ਭਾਰੀ ਮੀਂਹ ਦੌਰਾਨ ਸਬਜ਼ੀਆਂ ਹੋਈਆਂ ਮਹਿੰਗੀਆਂ, ਪੁਰਾਣਾ ਰਿਕਾਰਡ ਤੋੜਦੇ ਹੋਏ 200 ਰੁਪਏ ਕਿਲੋ ਹੋ ਗਏ ਟਮਾਟਰ
Tomato Price Hike : ਫਰੈਂਚ ਬੀਨਜ਼, ਫੁੱਲ ਗੋਭੀ, ਗੋਭੀ ਅਤੇ ਅਦਰਕ ਵਰਗੀਆਂ ਹੋਰ ਸਬਜ਼ੀਆਂ ਤੋਂ ਇਲਾਵਾ ਪਿਆਜ਼ ਅਤੇ ਆਲੂ ਦੀਆਂ ਪ੍ਰਚੂਨ ਕੀਮਤਾਂ ਵੀ ਵਧ ਗਈਆਂ ਹਨ। ਜ਼ਿਆਦਾਤਰ ਸਬਜ਼ੀਆਂ ਦੇ ਪ੍ਰਚੂਨ ਭਾਅ 60 ਰੁਪਏ ਪ੍ਰਤੀ ਕਿਲੋ ਤੋਂ ਉਪਰ ਹਨ।
ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਬਜ਼ੀਆਂ ਦੀ ਸਪਲਾਈ 'ਤੇ ਵੱਡਾ ਅਸਰ ਪਿਆ ਹੈ। ਇਹੀ ਕਾਰਨ ਹੈ ਕਿ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਸਮੇਤ ਦੇਸ਼ ਦੇ ਕੁਝ ਹਿੱਸਿਆਂ 'ਚ ਟਮਾਟਰ ਦੀ ਕੀਮਤ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਟਮਾਟਰ ਦੀ ਫ਼ਸਲ ਜਿਨ੍ਹਾਂ ਇਲਾਕਿਆਂ ਵਿੱਚ ਬੀਜੀ ਜਾਂਦੀ ਹੈ, ਉੱਥੇ ਭਾਰੀ ਮੀਂਹ ਕਾਰਨ ਪਾਣੀ ਭਰ ਜਾਣ ਕਾਰਨ ਨੁਕਸਾਨ ਹੋਇਆ ਹੈ। ਜ਼ਮੀਨ ਹੇਠਾਂ ਉੱਗੇ ਪਿਆਜ਼ ਅਤੇ ਅਦਰਕ ਵੀ ਖਰਾਬ ਮੌਸਮ ਦੀ ਲਪੇਟ ਵਿੱਚ ਆ ਗਏ ਹਨ।
200 ਰੁਪਏ ਪ੍ਰਤੀ ਕਿਲੋ ਵਿਕਿਆ ਟਮਾਟਰ
ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਪਿਛਲੇ ਦਿਨਾਂ ਵਿੱਚ ਭਾਰੀ ਮੀਂਹ ਪਿਆ ਹੈ। ਇਸ ਕਾਰਨ ਫ਼ਸਲਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਟਮਾਟਰ ਦੀ ਆਲ ਇੰਡੀਆ ਔਸਤ ਪ੍ਰਚੂਨ ਕੀਮਤ 104.38 ਪ੍ਰਤੀ ਕਿਲੋਗ੍ਰਾਮ ਸੀ। ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਇਸਦੀ ਵੱਧ ਤੋਂ ਵੱਧ ਕੀਮਤ 200 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਅਤੇ ਚੁਰੂ ਵਿੱਚ ਘੱਟੋ-ਘੱਟ ਕੀਮਤ 31 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਮੀਂਹ ਕਾਰਨ ਟਮਾਟਰ ਦੀ ਸਪਲਾਈ ਪ੍ਰਭਾਵਿਤ
ਇਹ ਅੰਕੜੇ ਦੱਸਦੇ ਹਨ ਕਿ ਮਹਾਨਗਰਾਂ ਵਿੱਚ ਟਮਾਟਰ ਦੀ ਪ੍ਰਚੂਨ ਕੀਮਤ ਕੋਲਕਾਤਾ ਵਿੱਚ ਸਭ ਤੋਂ ਵੱਧ 149 ਰੁਪਏ ਪ੍ਰਤੀ ਕਿਲੋ ਸੀ। ਇਸ ਤੋਂ ਬਾਅਦ ਮੁੰਬਈ ਵਿੱਚ ਟਮਾਟਰ 135 ਰੁਪਏ ਪ੍ਰਤੀ ਕਿਲੋ, ਚੇਨਈ ਵਿੱਚ 123 ਰੁਪਏ ਪ੍ਰਤੀ ਕਿਲੋ ਅਤੇ ਦਿੱਲੀ ਵਿੱਚ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ। ਟਮਾਟਰ ਅਤੇ ਹੋਰ ਸਬਜ਼ੀਆਂ ਦੀ ਪ੍ਰਚੂਨ ਕੀਮਤ ਉਨ੍ਹਾਂ ਦੀ ਗੁਣਵੱਤਾ ਅਤੇ ਕਿੱਥੇ ਵੇਚੀ ਜਾ ਰਹੀ ਹੈ 'ਤੇ ਨਿਰਭਰ ਕਰਦੀ ਹੈ। ਦਿੱਲੀ 'ਚ ਆਜ਼ਾਦਪੁਰ ਟਮਾਟਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੌਸ਼ਿਕ ਨੇ ਕਿਹਾ, 'ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਦਿੱਲੀ 'ਚ ਟਮਾਟਰਾਂ ਦੀ ਸਪਲਾਈ 'ਚ ਹੋਰ ਵਿਘਨ ਪਿਆ ਹੈ। ਜੇਕਰ ਅਜਿਹਾ ਹੀ ਰਿਹਾ ਤਾਂ ਕੀਮਤ 'ਚ ਤੇਜ਼ੀ ਨਾਲ ਕਟੌਤੀ ਦੀ ਕੋਈ ਸੰਭਾਵਨਾ ਨਹੀਂ ਹੈ।
ਆਜ਼ਾਦਪੁਰ 'ਚ ਟਮਾਟਰ ਦੀ ਥੋਕ ਕੀਮਤ 100-160 ਰੁਪਏ ਪ੍ਰਤੀ ਕਿਲੋ ਸੀ। ਕੌਸ਼ਿਕ ਨੇ ਕਿਹਾ ਕਿ ਮੌਜੂਦਾ ਮੰਗ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਤੋਂ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਮੌਨਸੂਨ ਸੀਜ਼ਨ ਦੌਰਾਨ ਜ਼ਿਆਦਾਤਰ ਸਬਜ਼ੀਆਂ ਦੇ ਭਾਅ ਵਧ ਜਾਂਦੇ ਹਨ ਕਿਉਂਕਿ ਪਾਣੀ ਭਰਨ ਕਾਰਨ ਕੁਝ ਫ਼ਸਲਾਂ ਦਾ ਨੁਕਸਾਨ ਹੋ ਜਾਂਦਾ ਹੈ।
ਭਿੰਡੀ ਦੀ ਕੀਮਤ 80 ਰੁਪਏ ਪ੍ਰਤੀ ਕਿਲੋ
ਫਰੈਂਚ ਬੀਨਜ਼, ਫੁੱਲ ਗੋਭੀ, ਗੋਭੀ ਅਤੇ ਅਦਰਕ ਵਰਗੀਆਂ ਹੋਰ ਸਬਜ਼ੀਆਂ ਤੋਂ ਇਲਾਵਾ ਪਿਆਜ਼ ਅਤੇ ਆਲੂ ਦੀਆਂ ਪ੍ਰਚੂਨ ਕੀਮਤਾਂ ਵੀ ਵਧ ਗਈਆਂ ਹਨ। ਜ਼ਿਆਦਾਤਰ ਸਬਜ਼ੀਆਂ ਦੇ ਪ੍ਰਚੂਨ ਭਾਅ 60 ਰੁਪਏ ਪ੍ਰਤੀ ਕਿਲੋ ਤੋਂ ਉਪਰ ਹਨ। ਉਦਾਹਰਨ ਲਈ, ਭਿੰਡੀ ਦੀ ਪ੍ਰਚੂਨ ਕੀਮਤ 80 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਜਦੋਂ ਕਿ ਕਰੇਲੇ ਅਤੇ ਖੀਰੇ ਦੀ ਪ੍ਰਚੂਨ ਕੀਮਤ 60 ਰੁਪਏ ਪ੍ਰਤੀ ਕਿਲੋ, ਗੋਭੀ 180 ਰੁਪਏ ਪ੍ਰਤੀ ਕਿਲੋ ਤੱਕ ਵਿਕਦੀ ਹੈ। ਪਿਛਲੇ ਪੰਦਰਵਾੜੇ 'ਚ ਅਦਰਕ ਦੀ ਕੀਮਤ 240 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 300 ਰੁਪਏ ਪ੍ਰਤੀ ਕਿਲੋ ਹੋ ਗਈ ਹੈ।