆਂ ਹੈਰਾਨ ਹੋ ਗਏ ਹਨ। ਹੁਣ ਜੇਕਰ ਤੁਸੀਂ ਰੈਪਿਡੋ 'ਤੇ ਕਿਤੇ ਜਾ ਰਹੇ ਹੋ ਅਤੇ ਰਸਤੇ ਵਿੱਚ ਜਾਮ ਲੱਗ ਗਿਆ ਹੈ ਤਾਂ ਇਸ ਦਾ ਖਰਚਾ ਵੀ ਤੁਹਾਡੀ ਜੇਬ੍ਹ 'ਚੋਂ ਲਿਆ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਜਾਮ ਵਿੱਚ 10 ਮਿੰਟ ਤੋਂ ਵੱਧ ਲੱਗਦੇ ਹਨ ਤਾਂ ਪ੍ਰਤੀ ਮਿੰਟ 0.50 ਰੁਪਏ ਦੇ ਹਿਸਾਬ ਨਾਲ ਪੈਸੇ ਲਏ ਜਾਣਗੇ, ਜਿਸਦੀ ਵੱਧ ਤੋਂ ਵੱਧ ਸੀਮਾ 30 ਰੁਪਏ ਨਿਰਧਾਰਤ ਕੀਤੀ ਗਈ ਹੈ।
ਇਸ ਫੈਸਲੇ ਨੂੰ ਲੈਕੇ ਬੈਂਗਲੁਰੂ ਦੇ ਲੋਕਾਂ ਵਿੱਚ ਨਾਰਾਜ਼ਗੀ ਹੈ। ਬਹੁਤ ਸਾਰੇ ਗਾਹਕਾਂ ਨੇ ਇਸ ਨਿਯਮ ਨੂੰ "ਅਨਿਆਂਪੂਰਨ" ਅਤੇ "ਸ਼ੋਸ਼ਣਕਾਰੀ" ਕਿਹਾ ਹੈ। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਜੇਕਰ ਟ੍ਰੈਫਿਕ ਤੁਹਾਡੇ ਹੱਥ ਵਿੱਚ ਨਹੀਂ ਹੈ ਤਾਂ ਉਸ ਦਾ ਖਰਚਾ ਉਨ੍ਹਾਂ ਤੋਂ ਕਿਉਂ ਲਿਆ ਜਾ ਰਿਹਾ ਹੈ?
ਦ ਹਿੰਦੂ ਨਾਲ ਗੱਲ ਕਰਦਿਆਂ ਹੋਇਆਂ ਹੇਬਲ ਦੀ ਰਹਿਣ ਵਾਲੀ ਪਵਿੱਤਰਾ ਰਾਓ ਨੇ ਕਿਹਾ ਕਿ ਉਸ ਨੇ ਪਹਿਲਾਂ ਹੀ 40 ਰੁਪਏ ਟਿਪ ਦੇ ਦਿੱਤੇ ਸਨ, ਪਰ ਫਿਰ ਵੀ ਟ੍ਰੈਫਿਕ ਕਾਰਨ ਉਸਨੂੰ ਵਾਧੂ ਪੈਸੇ ਦੇਣੇ ਪਏ। ਉਸ ਨੇ ਕਿਹਾ, "ਡਰਾਈਵਰ ਨੂੰ ਉਸਦੀ ਮਜ਼ਦੂਰੀ ਮਿਲਣੀ ਚਾਹੀਦੀ ਹੈ, ਪਰ ਕਿਸੇ ਅਜਿਹੀ ਚੀਜ਼ ਲਈ ਪੈਸੇ ਵਸੂਲਣਾ ਜੋ ਯਾਤਰੀ ਦੇ ਨਿਯੰਤਰਣ ਤੋਂ ਬਾਹਰ ਹੈ, ਉਹ ਗਲਤ ਹੈ। ਇਹ ਸਿੱਧਾ ਜਬਰੀ ਵਸੂਲੀ ਵਰਗਾ ਜਾਪਦਾ ਹੈ।"
ਹਾਲ ਹੀ ਵਿੱਚ, ਰੈਪਿਡੋ 'ਤੇ ਟਿਪਿੰਗ ਨੂੰ ਲੈਕੇ ਵੀ ਸਵਾਲ ਚੁੱਕੇ ਗਏ ਸਨ, ਜਦੋਂ ਕੰਪਨੀ ਨੇ ਰਾਈਡ ਬੁੱਕ ਕਰਨ ਵੇਲੇ 'ਐਡ ਟਿਪ' ਦਾ ਵਿਕਲਪ ਦੇਣਾ ਸ਼ੁਰੂ ਕੀਤਾ ਸੀ। ਇਸ ਬਾਰੇ, ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ 21 ਮਈ ਨੂੰ CCPA (ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ) ਵਲੋਂ ਜਾਂਚ ਦੇ ਆਦੇਸ਼ ਦਿੱਤੇ ਸਨ। ਇਸ ਤੋਂ ਬਾਅਦ, ਰੈਪਿਡੋ, ਓਲਾ ਅਤੇ ਉਬੇਰ ਨੇ ਭਾਸ਼ਾ ਨੂੰ "Add more (voluntary)" ਵਿੱਚ ਬਦਲ ਦਿੱਤਾ, ਪਰ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਅਨੁਭਵ ਅਜੇ ਵੀ ਉਹੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਇਹ ਪਲੇਟਫਾਰਮ ਹੁਣ ਅਜਿਹੀਆਂ ਸਥਿਤੀਆਂ ਤੋਂ ਪੈਸਾ ਕਮਾ ਰਹੇ ਹਨ ਜੋ ਗਾਹਕ ਦੇ ਹੱਥ ਵਿੱਚ ਨਹੀਂ ਹਨ। ਇਹ ਤਾਂ ਸਿੱਧਾ-ਸਿੱਧਾ ਭਰੋਸਾ ਖਤਮ ਕਰਨ ਵਾਲੀ ਗੱਲ ਹੈ।






















