ਪੰਜਾਬ 'ਚ ਵਧਣ ਲੱਗੀ ਮਾਰ-ਧਾੜ! ਪਟਿਆਲਾ 'ਚ ਦੋ ਨੌਜਵਾਨਾਂ ਦਾ ਕਤਲ
ਪੰਜਾਬ ਵਿੱਚ ਦਿਨ-ਦਿਹਾੜੇ ਕਤਲ ਦੀਆਂ ਵਾਰਦਾਤਾਂ ਵਧਣ ਲੱਗੀਆਂ ਹਨ। ਅੱਜ ਪਟਿਆਲਾ ਵਿੱਚ ਵੱਖ-ਵੱਖ ਵਾਰਦਾਤਾਂ ਵਿੱਚ ਦੋ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ।
ਪਟਿਆਲਾ: ਪੰਜਾਬ ਵਿੱਚ ਦਿਨ-ਦਿਹਾੜੇ ਕਤਲ ਦੀਆਂ ਵਾਰਦਾਤਾਂ ਵਧਣ ਲੱਗੀਆਂ ਹਨ। ਅੱਜ ਪਟਿਆਲਾ ਵਿੱਚ ਵੱਖ-ਵੱਖ ਵਾਰਦਾਤਾਂ ਵਿੱਚ ਦੋ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ। ਨੇੜਲੇ ਪਿੰਡ ਦੌਣਕਲਾਂ ਦੇ 35 ਸਾਲਾ ਧਰਮਿੰਦਰ ਸਿੰਘ ਭਿੰਦਾ ਪੁੱਤਰ ਧਨੰਤਰ ਸਿੰਘ ਨੂੰ ਲੰਘੀ ਰਾਤ ਗਿਆਰਾਂ ਵਜੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਚਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਸਬੰਧੀ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਦੌਣਕਲਾਂ ਦੇ ਹੀ ਵਸਨੀਕ ਤੇਜਿੰਦਰ ਸਿੰਘ ਫੌਜੀ ਤੇ ਹਰਵੀਰ ਸਿੰਘ ਸਮੇਤ ਥੇੜੀ ਵਾਸੀ ਬੋਨੀ ਅਤੇ ਹਰਮਨ ਨਾਮ ਦੇ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਭਿੰਦਾ ਪਿੰਡ ਦੌਣ ਕਲਾਂ ਵਿਖੇ ਯੂਥ ਕਲੱਬ ਦਾ ਪ੍ਰਧਾਨ ਵੀ ਰਿਹਾ ਹੈ, ਜਿਸ ਦੌਰਾਨ ਉਹ ਖੇਡਾਂ ਕਰਵਾਉਣ ਵਿੱਚ ਵੀ ਮੋਹਰੀ ਭੂਮਿਕਾ ਨਿਭਾਉਂਦਾ ਸੀ।
ਇਸੇ ਤਰ੍ਹਾਂ ਕਤਲ ਦੀ ਦੂਜੀ ਘਟਨਾ ਸ਼ਹਿਰ ਵਿੱਚ ਸਥਿਤ ਕਾਲੀ ਮਾਤਾ ਮੰਦਰ ਦੇ ਨੇੜੇ ਦੀ ਹੈ, ਜਿਸ ਦੌਰਾਨ ਪ੍ਰਿਤਪਾਲ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਦਰਸ਼ਨ ਨਗਰ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਸਬੰਧੀ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਧਰ, ਰੋਜ਼ਾਨਾ ਹੋ ਰਹੀਆਂ ਹੱਤਿਆਵਾਂ ਨੂੰ ਦੇਖਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ CM ਭਗਵੰਤ ਮਾਨ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਤੇ ਉਨ੍ਹਾਂ ਨੂੰ ਆਪਣਾ ਅਹੁਦਾ ਛੱਡਣ ਦੀ ਗੱਲ ਵੀ ਆਖ ਦਿੱਤੀ ਹੈ।
ਨਵਜੋਤ ਸਿੱਧੂ ਨੇ ਬੁੱਧਵਾਰ ਨੂੰ ਟਵੀਟ ਕਰਕੇ CM ਭਗਵੰਤ ਮਾਨ ਦੇ ਕੰਮਕਾਜ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਸਿੱਧੂ ਨੇ ਟਵੀਟ ਕਰਕੇ ਸੀਐਮ ਉੱਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਉਹ ਹਿਮਾਚਲ ਦੀਆਂ ਠੰਢੀਆਂ ਹਵਾਵਾਂ ਵਿੱਚ ਵੋਟਾਂ ਮੰਗਣ ਵਿੱਚ ਰੁੱਝੇ ਹੋਏ ਹਨ ਤੇ ਪੰਜਾਬ ਵਿੱਚ ਰੋਜ਼ਾਨਾ 3-4 ਮੌਤਾਂ ਹੋ ਰਹੀਆਂ ਹਨ। ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ। ਪਟਿਆਲਾ 'ਚ ਅੱਜ ਦੋ ਹੋਰ ਕਤਲ ਹੋਏ ਹਨ। ਰੋਜ਼ਾਨਾ ਔਸਤਨ 3-4 ਕਤਲ ਹੋ ਰਹੇ ਹਨ, ਆਪਣੀ ਡਿਊਟੀ ਨਿਭਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਅਸਤੀਫਾ ਦੇਵੋ।