RBI ਨੇ ਰੱਦ ਕੀਤਾ ਇਸ ਬੈਂਕ ਦਾ ਲਾਇਸੈਂਸ, ਮੱਚੀ ਤਰਥੱਲੀ...ਖੁਦ ਦੇ ਪੈਸੇ ਲਈ ਤਰਸੇ ਗਾਹਕ – ਜਾਣੋ ਅੱਗੇ ਕੀ ਹੋਵੇਗਾ?
RBI ਵੱਲੋਂ ਇਸ ਕੋ-ਆਪਰੇਟਿਵ ਬੈਂਕ ਉੱਤੇ ਸਖਤੀ ਦਿਖਾਉਂਦੇ ਹੋਏ ਇਸ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। RBI ਵੱਲੋਂ ਇਹ ਸਖਤ ਕਦਮ ਇਸ ਲਈ ਚੁੱਕਿਆ ਗਿਆ ਕਿਉਂਕਿ ਬੈਂਕ ਕੋਲ ਨਾ ਤਾਂ ਲਾਜ਼ਮੀ ਪੂੰਜੀ ਸੀ ਅਤੇ ਨਾ ਹੀ ਕਮਾਈ ਕਰਨ ਦੀ ਕੋਈ ਸੰਭਾਵਨਾ।

ਭਾਰਤੀ ਰਿਜ਼ਰਵ ਬੈਂਕ (RBI) ਨੇ ਕਰਨਾਟਕ ਦੇ ਕਾਰਵਾਰ ਅਰਬਨ ਕੋ-ਆਪਰੇਟਿਵ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। RBI ਵੱਲੋਂ ਇਹ ਸਖਤ ਕਦਮ ਇਸ ਲਈ ਚੁੱਕਿਆ ਗਿਆ ਕਿਉਂਕਿ ਬੈਂਕ ਕੋਲ ਨਾ ਤਾਂ ਲਾਜ਼ਮੀ ਪੂੰਜੀ ਸੀ ਅਤੇ ਨਾ ਹੀ ਕਮਾਈ ਕਰਨ ਦੀ ਕੋਈ ਸੰਭਾਵਨਾ। ਬੈਂਕ ਦੀ ਮੌਜੂਦਾ ਆਰਥਿਕ ਹਾਲਤ ਨੂੰ ਦੇਖਦਿਆਂ, RBI ਨੇ ਹੁਕਮ ਦਿੱਤਾ ਹੈ ਕਿ 23 ਜੁਲਾਈ 2025 ਤੋਂ ਬੈਂਕ ਦੀਆਂ ਸਾਰੀਆਂ ਬੈਂਕਿੰਗ ਸਰਗਰਮੀਆਂ ਨੂੰ ਬੰਦ ਕੀਤਾ ਜਾਵੇ। ਇਸ ਫ਼ੈਸਲੇ ਤੋਂ ਬਾਅਦ, ਕਾਰਵਾਰ ਅਰਬਨ ਕੋ-ਆਪਰੇਟਿਵ ਬੈਂਕ ਦੇ ਗਾਹਕ ਹੁਣ ਨਾ ਤਾਂ ਆਪਣੇ ਖਾਤਿਆਂ ‘ਚ ਪੈਸੇ ਜਮ੍ਹਾਂ ਕਰ ਸਕਣਗੇ ਤੇ ਨਾ ਹੀ ਕੱਢ ਸਕਣਗੇ।
ਪੂਰੀ ਰਕਮ ਮਿਲੇਗੀ
RBI ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ "ਕਰਨਾਟਕ ਦੇ ਸਹਿਕਾਰੀ ਸਮਿਤੀਆਂ ਦੇ ਰਜਿਸਟ੍ਰਾਰ" ਕੋਲੋਂ ਬੈਂਕ ਨੂੰ ਬੰਦ ਕਰਨ ਅਤੇ ਇੱਕ ਲਿਕਵਿਡੇਟਰ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਲਿਕਵਿਡੇਸ਼ਨ ਦੀ ਪ੍ਰਕਿਰਿਆ ਦੇ ਤਹਿਤ, ਹਰ ਜਮਾਕਰਤਾ ਨੂੰ 'ਡਿਪਾਜ਼ਿਟ ਇਨਸ਼ੋਰੈਂਸ ਐਂਡ ਕਰੈਡਿਟ ਗਾਰੰਟੀ ਕਾਰਪੋਰੇਸ਼ਨ' (DICGC) ਵਲੋਂ ਆਪਣੀ ਜਮ੍ਹਾਂ ਰਕਮ 'ਤੇ 5 ਲੱਖ ਰੁਪਏ ਤੱਕ ਦਾ ਬੀਮਾ ਕਲੈਮ ਮਿਲੇਗਾ।
ਬੈਂਕ ਵਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ, ਕਾਰਵਾਰ ਅਰਬਨ ਕੋ-ਆਪਰੇਟਿਵ ਬੈਂਕ ਦੇ 92.9% ਜਮਾਕਰਤਾਵਾਂ ਦੇ ਖਾਤਿਆਂ ਵਿੱਚ 5 ਲੱਖ ਰੁਪਏ ਤੋਂ ਘੱਟ ਰਕਮ ਜਮ੍ਹਾਂ ਹੈ, ਜਿਸਨੂੰ ਉਹ DICGC ਦੇ ਤਹਿਤ ਪੂਰੀ ਤਰ੍ਹਾਂ ਵਾਪਸ ਲੈ ਸਕਣਗੇ।
DICGC ਨੇ ਹੁਣ ਤੱਕ 30 ਜੂਨ 2025 ਤੱਕ ਕੁੱਲ 37.79 ਕਰੋੜ ਰੁਪਏ ਦੀ ਬੀਮੇ ਵਾਲੀ ਜਮ੍ਹਾਂ ਰਕਮ ਦਾ ਭੁਗਤਾਨ ਕਰ ਦਿੱਤਾ ਹੈ। RBI ਨੇ ਸਾਫ਼ ਕੀਤਾ ਕਿ ਇਸ ਸਹਿਕਾਰੀ ਬੈਂਕ ਕੋਲ ਨਾ ਤਾਂ ਲਾਜ਼ਮੀ ਪੂੰਜੀ ਬਚੀ ਹੈ ਅਤੇ ਨਾ ਹੀ ਇਸ ਦੇ ਆਮਦਨ ਕਰਨ ਦੀ ਕੋਈ ਸੰਭਾਵਨਾ। ਇਸ ਕਰਕੇ ਇਸਦਾ ਲਾਇਸੈਂਸ ਰੱਦ ਕਰਨਾ ਲਾਜ਼ਮੀ ਬਣ ਗਿਆ।
ਇਹ ਪਹਿਲੀ ਵਾਰੀ ਨਹੀਂ ਹੈ ਕਿ RBI ਨੇ ਕਿਸੇ ਬੈਂਕ ਦਾ ਲਾਇਸੈਂਸ ਰੱਦ ਕੀਤਾ ਹੋਵੇ। ਇਸ ਤੋਂ ਪਹਿਲਾਂ ਲਖਨਊ ਦੇ HCBL ਕੋ-ਆਪਰੇਟਿਵ ਬੈਂਕ, ਅਹਿਮਦਾਬਾਦ ਦੇ ਕਲਰ ਮਰਚੈਂਟਸ ਕੋ-ਆਪਰੇਟਿਵ ਬੈਂਕ, ਔਰੰਗਾਬਾਦ ਦੇ ਅਜੰਤਾ ਅਰਬਨ ਕੋ-ਆਪਰੇਟਿਵ ਬੈਂਕ ਅਤੇ ਜਲੰਧਰ ਦੇ ਇੰਪੀਰੀਅਲ ਅਰਬਨ ਕੋ-ਆਪਰੇਟਿਵ ਬੈਂਕ ਸਮੇਤ ਕਈ ਹੋਰ ਬੈਂਕਾਂ ਦੇ ਲਾਇਸੈਂਸ ਵੀ ਰੱਦ ਕੀਤੇ ਜਾ ਚੁੱਕੇ ਹਨ।
RBI ਦੀ ਇਸ ਕਾਰਵਾਈ ਤੋਂ ਬਾਅਦ, ਕਾਰਵਾਰ ਅਰਬਨ ਕੋ-ਆਪਰੇਟਿਵ ਬੈਂਕ ਦੇ ਗਾਹਕ ਆਪਣੀ ਜਮ੍ਹਾਂ ਰਕਮ ਦੀ ਸੁਰੱਖਿਆ ਲਈ DICGC ਨਾਲ ਸੰਪਰਕ ਕਰ ਸਕਦੇ ਹਨ।
ਬੈਂਕਿੰਗ ਸਰਗਰਮੀਆਂ ਦੇ ਬੰਦ ਹੋਣ ਕਾਰਨ ਪ੍ਰਭਾਵਿਤ ਹੋਏ ਗਾਹਕਾਂ ਨੂੰ ਢਿੱਲ ਮਿਲੇ, ਇਸ ਲਈ ਪਰਸ਼ਾਸਨ ਵਲੋਂ ਜ਼ਰੂਰੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ।






















