Amritsar News:ਸ੍ਰੀ ਗੁਰੁ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ 'ਚ 35.6% ਫੀਸਦੀ ਵਾਧਾ
Amritsar International Airport: ਪੰਜਾਬ ਦਾ ਸਭ ਤੋਂ ਵੱਡਾ ਅਤੇ ਵਿਅਸਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਫਰਵਰੀ 2024 ਵਿੱਚ ਫਰਵਰੀ 2023 ਦੇ ਮੁਕਾਬਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਆਵਾਜਾਈ ਵਿੱਚ ਮਹੱਤਵਪੂਰਨ
Amritsar International Airport: ਪੰਜਾਬ ਦਾ ਸਭ ਤੋਂ ਵੱਡਾ ਅਤੇ ਵਿਅਸਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਫਰਵਰੀ 2024 ਵਿੱਚ ਫਰਵਰੀ 2023 ਦੇ ਮੁਕਾਬਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਆਵਾਜਾਈ ਵਿੱਚ ਮਹੱਤਵਪੂਰਨ 35.9% ਵਾਧੇ ਦੇ ਨਾਲ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿੱਚੋਂ ਦੂਜੇ ਸਥਾਨ 'ਤੇ ਰਿਹਾ। ਨਾਗਪੁਰ ਹਵਾਈ ਅੱਡੇ ਨੇ 9,207 ਯਾਤਰੀਆਂ ਨਾਲ ਸਭ ਤੋਂ ਵੱਧ 38.4% ਦਾ ਵਾਧਾ ਦਰਜ ਕੀਤਾ।
ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਫਲਾਈ ਅੰਮ੍ਰਿਤਸਰ ਇਨਿਸ਼ਿਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਫਰਵਰੀ ਵਿੱਚ ਅੰਤਰਰਾਸ਼ਟਰੀ ਯਾਤਰੀਆਂ ਦੀ ਕੁੱਲ ਗਿਣਤੀ 94,625 ਤੱਕ ਪਹੁੰਚ ਗਈ, ਜਦੋਂ ਕਿ ਬੀਤੇ ਸਾਲ ਫਰਵਰੀ 2023 ਵਿੱਚ ਇਹ ਗਿਣਤੀ 69,634 ਸੀ। ਇਹ ਫਰਵਰੀ ਮਹੀਨੇ ਲਈ ਹੁਣ ਤੱਕ ਦੀ ਸਭ ਤੋਂ ਵੱਧ ਅਤੇ ਹਵਾਈ ਅੱਡੇ ਦੇ ਇਤਿਹਾਸ ਕਿਸੇ ਵੀ ਮਹੀਨੇ ਦੀ ਤੀਜੀ ਸਭ ਤੋਂ ਵੱਡੀ ਗਿਣਤੀ ਹੈ। ਦਸੰਬਰ 2023 ਵਿੱਚ ਸੱਭ ਤੋਂ ਵੱਧ 1,06,813 ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਦਰਜ ਕੀਤੀ ਗਈ ਅਤੇ ਦੂਜੀ ਸਭ ਤੋਂ ਵੱਧ 96,924, ਜਨਵਰੀ 2024 ਵਿੱਚ ਦਰਜ ਕੀਤੀ ਗਈ ਹੈ।
ਗੁਮਟਾਲਾ ਨੇ ਕਿਹਾ ਕਿ ਅੰਤਰਰਾਸ਼ਟਰੀ ਆਵਾਜਾਈ ਵਿੱਚ ਵਾਧਾ, ਬੀਤੇ ਸਾਲ ਅਪੈ੍ਲ ਤੋਂ ਬਾਅਦ ਲਗਾਤਾਰ ਸ਼ੁਰੂ ਹੋਈਆਂ ਨਵੀਆਂ ਉਡਾਣਾਂ ਸਦਕਾ ਸੰਭਵ ਹੋਇਆ ਹੈ। ਇਸ ਵਿੱਚ ਕੁਆਲਾਲੰਪੁਰ, ਮਿਲਾਨ, ਰੋਮ, ਲੰਡਨ ਅਤੇ ਬਰਮਿੰਘਮ ਲਈ ਉਡਾਣਾਂ ਸ਼ਾਮਲ ਹਨ। ਸਿੱਟੇ ਵੱਜੋਂ ਫਰਵਰੀ 2024 ਵਿੱਚ ਅੰਤਰਰਾਸ਼ਟਰੀ ਹਵਾਈ ਜਹਾਜ਼ਾਂ ਦੀ ਆਵਾਜਾਈ ਪਿਛਲੇ ਸਾਲ ਨਾਲੋਂ 402 ਤੋਂ ਵੱਧ ਕੇ 474 ਦਰਜ ਕੀਤੀ ਗਈ। ਇਹ ਵੀ ਜ਼ਿਕਰਯੋਗ ਹੈ ਕਿ ਵੱਧ ਗਿਣਤੀ ਵਿੱਚ ਪੰਜਾਬੀ ਹੁਣ ਦਿੱਲੀ ਦੀ ਬਜਾਏ ਅੰਮ੍ਰਿਤਸਰ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਤਰਜੀਗ ਦੇ ਰਹੇ ਹਨ।
ਇਹਨਾਂ ਅੰਕੜਿਆਂ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਗੁਮਟਾਲਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਆਵਾਜਾਈ ਵਿੱਚ ਵਾਧੇ ਦੇ ਨਾਲ ਘਰੇਲੂ ਆਵਾਜਾਈ ਵਿੱਚ ਵੀ 13.6% ਵਾਧਾ ਦਰਜ ਕੀਤਾ ਗਿਆ। ਘਰੇਲੂ ਯਾਤਰੀਆਂ ਦੀ ਗਿਣਤੀ ਫਰਵਰੀ 2023 ਵਿੱਚ 1,68,076 ਦੇ ਮੁਕਾਬਲੇ ਇਸ ਸਾਲ ਵੱਧ ਕੇ 1,90,866 ਯਾਤਰੀ ਹੋ ਗਈ। ਲੱਖਾਂ ਪੰਜਾਬੀਆਂ ਨੂੰ ਹਾਲੇ ਵੀ ਕਈ ਮੁਲਕਾਂ ਲਈ ਸਿੱਧੀਆਂ ਅੱਤਰਰਾਸ਼ਟਰੀ ਉਡਾਣਾਂ ਦੀ ਘਾਟ ਹੋਣ ਕਰਕੇ ਦਿੱਲੀ ਰਾਹੀਂ ਪੰਜਾਬ ਆਉਣ ਲਈ ਮਜਬੂਰ ਹੋਣਾ ਪੈਂਦਾ ਹੈ।
ਉਹਨਾਂ ਅੱਗੇ ਦੱਸਿਆ ਕਿ ਅੰਕੜਿਆ ਦਾ ਵਿਸ਼ਲੇਸ਼ਣ ਇਹ ਵੀ ਦਰਸਾਉਂਦਾ ਹੈ ਕਿ ਹਾਲਾਂਕਿ ਘਰੇਲੂ ਜਹਾਜ਼ਾਂ ਦੀ ਆਵਾਜਾਈ ਫਰਵਰੀ 2024 ਵਿੱਚ 1268 ਸੀ ਜੋ ਕਿ ਪਿਛਲੇ ਸਾਲ ਨਾਲੋਂ ਸਿਰਫ 0.4% ਵੱਧ ਸੀ, ਪਰ ਯਾਤਰੀ ਆਵਾਜਾਈ ਵਿੱਚ ਲਗਭਗ 23,000 ਯਾਤਰੀਆਂ ਦਾ ਵਾਧਾ ਹੋਇਆ। ਇਸ ਦਾ ਮੁੱਖ ਕਾਰਨ ਫਰਵਰੀ ਮਹੀਨੇ ਦੋਰਾਨ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਸੀ ਜਿਸ ਨਾਲ ਹਰਿਆਣਾ ਰਾਹੀਂ ਦਿੱਲੀ ਜਾਣ ਲਈ ਸੜਕੀ ਆਵਾਜਾਈ ਵਿੱਚ ਵਿਘਣ ਪੈ ਰਿਹਾ ਸੀ। ਸਿੱਟੇ ਵੱਜੋਂ ਦਿੱਲੀ-ਅੰਮ੍ਰਿਤਸਰ ਰੂਟ 'ਤੇ ਹਵਾਈ ਕਿਰਾਏ ਵੀ ਕਈ ਗੁਣਾਂ ਵਧ ਗਏ ਅਤੇ ਕਈ ਦਿਨ ਏਅਰਪੋਰਟ 'ਤੇ ਜਿਆਦਾ ਭੀੜ ਵੀ ਵੇਖੀ ਗਈ।
ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਦਸੰਬਰ 2023 ਵਿੱਚ ਹੁਣ ਤੱਕ ਦੇ ਸਭ ਤੋਂ ਵੱਧ 3.38,512 ਯਾਤਰੀਆਂ ਦੇ ਨਵੇਂ ਰਿਕਾਰਡ ਤੋਂ ਬਾਅਦ, ਹੁਣ ਫਰਵਰੀ ਮਹੀਨੇ ਵਿੱਚ ਕੁੱਲ 2,85,491 ਯਾਤਰੀਆਂ ਨਾਲ ਹਵਾਈ ਅੱਡੇ ਦੇ ਇਤਿਹਾਸ ਵਿੱਚ ਇਹ ਦੂਜਾ ਸਭ ਤੋਂ ਵੱਧ ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰੀਆਂ ਦਾ ਰਿਕਾਰਡ ਹੈ।
ਗੁਮਟਾਲਾ ਨੇ ਏਅਰਪੋਰਟ ਤੋਂ ਹੁਣ ਰੋਜ਼ਾਨਾ 10,000 ਤੋਂ ਵੱਧ ਮੁਸਾਫਰਾਂ ਦੀ ਗਿਣਤੀ ਪਾਰ ਕਰਨ ਦੇ ਬਾਵਜੂਦ, ਪੰਜਾਬ ਦੀ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ ਨੂੰ ਨਜ਼ਰਅੰਦਾਜ਼ ਕਰਨ 'ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਦੇ ਧਿਆਨ ਵਿੱਚ ਲਿਆਉਣ ਅਤੇ ਬਹੁਤ ਸਾਰੀਆਂ ਬੇਨਤੀਆਂ ਕਰਨ ਦੇ ਬਾਵਜੂਦ, ਪੰਜਾਬ ਦਾ ਇਹ ਹਵਾਈ ਅੱਡਾ ਸੂਬੇ ਦੇ ਹੋਰ ਸ਼ਰਾਂ ਨਾਲ ਜਨਤਕ ਆਵਾਜਾਈ ਲਈ ਬੱਸ ਸੰਪਰਕ ਤੋਂ ਵਾਂਝਾ ਹੈ। ਇੱਥੋਂ ਬੱਸ ਸੇਵਾ ਸ਼ੁਰੂ ਕਰਨ ਦੀ ਬਜਾਏ, ਸੂਬਾ ਸਰਕਾਰ ਲਗਾਤਾਰ ਪੰਜਾਬ ਦੇ ਕਈ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਲਈ ਬੱਸ ਸੰਪਰਕ ਨੂੰ ਉਤਸ਼ਾਹਿਤ ਅਤੇ ਹੋਰ ਵੀ ਵਧਾ ਰਹੀ ਹੈ।
ਅੰਮ੍ਰਿਤਸਰ ਤੋਂ ਇਸ ਸਮੇਂ ਲੰਡਨ, ਬਰਮਿੰਘਮ, ਦੋਹਾ, ਦੁਬਈ, ਸ਼ਾਰਜਾਹ, ਮਿਲਾਨ, ਰੋਮ, ਸਿੰਗਾਪੁਰ, ਕੁਆਲਾਲੰਪੁਰ, ਦਿੱਲੀ, ਮੁੰਬਈ, ਅਹਿਮਦਾਬਾਦ, ਸ਼੍ਰੀਨਗਰ, ਬੈਂਗਲੁਰੂ, ਹੈਦਰਾਬਾਦ, ਲਖਨਊ, ਕੋਲਕਤਾ, ਸ਼ਿਮਲਾ, ਕੁੱਲੂ, ਪੂਨੇ ਸਣੇ 9 ਵਿਦੇਸ਼ ਦੇ ਅਤੇ 11 ਘਰੇਲੂ ਹਵਾਈ ਅੱਡਿਆਂ ਲਈ ਸਿੱਧੀਆਂ ਉਡਾਣਾਂ ਹਨ।