Amritsar News: ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਮਗਰੋਂ ਫੜਿਆ ਗਿਆ ਟਰੈਫਿਕ ਪੁਲਿਸ ਦਾ ਸਬ ਇੰਸਪੈਕਟਰ, ਸ਼ਰੇਆਮ ਮੰਗ ਰਿਹਾ ਸੀ ਰਿਸ਼ਵਤ
ਟਰੈਫਿਕ ਪੁਲਿਸ ਦੇ ਸਬ-ਇੰਸਪੈਕਟਰ ’ਤੇ ਕਥਿਤ ਰਿਸ਼ਵਤ ਮੰਗਣ ਦੇ ਦੋਸ਼ ਵਾਲੀ ਵੀਡੀਓ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਸਬ-ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਸ਼ਨਾਖ਼ਤ ਪਰਮਜੀਤ ਸਿੰਘ ਵਜੋਂ ਦੱਸੀ ਗਈ ਹੈ।
Amritsar News: ਟਰੈਫਿਕ ਪੁਲਿਸ ਦੇ ਸਬ-ਇੰਸਪੈਕਟਰ ’ਤੇ ਕਥਿਤ ਰਿਸ਼ਵਤ ਮੰਗਣ ਦੇ ਦੋਸ਼ ਵਾਲੀ ਵੀਡੀਓ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਸਬ-ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਸ਼ਨਾਖ਼ਤ ਪਰਮਜੀਤ ਸਿੰਘ ਵਜੋਂ ਦੱਸੀ ਗਈ ਹੈ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੁਲਿਸ ਨੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਉਸ ਖ਼ਿਲਾਫ਼ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕੇਸ ਸੀਮਿੰਟ ਵਪਾਰੀ ਸਾਗਰ ਕੇਹਰ ਵਾਸੀ ਛੇਹਰਟਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਪੁਲਿਸ ਦੇ ਡਿਪਟੀ ਕਮਿਸ਼ਨਰ ਪਰਮਿੰਦਰ ਸਿੰਘ ਭੰਡਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਵਿਅਕਤੀ ਦੂਜੇ ਨੂੰ ਪੈਸੇ ਦੇ ਰਿਹਾ ਹੈ। ਪੈਸੇ ਲੈਣ ਵਾਲਾ ਐਸਆਈ ਪਰਮਜੀਤ ਸਿੰਘ ਦਾ ਨਾਂ ਲੈ ਰਿਹਾ ਸੀ। ਸਾਗਰ ਕੇਹਰ ਨੇ ਦੱਸਿਆ ਕਿ ਟਰੈਫਿਕ ਪੁਲਿਸ ਨੇ ਰਣਜੀਤ ਐਵੇਨਿਊ ਇਲਾਕੇ ਵਿੱਚ ਉਸ ਦਾ ਟਰੱਕ ਰੋਕ ਲਿਆ। ਉਹ ਆਪਣੀ ਕਾਰ ਵਿੱਚ ਮੌਕੇ ’ਤੇ ਗਿਆ ਕਾਰ ਦੇ ਸ਼ੀਸ਼ੇ ’ਤੇ ਕਾਲੀ ਸਕਰੀਨ ਲੱਗੀ ਹੋਈ ਸੀ।
ਉਸ ਨੇ ਕਿਹਾ ਕਿ ਪੁਲਿਸ ਕਰਮਚਾਰੀ ਨੇ ਆਖਿਆ ਕਿ ਉਸ ਨੂੰ ਚਲਾਨ ਵਜੋਂ 20,000 ਰੁਪਏ ਅਦਾ ਕਰਨੇ ਪੈਣਗੇ। ਉਸ ਦੱਸਿਆ ਕਿ ਇਸੇ ਦੌਰਾਨ ਇੱਕ ਵਿਅਕਤੀ ਆਇਆ ਕਿਹਾ ਕਿ ਉਹ 3000 ਰੁਪਏ ’ਚ ਮਾਮਲਾ ਸੁਲਝਾ ਸਕਦਾ ਹੈ। ਉਸ ਨੇ ਦੋਸ਼ ਲਾਇਆ ਕਿ ਐਸਆਈ ਨੇ ਉਸ ਵਿਅਕਤੀ ਨੂੰ ਰਕਮ ਲਿਆਉਣ ਲਈ ਨਾਲ ਭੇਜ ਦਿੱਤਾ। ਇਸ ਦੌਰਾਨ ਉਸ ਨੇ ਸਾਰੀ ਘਟਨਾ ਦੀ ਵੀਡੀਓ ਬਣਾ ਲਈ ਤੇ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀ। ਐਸਆਈ ਨੇ ਬਾਅਦ ਵਿੱਚ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਸ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ।