Amritsar News: ਸਰਕਾਰਾਂ ਸਹਿਮ ਗਈਆਂ, ਸਿੱਖ ਨੌਜਵਾਨਾਂ ਨੂੰ ਧਰਮ ਦੇ ਰਾਹ ’ਤੇ ਚੱਲਣ ਤੋਂ ਰੋਕ ਰਹੀਆਂ...ਅੰਮ੍ਰਿਤਪਾਲ ਸਿੰਘ ਦੇ ਗੰਭੀਰ ਇਲਜ਼ਾਮ
Amritsar News: ਅਰਦਾਸ ਮਗਰੋਂ ਬੰਦੀ ਸਿੰਘਾਂ ਦੇ ਪਰਿਵਾਰਾਂ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਤੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ, ਉਸ ਦੇ ਸਾਥੀਆਂ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਗੁਰੂ ਘਰ ਵਿੱਚ ਅਰਦਾਸ ਨਾਲ ਹੀ ਸੰਭਵ ਹੋ ਸਕੇਗੀ।
Amritsar News: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਸਣੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪਰਿਵਾਰ ਤੇ ਸਮਰਥਕਾਂ ਵੱਲੋਂ ਐਤਵਾਰ ਨੂੰ ਚੌਥੇ ਪੜਾਅ ਦੀ ਅਰਦਾਸ ਤਖ਼ਤ ਪਟਨਾ ਸਾਹਿਬ ਬਿਹਾਰ ਵਿਖੇ ਕੀਤੀ ਗਈ। ਇਸ ਤੋਂ ਪਹਿਲਾਂ ਸਵੇਰੇ ਤਖਤ ਸ੍ਰੀ ਪਟਨਾ ਸਾਹਿਬ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ।
ਇਸ ਸਿਲਸਿਲੇ ਤਹਿਤ ਪਰਿਵਾਰ ਵਲੋਂ ਪਹਿਲਾਂ ਸ੍ਰੀ ਅਕਾਲ ਤਖਤ, ਤਖਤ ਸ੍ਰੀ ਕੇਸਗੜ੍ਹ ਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕੀਤੀ ਜਾ ਚੁੱਕੀ ਹੈ। ਪਰਿਵਾਰ ਵੱਲੋਂ ਉਨ੍ਹਾਂ ਦੀ ਰਿਹਾਈ ਵਾਸਤੇ ਪੰਜ ਤਖਤ ਸਾਹਿਬਾਨ ’ਤੇ ਅਰਦਾਸ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਅਰਦਾਸ ਮਗਰੋਂ ਬੰਦੀ ਸਿੰਘਾਂ ਦੇ ਪਰਿਵਾਰਾਂ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਤੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ, ਉਸ ਦੇ ਸਾਥੀਆਂ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਗੁਰੂ ਘਰ ਵਿੱਚ ਅਰਦਾਸ ਨਾਲ ਹੀ ਸੰਭਵ ਹੋ ਸਕੇਗੀ।
ਉਨ੍ਹਾਂ ਦੋਸ਼ ਲਾਇਆ ਕਿ ਹਕੂਮਤਾਂ ਨੇ ਝੂਠ ਦੇ ਜਾਲ ਬੁਣ ਕੇ ਉਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਹੈ ਜਿਸ ਤੋਂ ਸਪਸ਼ਟ ਹੈ ਕਿ ਸਰਕਾਰਾਂ ਸਹਿਮ ਗਈਆਂ ਹਨ ਤੇ ਉਹ ਸਿੱਖ ਨੌਜਵਾਨਾਂ ਨੂੰ ਧਰਮ ਨਾਲ ਜੁੜਨ ਤੇ ਧਰਮ ਦੇ ਰਾਹ ’ਤੇ ਚੱਲਣ ਤੋਂ ਰੋਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤੇ ਖਾਲਸਾ ਵਹੀਰ ਨੇ ਪੰਜਾਬ ਹੀ ਨਹੀਂ ਸਗੋਂ ਨੇੜਲੇ ਸੂਬਿਆਂ ਵਿੱਚ ਵੀ ਜ਼ੋਰ ਫੜਿਆ ਸੀ। ਇਸ ਕਾਰਨ ਵੱਡੀ ਗਿਣਤੀ ਸਿੱਖ ਨੌਜਵਾਨ ਨਸ਼ਿਆਂ ਦਾ ਖਹਿੜਾ ਛੱਡ ਕੇ ਅੰਮ੍ਰਿਤਧਾਰੀ ਹੋ ਗਏ ਸਨ।
ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਆਪਣੇ ਗੁਰੂ ’ਤੇ ਪੂਰਾ ਭਰੋਸਾ ਹੈ ਕਿ ਜਲਦੀ ਹੀ ਸਾਰਿਆਂ ਦੀ ਰਿਹਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਅਰਦਾਸ ਸਮਾਗਮ ਵਿੱਚ ਅੰਮ੍ਰਿਤਪਾਲ ਸਿੰਘ ਤੇ ਹੋਰ ਬੰਦੀ ਸਿੰਘਾਂ ਦੇ ਪਰਿਵਾਰਾਂ ਨਾਲ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ, ਭਾਈ ਗੁਰਪ੍ਰੀਤ ਸਿੰਘ ਤੋਂ ਇਲਾਵਾ ਖ਼ਾਲਸਾ ਵਹੀਰ ਦੌਰਾਨ ਨਸ਼ਾ ਛੱਡ ਕੇ ਗੁਰੂ ਵਾਲੇ ਬਣਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਬੀਬੀਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਲ ਹੋਈ।