Vegetable Price: ਤਿਉਹਾਰਾਂ ਤੋਂ ਪਹਿਲਾਂ ਹੀ ਆਮ ਆਦਮੀ ਨੂੰ ਵੱਡਾ ਝਟਕਾ! ਹੁਣ ਜੇਬ ਹੋ ਜਾਏਗੀ ਖਾਲੀ
Vegetable Price: ਇੱਕ ਪਾਸੇ ਜਿੱਥੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
Vegetable Price: ਦੇਸ਼ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਆਮ ਆਦਮੀ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਇੱਕ ਪਾਸੇ ਜਿੱਥੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਦੂਜੇ ਪਾਸੇ ਮੰਡੀਆਂ ਵਿੱਚ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪਿਆਜ਼, ਟਮਾਟਰ ਦੇ ਨਾਲ-ਨਾਲ ਆਮ ਸਬਜ਼ੀਆਂ ਜਿਵੇਂ ਧਨੀਆ, ਸ਼ਿਮਲਾ ਮਿਰਚ, ਪਾਲਕ ਤੇ ਲੌਕੀ ਦੀਆਂ ਕੀਮਤਾਂ 'ਚ ਵਾਧਾ ਦੇਖਿਆ ਜਾ ਰਿਹਾ ਹੈ।
ਦੇਸ਼ ਦੇ ਕਈ ਹਿੱਸਿਆਂ ਵਿੱਚੋਂ ਮਿਲੀਆਂ ਰਿਪੋਰਟਾਂ ਮੁਤਾਬਕ ਹਰਾ ਧਨੀਆ 200 ਤੋਂ 300 ਰੁਪਏ, ਲਸਣ 300 ਤੋਂ 400 ਰੁਪਏ, ਮੇਥੀ 200 ਤੋਂ 250 ਰੁਪਏ, ਹਰੇ ਮਟਰ 200 ਤੋਂ 240 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ। ਇਸੇ ਤਰ੍ਹਾਂ ਹਰੀ ਮਿਰਚ, ਗੋਭੀ, ਅਦਰਕ, ਪਾਲਕ, ਪਰਮਲ 60 ਤੋਂ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ। ਜਦੋਂਕਿ ਆਲੂ, ਪਿਆਜ਼ ਤੇ ਟਮਾਟਰ ਵਿੱਚ ਵੀ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ। ਇਸ ਦੇ ਨਾਲ ਹੀ ਬਾਜ਼ਾਰ 'ਚ ਟਮਾਟਰ ਦੀ ਕੀਮਤ ਅਜੇ ਵੀ 50 ਤੋਂ 60 ਰੁਪਏ ਪ੍ਰਤੀ ਕਿਲੋ ਤੇ ਪਿਆਜ਼ ਦੀ ਕੀਮਤ 60 ਤੋਂ 70 ਰੁਪਏ ਪ੍ਰਤੀ ਕਿਲੋ 'ਤੇ ਬਰਕਰਾਰ ਹੈ।
ਦਰਅਸਲ ਸਬਜ਼ੀਆਂ ਦੀਆਂ ਕੀਮਤਾਂ ਆਮ ਤੌਰ 'ਤੇ ਬਰਸਾਤ ਦੇ ਮੌਸਮ ਵਿੱਚ ਵੱਧ ਜਾਂਦੀਆਂ ਹਨ ਕਿਉਂਕਿ ਮੀਂਹ ਕਾਰਨ ਕਟਾਈ, ਤੁੜਵਾਈ ਤੇ ਪੈਕਿੰਗ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਇਲਾਵਾ ਆਵਾਜਾਈ ਵਿੱਚ ਵਿਘਨ ਪੈਣ ਕਾਰਨ ਸਬਜ਼ੀਆਂ ਦੀ ਬਰਬਾਦੀ ਵੱਧ ਜਾਂਦੀ ਹੈ। ਇਸ ਨਾਲ ਕੀਮਤਾਂ 'ਤੇ ਅਸਰ ਪੈਂਦਾ ਹੈ। ਇਸ ਸਾਲ ਅੱਤ ਦੀ ਗਰਮੀ ਨੇ ਫ਼ਸਲਾਂ ਦਾ ਵੀ ਨੁਕਸਾਨ ਕੀਤਾ ਹੈ।
ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀਆਂ ਤੇ ਫਲਾਂ ਦੀ ਥੋਕ ਮੰਡੀ ਦਿੱਲੀ ਦੀ ਆਜ਼ਾਦਪੁਰ ਮੰਡੀ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਕਿਉਂਕਿ ਜਿੱਥੇ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ ਉੱਥੇ ਬਹੁਤ ਜ਼ਿਆਦਾ ਮੀਂਹ ਪੈਣ ਕਾਰਨ ਫ਼ਸਲਾਂ ਤੇ ਸੜਕਾਂ ਦਾ ਨੁਕਸਾਨ ਹੋਇਆ ਹੈ। ਪਿਛਲੇ ਦੋ ਹਫਤਿਆਂ 'ਚ ਬਾਜ਼ਾਰ 'ਚ ਆਮਦ ਘੱਟ ਹੋਈ ਹੈ, ਜਿਸ ਕਾਰਨ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਮਹਾਂਰਾਸ਼ਟਰ, ਹਿਮਾਚਲ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਵਰਗੇ ਵੱਡੇ ਉਤਪਾਦਕ ਰਾਜਾਂ ਵਿੱਚ ਭਾਰੀ ਬਾਰਸ਼ ਦੇ ਮੱਦੇਨਜ਼ਰ ਇਹ ਵਾਧਾ ਦਿਖਾਈ ਦੇ ਰਿਹਾ ਹੈ। ਸਬਜ਼ੀ ਵਿਕਰੇਤਾਵਾਂ ਅਨੁਸਾਰ ਜੇਕਰ ਬਰਸਾਤ ਦੀ ਆਮਦ ਤੋਂ ਬਾਅਦ ਨਵੀਆਂ ਸਬਜ਼ੀਆਂ ਦੀ ਆਮਦ ਵਧਦੀ ਹੈ ਤਾਂ ਕੀਮਤਾਂ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਹਾਲਾਂਕਿ ਵਪਾਰੀਆਂ ਦਾ ਕਹਿਣਾ ਹੈ ਕਿ ਆਂਧਰਾ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਤੇ ਛੱਤੀਸਗੜ੍ਹ ਵਿੱਚ ਪਿਛਲੇ ਸਾਲ ਸਾਉਣੀ ਦੇ ਟਮਾਟਰ ਦੀ ਬਿਜਾਈ ਪਛੜ ਰਹੀ ਹੈ। ਮਹਾਰਾਸ਼ਟਰ 'ਚ ਟਮਾਟਰ 'ਤੇ ਕੀੜਿਆਂ ਤੇ ਬੀਮਾਰੀਆਂ ਦੀ ਜ਼ਿਆਦਾ ਸਮੱਸਿਆ ਹੈ, ਜਿਸ ਕਾਰਨ ਸਪਲਾਈ ਘੱਟ ਗਈ ਹੈ।