ਟਰੰਪ ਦੇ 25% ਟੈਰਿਫ ਨਾਲ ਮੱਚੀ ਹਲਚਲ, ਟੈਕਸਟਾਈਲ ਕੰਪਨੀਆਂ ਦੇ ਧੜੰਮ ਡਿੱਗੇ ਸ਼ੇਅਰ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 1 ਅਗਸਤ ਤੋਂ ਅਮਰੀਕਾ 'ਚ ਆਯਾਤ ਹੋਣ ਵਾਲੇ ਭਾਰਤੀ ਸਮਾਨ 'ਤੇ 25 ਫੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਜਿਸ ਦਾ ਸਿੱਧਾ ਅਸਰ ਭਾਰਤੀ ਬਾਜ਼ਾਰ ਉੱਤੇ ਪਿਆ ਹੈ।

Textile Company Shares Today: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਨੂੰ ਲੈ ਕੇ ਤੇਵਰ ਬਦਲੇ ਹੋਏ ਨਜ਼ਰ ਆ ਰਹੇ ਹਨ। ਜਿਸ ਕਰਕੇ ਟਰੰਪ ਵੱਲੋਂ ਭਾਰਤ ਉੱਤੇ 1 ਅਗਸਤ ਤੋਂ ਅਮਰੀਕਾ 'ਚ ਆਯਾਤ ਹੋਣ ਵਾਲੇ ਭਾਰਤੀ ਸਮਾਨ 'ਤੇ 25 ਫੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ-ਨਾਲ, ਉਨ੍ਹਾਂ ਨੇ ਰੂਸ ਨਾਲ ਊਰਜਾ ਵਪਾਰ ਅਤੇ ਰੱਖਿਆ ਸਹਿਯੋਗ ਜਾਰੀ ਰੱਖਣ ਲਈ ਭਾਰਤ 'ਤੇ ਜੁਰਮਾਨਾ ਲਗਾਉਣ ਦੇ ਸੰਕੇਤ ਵੀ ਦਿੱਤੇ ਹਨ। ਇੱਥੇ ਹੀ ਬਸ ਨਹੀਂ ਟਰੰਪ ਵੱਲੋਂ ਭਾਰਤ ਦੇ ਦੁਸ਼ਮਣ ਮੁਲਕ ਪਾਕਿ ਨਾਲ ਹੱਥ ਵੀ ਮਿਲਾ ਲਿਆ ਹੈ ਅਤੇ ਤੇਲ ਨੂੰ ਲੈ ਕੇ ਵੱਡੀ ਡੀਲ ਕਰ ਲਈ ਹੈ। ਇਨ੍ਹਾਂ ਸਭ ਫੈਸਲਿਆਂ ਦਾ ਭਾਰਤੀ ਬਾਜ਼ਾਰ ਉੱਤੇ ਵੱਡਾ ਅਸਰ ਪਿਆ ਹੈ।
ਇਨ੍ਹਾਂ ਕੰਪਨੀਆਂ ਦੇ ਸ਼ੇਅਰ ਡਿੱਗੇ
ਟਰੰਪ ਦੇ ਐਲਾਨ ਤੋਂ ਬਾਅਦ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਦੌਰਾਨ BSE 'ਤੇ ਦੇਸ਼ ਦੀਆਂ ਟੈਕਸਟਾਈਲ ਕੰਪਨੀਆਂ ਦੇ ਸ਼ੇਅਰਾਂ 'ਚ 9 ਫੀਸਦੀ ਤੱਕ ਦੀ ਗਿਰਾਵਟ ਵੇਖਣ ਨੂੰ ਮਿਲੀ। ਗੋਕਲਦਾਸ ਐਕਸਪੋਰਟਸ, ਫੇਜ਼ ਥ੍ਰੀ, ਪਰਲ ਗਲੋਬਲ ਇੰਡਸਟ੍ਰੀਜ਼, ਵੇਲਸਪਨ ਲਿਵਿੰਗ, KPR ਮਿਲ, ਅਰਵਿੰਦ, ਵਰਧਮਾਨ ਟੈਕਸਟਾਈਲਜ਼, ਇੰਡੋ ਕਾਊਂਟ ਇੰਡਸਟਰੀਜ਼, ਕਾਈਟੈਕਸ ਗਾਰਮੈਂਟਸ ਅਤੇ ਸੰਗਮ ਇੰਡੀਆ ਦੇ ਸ਼ੇਅਰਾਂ ਵਿੱਚ BSE 'ਤੇ 3% ਤੋਂ 8% ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ BSE ਸੈਂਸੈਕਸ ਵੀ ਸਵੇਰੇ 9:28 ਵਜੇ 0.59% ਡਿੱਗ ਕੇ 81,003.33 'ਤੇ ਰਿਹਾ।
ਹੁਣ ਇਨ੍ਹਾਂ ਦੇਸ਼ਾਂ ਨਾਲ ਹੋਵੇਗਾ ਭਾਰਤ ਦਾ ਮੁਕਾਬਲਾ
ਅਮਰੀਕਾ, ਐਪੈਰਲ ਐਕਸਪੋਰਟ (ਕੱਪੜਿਆਂ ਦੇ ਨਿਰਯਾਤ) ਮਾਮਲੇ 'ਚ ਭਾਰਤ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਜਨਵਰੀ ਤੋਂ ਮਈ 2025 ਤੱਕ ਭਾਰਤ ਨੇ ਇਸ ਸ਼੍ਰੇਣੀ 'ਚ ਅਮਰੀਕਾ ਨੂੰ 4.59 ਅਰਬ ਡਾਲਰ ਦਾ ਨਿਰਯਾਤ ਕੀਤਾ, ਜੋ ਕਿ ਪਿਛਲੇ ਸਾਲ ਦੇ 4.05 ਅਰਬ ਡਾਲਰ ਨਾਲ ਤੁਲਨਾ ਕਰਕੇ 13% ਵਾਧੇ ਨੂੰ ਦਰਸਾਉਂਦਾ ਹੈ। ਅਮਰੀਕਾ ਵਿੱਚ ਗਾਰਮੈਂਟ ਨਿਰਯਾਤ ਦੇ ਮੈਦਾਨ 'ਚ ਭਾਰਤ ਦਾ ਸੀਧਾ ਮੁਕਾਬਲਾ ਹੁਣ ਬੰਗਲਾਦੇਸ਼, ਚੀਨ ਅਤੇ ਵੀਅਤਨਾਮ ਵਰਗੇ ਦੇਸ਼ਾਂ ਨਾਲ ਹੋਵੇਗਾ।
ਇਸ ਹਾਲਾਤ 'ਚ ਭਾਰਤ 'ਤੇ ਲੱਗਾਇਆ ਗਿਆ 25% ਟੈਰਿਫ਼, ਬੰਗਲਾਦੇਸ਼ 'ਤੇ ਲੱਗੇ 35% ਟੈਰਿਫ਼ ਨਾਲੋਂ ਘੱਟ ਹੈ। ਅਮਰੀਕਾ ਨੇ ਵੀਅਤਨਾਮ 'ਤੇ 20% ਟੈਰਿਫ਼ ਲਾਇਆ ਹੈ। ਇਸ ਤੋਂ ਇਲਾਵਾ, ਵੀਅਤਨਾਮ ਰਾਹੀਂ ਆਉਣ ਵਾਲੇ ਟਰਾਂਸਸ਼ਿਪਮੈਂਟ ਮਾਲ 'ਤੇ 40% ਟੈਰਿਫ਼ ਲਾਇਆ ਗਿਆ ਹੈ, ਜੋ ਕਿ ਚੀਨ ਵੱਲੋਂ ਵੀਅਤਨਾਮ ਦੇ ਰਾਹੀਂ ਕੀਤੇ ਜਾ ਰਹੇ ਵਪਾਰ ਕਾਰਨ ਲਾਇਆ ਗਿਆ ਹੈ। ਦੂਜੇ ਪਾਸੇ, ਚੀਨ 'ਤੇ ਫਿਲਹਾਲ 55% ਟੈਰਿਫ਼ ਲਾਗੂ ਹੈ। ਟਰੇਡ ਡੀਲ ਨੂੰ ਲੈ ਕੇ ਚੀਨ ਅਤੇ ਅਮਰੀਕਾ ਵਿਚ ਗੱਲਬਾਤ ਜਾਰੀ ਹੈ, ਜਿਸ ਦੀ ਅੰਤਮ ਮਿਆਦ 12 ਅਗਸਤ ਤੱਕ ਵਧਾਈ ਜਾ ਸਕਦੀ ਹੈ।
ਕੰਪਨੀਆਂ ਦੇ ਮੁਨਾਫ਼ੇ 'ਚ ਆ ਸਕਦੀ ਹੈ ਕਮੀ
ਬਿਜ਼ਨਸ ਸਟੈਂਡਰਡ ਦੀ ਰਿਪੋਰਟ ਮੁਤਾਬਕ, ICICI ਸਿਕਿਉਰਿਟੀਜ਼ ਦਾ ਮੰਨਣਾ ਹੈ ਕਿ ਅਮਰੀਕਾ ਵੱਲੋਂ ਭਾਰਤ 'ਤੇ 25% ਦਰ ਨਾਲ ਟੈਰਿਫ਼ ਲਗਾਉਣ ਕਾਰਨ ਵਪਾਰ 'ਚ ਗਿਰਾਵਟ ਆਵੇਗੀ। ਇਹ ਟੈਰਿਫ਼ ਸਪਲਾਇਰਾਂ ਦੇ ਮੁਨਾਫ਼ੇ 'ਤੇ ਅਸਰ ਪਾਏਗਾ, ਜਿਸ ਨਾਲ ਗਾਰਮੈਂਟ ਕੰਪਨੀਆਂ ਦੇ ਲਾਭ 'ਚ ਵੀ ਕਮੀ ਆ ਸਕਦੀ ਹੈ। ਇਸ ਦਾ ਪ੍ਰਭਾਵ ਟੈਕਸਟਾਈਲ ਕੰਪਨੀਆਂ ਦੇ ਸ਼ੇਅਰਾਂ 'ਤੇ ਵੀ ਪੈ ਸਕਦਾ ਹੈ। ਇਸਦੇ ਚਲਦੇ, ਟੈਕਸਟਾਈਲ ਕੰਪਨੀਆਂ ਹੁਣ ਬ੍ਰਿਟੇਨ, ਯੂਰਪੀ ਸੰਘ ਅਤੇ ਮਿਡਲ ਈਸਟ ਵਰਗੇ ਦੇਸ਼ਾਂ ਵਿੱਚ ਆਪਣੀ ਪਹੁੰਚ ਵਧਾਉਣ 'ਤੇ ਹੋਰ ਜ਼ੋਰ ਦੇ ਰਹੀਆਂ ਹਨ।




















