Canada: ਕੈਨੇਡਾ ’ਚ ਪੰਜਾਬੀ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ, ਮਿਲ ਰਹੀਆਂ ਸਨ ਲਗਾਤਾਰ ਧਮਕੀਆਂ, ਪਰਿਵਾਰ 'ਚ ਛਾਇਆ ਮਾਤਮ
ਕੈਨੇਡਾ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਮਿਸੀਸਾਗਾ ਸ਼ਹਿਰ ਵਿੱਚ ਟਰੱਕਿੰਗ ਸੇਫਟੀ ਅਤੇ ਕੰਪਲਾਇੰਸ ਬਿਜ਼ਨਸ ਚਲਾਉਣ ਵਾਲੇ ਹਰਜੀਤ ਸਿੰਘ ਢੱਡਾ ਦੀ 14 ਮਈ 2025 ਨੂੰ ਦੁਪਹਿਰ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ...

Punjabi Businessman Shot Dead in Canada: ਕੈਨੇਡਾ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਮਿਸੀਸਾਗਾ ਸ਼ਹਿਰ ਵਿੱਚ ਟਰੱਕਿੰਗ ਸੇਫਟੀ ਅਤੇ ਕੰਪਲਾਇੰਸ ਬਿਜ਼ਨਸ ਚਲਾਉਣ ਵਾਲੇ ਹਰਜੀਤ ਸਿੰਘ ਢੱਡਾ ਦੀ 14 ਮਈ 2025 ਨੂੰ ਦੁਪਹਿਰ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਡਿਕਸਨ ਤੇ ਡੈਰੀ ਰੋਡ ਦੇ ਨੇੜੇ ਟ੍ਰੇਨਮੇਰੇ ਡਰਾਈਵ ਅਤੇ ਟੇਲਫੋਰਡ ਵੇ 'ਤੇ ਵਾਪਰੀ।
ਮਿਲ ਰਹੀਆਂ ਸਨ ਜਾਨੋਂ ਮਾਰਨ ਦੀਆਂ ਧਮਕੀਆਂ
ਅਸਲ ਵਿੱਚ ਭਾਰਤ ਦੇ ਰਾਜ ਉੱਤਰਾਖੰਡ ਦੇ ਬਾਜਪੁਰ ਦੇ ਰਹਿਣ ਵਾਲੇ ਹਰਜੀਤ ਸਿੰਘ ਢੱਡਾ ਨੂੰ ਕੁਝ ਸਮੇਂ ਤੋਂ ਅਣਜਾਣ ਵਿਅਕਤੀਆਂ ਵੱਲੋਂ ਧਮਕੀ ਭਰੇ ਫ਼ੋਨ ਅਤੇ ਸੁਨੇਹੇ ਆ ਰਹੇ ਸਨ। ਇਨ੍ਹਾਂ ਧਮਕੀਆਂ 'ਚ ਉਨ੍ਹਾਂ ਕੋਲੋਂ ਪੈਸੇ ਮੰਗੇ ਜਾ ਰਹੇ ਸਨ ਅਤੇ ਪੈਸੇ ਨਾ ਦੇਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਗਈ ਸੀ।
ਪੀਲ ਖੇਤਰੀ ਪੁਲਿਸ ਨੇ ਹਾਲ ਹੀ ਵਿੱਚ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਕੇ ਕੀਤੀਆਂ ਜਾ ਰਹੀਆਂ ਜ਼ਬਰਦਸਤੀ ਵਸੂਲੀ ਅਤੇ ਹਿੰਸਕ ਘਟਨਾਵਾਂ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਹੈ।
15-16 ਰਾਊਂਡ ਚਲੀਆਂ ਗੋਲੀਆਂ
ਘਟਨਾ ਦੇ ਚਸ਼ਮਦੀਦਾਂ ਅਨੁਸਾਰ ਪੀੜਤ ਵਿਅਕਤੀ ਆਪਣੇ ਟਰੱਕ ਦੇ ਬਾਹਰ ਖੜਾ ਸੀ, ਜਦ ਉਸ 'ਤੇ ਗੋਲੀਬਾਰੀ ਕੀਤੀ ਗਈ। ਕੁਝ ਲੋਕਾਂ ਨੇ ਦੱਸਿਆ ਕਿ ਗੋਲੀਬਾਰੀ ਤੋਂ ਪਹਿਲਾਂ ਇੱਕ ਕਾਰ ਪੀੜਤ ਦੇ ਕੋਲ ਆਉਂਦੀ ਹੋਈ ਵੇਖੀ ਗਈ ਸੀ। ਘਟਨਾ ਮੌਕੇ ਪਾਰਕਿੰਗ ’ਚ ਮੌਜੂਦ ਲੋਕਾਂ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਢੱਡਾ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ।
ਇੱਕ ਚਸ਼ਮਦੀਦ, ਜੋ ਘਟਨਾਸਥਲ ਦੇ ਸਾਹਮਣੇ ਵਾਲੀ ਸੜਕ 'ਤੇ ਕੰਮ ਕਰ ਰਿਹਾ ਸੀ, ਨੇ ਦੱਸਿਆ ਕਿ ਉਸਨੇ 15 ਤੋਂ 16 ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ। ਚਸ਼ਮਦੀਦਾਂ ਦੇ ਮੁਤਾਬਕ ਗੋਲੀਬਾਰੀ ਦੌਰਾਨ ਘਟਨਾਸਥਲ ਦੇ ਨੇੜੇ ਇਕ ਲਾਫ਼ਰਮ ਦੀ ਖਿੜਕੀ 'ਚ ਵੀ ਗੋਲੀ ਲੱਗੀ। ਉੱਥੇ ਕੰਮ ਕਰ ਰਹੇ ਇਕ ਵਿਅਕਤੀ ਨੇ ਦੱਸਿਆ ਕਿ ਪੁਲਿਸ ਨੇ ਕਿਹਾ ਕਿ ਗੋਲੀ ਉਸਦੀ ਕੁਰਸੀ ਦੇ ਪਿੱਛੇ ਵਾਲੀ ਕੰਧ 'ਚ ਲੱਗੀ। ਜੇਕਰ ਉਹ ਉਸ ਸਮੇਂ ਕੁਰਸੀ 'ਤੇ ਬੈਠਾ ਹੁੰਦਾ, ਤਾਂ ਸ਼ਾਇਦ ਅੱਜ ਜ਼ਿੰਦਾ ਨਾ ਹੁੰਦਾ।
29 ਤੋਂ ਵੱਧ ਮਾਮਲੇ ਆਏ ਸਾਹਮਣੇ
ਪੀਲ ਪੁਲਿਸ ਦੀ ਵਕਤਾਵਕਤਾ ਕਾਂਸਟੇਬਲ ਮਿਸ਼ੇਲ ਸਟੈਫੋਰਡ ਦੇ ਅਨੁਸਾਰ, ਹੁਣ ਤੱਕ 29 ਤੋਂ ਵੱਧ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ ਕਈ 'ਚ ਗੋਲੀਬਾਰੀ ਅਤੇ ਆਗਜਨੀ ਵਰਗੀਆਂ ਘਟਨਾਵਾਂ ਸ਼ਾਮਲ ਹਨ।
ਇਹਨਾਂ ਘਟਨਾਵਾਂ ਵਿੱਚ ਟਰੱਕਿੰਗ ਕੰਪਨੀਆਂ, ਰੈਸਟੋਰੈਂਟ, ਜਵੇਲਰੀ ਸਟੋਰ ਅਤੇ ਹੋਰ ਕਾਰੋਬਾਰ ਨਿਸ਼ਾਨਾ ਬਣੇ ਹਨ। ਪੁਲਿਸ ਹੁਣ ਤੱਕ 21 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਉਨ੍ਹਾਂ 'ਤੇ 150 ਤੋਂ ਵੱਧ ਦੋਸ਼ ਲਾਏ ਗਏ ਹਨ।
ਇਨ੍ਹਾਂ ਵਿੱਚੋਂ ਕਈ ਦੋਸ਼ੀਆਂ ਦੇ ਭਾਰਤ ਵਿੱਚ ਆਰਗਨਾਈਜ਼ਡ ਕ੍ਰਾਈਮ ਗਰੁੱਪਾਂ ਨਾਲ ਸੰਬੰਧ ਹੋਣ ਦਾ ਸ਼ੱਕ ਹੈ। ਪੀਲ ਪੁਲਿਸ ਦੇ ਮੁਖੀ ਨਿਸ਼ਾਨ ਦੁਰੈਅੱਪਾਹ ਨੇ ਕਿਹਾ ਹੈ ਕਿ ਇਹ ਇੱਕ ਜਟਿਲ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਫੈਲਿਆ ਹੋਇਆ ਅਪਰਾਧਿਕ ਜਾਲ ਹੋ ਸਕਦਾ ਹੈ।






















