Amritsar News: ਸ੍ਰੀ ਦਰਬਾਰ ਸਾਹਿਬ ਸਮੂਹ ਨੇੜੇ ਧਮਾਕਿਆਂ ਮਗਰੋਂ ਐਕਸ਼ਨ ਮੋਡ 'ਚ ਸ਼੍ਰੋਮਣੀ ਕਮੇਟੀ, ਪਹਿਲੀ ਵਾਰ ਚੁੱਕਿਆ ਅਹਿਮ ਕਦਮ
ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਦੇ ਅੰਦਰ ਤੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧਾਂ ਵਿੱਚ ਵਾਧਾ ਕਰ ਦਿੱਤਾ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰਾਂ ’ਤੇ ਮਹਿਲਾ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ।
Amritsar News: ਸ੍ਰੀ ਦਰਬਾਰ ਸਾਹਿਬ ਸਮੂਹ ਨੇੜੇ ਪਿਛਲੇ ਦਿਨੀਂ ਧਮਾਕਿਆਂ ਦੀਆਂ ਘਟਨਾਵਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਐਕਸ਼ਨ ਮੋਡ ਵਿੱਚ ਆ ਗਈ ਹੈ। ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਦੇ ਅੰਦਰ ਤੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧਾਂ ਵਿੱਚ ਵਾਧਾ ਕਰ ਦਿੱਤਾ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰਾਂ ’ਤੇ ਮਹਿਲਾ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ।
ਦੱਸ ਦਈਏ ਕਿ ਇਸ ਧਰਮ ਅਸਥਾਨ ’ਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ ਜਿਨ੍ਹਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ ਜੋੜਾਘਰ ਨੇੜੇ ਇੱਕ ਵੱਡੇ ਆਕਾਰ ਦੀ ਐਲਈਡੀ ਵੀ ਲਗਾਈ ਗਈ ਹੈ, ਜੋ ਬਹੁ-ਭਾਸ਼ਾਈ ਸ਼ਬਦਾਂ ਤੇ ਆਵਾਜ਼ ਵਿੱਚ ‘ਕੀ ਕਰਨਾ ਤੇ ਕੀ ਨਾ ਕਰਨਾ’ ਬਾਰੇ ਜਾਣਕਾਰੀ ਦੇਵੇਗੀ। ਇਸ ਤੋਂ ਇਲਾਵਾ ਐਲਈਡੀ ਰਾਹੀਂ ਧਾਰਮਿਕ ਮਰਿਆਦਾ ਤੇ ਸਿੱਖ ਸਿਧਾਂਤਾਂ ਦੀ ਮਹੱਤਤਾ ਨੂੰ ਦਰਸਾਉਂਦੀ ਜਾਣਕਾਰੀ ਦਿੱਤੀ ਜਾਵੇਗੀ।
ਇਸ ਨਾਲ ਅਕਾਲ ਤਖ਼ਤ, ਇਤਿਹਾਸਕ ‘ਦੁੱਖ ਭੰਜਨੀ ਬੇਰੀ’, ‘ਬੇਰ ਬਾਬਾ ਬੁੱਢਾ ਸਾਹਿਬ’ ਅਤੇ ਲਾਚੀ ਬੇਰ ਵਰਗੇ ਹੋਰ ਮਹੱਤਵਪੂਰਨ ਸਥਾਨਾਂ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ। ਦਰਬਾਰ ਸਾਹਿਬ ਕੰਪਲੈਕਸ ਵਿਚ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਪਹਿਲਾਂ ਹੀ ਵੱਖਰੇ ਪੱਕੇ ਬੋਰਡ ਲਾਏ ਹੋਏ ਹਨ, ਜਿਨ੍ਹਾਂ ’ਤੇ ਗੁਰੂ ਘਰ ਵਿੱਚ ਸਿਗਰਟ, ਤੰਬਾਕੂ ਜਾਂ ਕੋਈ ਵੀ ਨਸ਼ਾ ਕਰਨ ਵਾਲੀ ਵਸਤੂ ਨਾ ਲਿਜਾਣ ਬਾਰੇ ਲਿਖਿਆ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਸਾਰੇ ਕਦਮ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਚੁੱਕੇ ਗਏ ਹਨ। ਪਹਿਲੀ ਵਾਰ ਦਾਖਲਾ ਗੇਟਾਂ ‘ਤੇ ਮਹਿਲਾ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਤੇ ਐਲਈਡੀ ਲਗਾਈ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ‘ਤੇ ਸਕੈਨਰ ਤੇ ਹੋਰ ਸੀਸੀਟੀਵੀ ਲਗਾਉਣ ਦੀ ਵੀ ਯੋਜਨਾ ਹੈ। ਪਹਿਲਾਂ ਵੀ ਇੱਥੇ ਵੱਡੀ ਗਿਣਤੀ ’ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਤੇ ਹੁਣ ਗਲਿਆਰੇ ਵਿੱਚ ਵੀ ਸੀਸੀਟੀਵੀ ਕੈਮਰੇ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮਹਿਲਾ ਮੁਲਾਜ਼ਮ ਪ੍ਰਵੇਸ਼ ਦੁਆਰਾਂ ’ਤੇ ਮਹਿਲਾ ਸੈਲਾਨੀਆਂ ਦੇ ਸਾਮਾਨ ਦੀ ਜਾਂਚ ਕਰਨਗੇ। ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਤੋਂ ਇਲਾਵਾ ਹੋਰ ਗੁਰੂ ਘਰਾਂ ਵਿੱਚ ਵੀ ਇਹੀ ਸੁਰੱਖਿਆ ਪ੍ਰਕਿਰਿਆ ਅਪਣਾਈ ਜਾਵੇਗੀ।
ਦੱਸ ਦਈਏ ਕਿ ਹਾਲ ਹੀ ਵਿਚ ਵਾਪਰੀਆਂ ਧਮਾਕੇ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਨਾਲ ਇੱਕ ਔਰਤ ਵੀ ਸ਼ਾਮਲ ਸੀ। ਉਹ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਸ੍ਰੀ ਗੁਰੂ ਰਾਮ ਦਾਸ ਸਰਾਂ ਵਿੱਚ ਠਹਿਰੇ ਤੇ ਸਰਾਵਾਂ ਦੇ ਅੰਦਰ ਧਮਾਕਾ ਸਮੱਗਰੀ ਤੋਂ ਆਸਾਨੀ ਨਾਲ ਦੇਸੀ ਬੰਬ ਤਿਆਰ ਕੀਤਾ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਇਕ ਬੈਗ ਬਰਾਮਦ ਕੀਤਾ ਸੀ, ਜਿਸ ’ਚ ਧਮਾਕਾ ਸਮੱਗਰੀ ਸੀ। ਉਸ ਵੇਲੇ ਅਜਿਹੀ ਸੁਰੱਖਿਆ ਤੇ ਚੌਕਸੀ ਨਾ ਹੋਣ ਕਾਰਨ ਹੀ ਉਹ ਸਾਰੇ ਇਹ ਸਮੱਗਰੀ ਲੈ ਕੇ ਸਰਾਂ ਵਿਚ ਪੁੱਜ ਗਏ ਸਨ।