(Source: ECI/ABP News)
Amritsar News: ਕਸੂਤੇ ਫਸ ਗਏ ਓਪੀ ਸੋਨੀ, ਵਿਜੀਲੈਂਸ ਮਗਰੋਂ ਈਡੀ ਨੇ ਸ਼ਿਕੰਜਾ ਕੱਸਿਆ, ਇੱਕ-ਇੱਕ ਪੈਸੇ ਦਾ ਮੰਗਿਆ ਹਿਸਾਬ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।
![Amritsar News: ਕਸੂਤੇ ਫਸ ਗਏ ਓਪੀ ਸੋਨੀ, ਵਿਜੀਲੈਂਸ ਮਗਰੋਂ ਈਡੀ ਨੇ ਸ਼ਿਕੰਜਾ ਕੱਸਿਆ, ਇੱਕ-ਇੱਕ ਪੈਸੇ ਦਾ ਮੰਗਿਆ ਹਿਸਾਬ Punjab News: After vigilance now ED action On OP Soni Amritsar News: ਕਸੂਤੇ ਫਸ ਗਏ ਓਪੀ ਸੋਨੀ, ਵਿਜੀਲੈਂਸ ਮਗਰੋਂ ਈਡੀ ਨੇ ਸ਼ਿਕੰਜਾ ਕੱਸਿਆ, ਇੱਕ-ਇੱਕ ਪੈਸੇ ਦਾ ਮੰਗਿਆ ਹਿਸਾਬ](https://feeds.abplive.com/onecms/images/uploaded-images/2023/08/08/4b440d268c39f45d6e8b69164588aecc1691469067805700_original.jpg?impolicy=abp_cdn&imwidth=1200&height=675)
Amritsar News: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪੰਜਾਬ ਵਿਜੀਲੈਂਸ ਦੇ ਐਕਸ਼ਨ ਮਗਰੋਂ ਹੁਣ ਕੇਂਦਰੀ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਓਪੀ ਸੋਨੀ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਈਡੀ ਨੇ ਸੋਨੀ ਖ਼ਿਲਾਫ਼ ਜਾਂਚ ਆਰੰਭ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੂੰ ਪੱਤਰ ਲਿਖ ਕੇ ਚੱਲ ਅਚੱਲ ਸੰਪਤੀ ਦਾ ਸਮੁੱਚਾ ਵੇਰਵਾ ਤੇ ਬੈਂਕ ਖਾਤਿਆਂ ਬਾਰੇ ਮੁਕੰਮਲ ਜਾਣਕਾਰੀ ਮੰਗੀ ਹੈ।
ਹਾਸਲ ਜਾਣਕਾਰੀ ਮੁਤਾਬਕ ਈਡੀ ਨੇ ਸ੍ਰੋਤਾਂ ਤੋਂ ਵੱਧ ਆਮਦਨ ਦੇ ਮਾਮਲੇ ਵਿੱਚ ਜੋ ਐਫਆਈਆਰ ਦਰਜ ਕੀਤੀ ਗਈ ਹੈ, ਉਸ ਦੀ ਕਾਪੀ ਵਿਜੀਲੈਂਸ ਵੱਲੋਂ ਦਰਜ ਕੀਤੇ ਬਿਆਨਾਂ ਦੀਆਂ ਕਾਪੀਆਂ ਤੇ ਹੋਰ ਦਸਤਾਵੇਜ਼ ਤੁਰੰਤ ਭੇਜੇ ਜਾਣ ਲਈ ਵੀ ਕਿਹਾ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਜੁਲਾਈ ਮਹੀਨੇ ਓਪੀ ਸੋਨੀ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ’ਚ ਵਿਜੀਲੈਂਸ ਨੇ ਓਪੀ ਸੋਨੀ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਸੀ।
ਵਿਜੀਲੈਂਸ ਨੇ ਮੁੱਢਲੀ ਤਫਤੀਸ਼ ਕਰਦਿਆਂ ਦਾਅਵਾ ਕੀਤਾ ਸੀ ਕਿ ਸਾਲ 2017 ਤੋਂ ਸੋਨੀ ਵੱਲੋਂ ਨੌਂ ਜਾਇਦਾਦਾਂ ਬਣਾਈਆਂ ਗਈਆਂ ਹਨ। ਇਸ ਸਮੇਂ ਦੌਰਾਨ ਹੀ ਇਹ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਮੰਤਰੀ ਤੇ ਫਿਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਰਿਹਾ ਹੈ। ਵਿਜੀਲੈਂਸ ਨੇ ਇਸ ਸੱਤਾ ਦੇ ਕਾਲ ਨੂੰ ਹੀ ਜਾਂਚ ਦਾ ਅਧਾਰ ਬਣਾਇਆ ਹੈ।
ਵਿਜੀਲੈਂਸ ਮੁਤਾਬਕ 27 ਦਸੰਬਰ 2017 ਨੂੰ ਮੁਹਾਲੀ ਵਿੱਚ ਇੱਕ ਮਕਾਨ ਸਵਾ ਕਰੋੜ ਰੁਪਏ ਵਿੱਚ ਖ਼ਰੀਦਿਆ, 12 ਜੂਨ 2019 ਨੂੰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ 11 ਕਨਾਲ 11 ਮਰਲੇ ਤੋਂ ਵੱਧ ਦਾ ਪਲਾਟ ਸੋਨੀ ਨੇ ਆਪਣੇ ਤੇ ਪਤਨੀ ਦੇ ਨਾਮ ’ਤੇ ਖ਼ਰੀਦਿਆ। ਇਸ ’ਤੇ ਸਵਾ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ। ਕਾਂਗਰਸੀ ਆਗੂ ਨੇ ਆਪਣੇ ਪੁੱਤਰ ਰਾਘਵ ਸੋਨੀ ਦੇ ਨਾਮ ’ਤੇ ਇੱਕ ਬੰਗਲਾ ਉਸਾਰਿਆ। ਇਸ ’ਤੇ 4 ਕਰੋੜ 29 ਲੱਖ 18 ਹਜ਼ਾਰ 213 ਰੁਪਏ ਖ਼ਰਚ ਕੀਤੇ ਗਏ ਸਨ।
ਇਸੇ ਤਰ੍ਹਾਂ ਸਾਬਕਾ ਉਪ ਮੁੱਖ ਮੰਤਰੀ ਨੇ ਅਲਾਇੰਸ ਪ੍ਰਾਈਵੇਟ ਲਿਮਟਿਡ ਅੰਮ੍ਰਿਤਸਰ ’ਚ ਲੜਕੇ ਦੇ ਨਾਮ ’ਤੇ ਇੱਕ ਕਰੋੜ 29 ਲੱਖ ਰੁਪਏ ਦੀ ਜਾਇਦਾਦ ਖ਼ਰੀਦੀ। ਗਰੀਨ ਐਵੇਨਿਊ ਅੰਮ੍ਰਿਤਸਰ ’ਚ ਕੋਠੀ ਨੰਬਰ 369 ਏ 42 ਲੱਖ 82 ਹਜ਼ਾਰ ਰੁਪਏ ’ਚ ਖ਼ਰੀਦੀ, 51 ਲੱਖ ਰੁਪਏ ਦਾ ਨਿਵੇਸ਼ ਇੱਕ ਫਰਮ ਤੇ ਇੱਕ ਕਰੋੜ 22 ਲੱਖ ਰੁਪਏ ਦਾ ਨਿਵੇਸ਼ ਸਾਈ ਲੌਜਿਸਟੀਕਲ ਪਾਰਟਸ ਕੰਪਨੀ ਵਿੱਚ ਕੀਤਾ ਗਿਆ।
ਸਾਈ ਮੋਟਰਜ਼ ਕੰਪਨੀ ਵਿੱਚ 23 ਲੱਖ ਦਾ ਨਿਵੇਸ਼ ਤੇ ਇਸੇ ਕੰਪਨੀ ’ਚ ਸ੍ਰੀ ਸੋਨੀ ਦੀ ਪਤਨੀ ਵੱਲੋਂ ਸਾਢੇ ਸੱਤ ਲੱਖ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ ਵਿਜੀਲੈਂਸ ਨੇ ਕਾਂਗਰਸ ਆਗੂ ਦੀਆਂ ਸੰਪਤੀਆਂ ਦਾ ਵੇਰਵਾ ਇਕੱਠਾ ਕਰਦਿਆਂ ਪਤਨੀ ਤੇ ਪੁੱਤਰ ਦੇ ਨਾਮ ’ਤੇ ਕੀਤੇ ਨਿਵੇਸ਼ ਦੀ ਜਾਣਕਾਰੀ ਵੀ ਇਕੱਤਰ ਕੀਤੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)