(Source: ECI/ABP News/ABP Majha)
Amritsar News: ਅਕਾਲੀ ਦਲ ਨੂੰ ਝਟਕੇ ਮਗਰੋਂ ਐਕਸ਼ਨ ਮੋਡ 'ਚ ਸ਼੍ਰੋਮਣੀ ਕਮੇਟੀ, ਹਰ ਹਲਕੇ 'ਚ ਸਜਾਏ ਜਾਣਗੇ ਸਿੰਘ, ਪੜ੍ਹਾਇਆ ਜਾਏਗਾ ਧਰਮ ਦਾ ਪਾਠ
ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਦਿਆਂ ਹਲਕਾ ਪੱਧਰ ’ਤੇ ਗੁਰਮਤਿ ਸਮਾਗਮ ਕਰਨ ਤੇ ਅੰਮ੍ਰਿਤ ਸੰਚਾਰ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
Amritsar News: ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਪੰਥਕ ਪਾਰਟੀ ਕਹਾਉਣ ਵਾਲੇ ਅਕਾਲੀ ਦਲ ਦਾ ਵੋਟ ਬੈਂਕ ਮਹਿਜ਼ 14 ਫੀਸਦੀ ਰਹਿ ਗਿਆ ਹੈ। ਅਕਾਲੀ ਦਲ ਦੇ ਖੁਰਦੇ ਆਧਾਰ ਮਗਰੋਂ ਸ਼੍ਰੋਮਣੀ ਕਮੇਟੀ ਵੀ ਫਿਕਰਮੰਦ ਨਜ਼ਰ ਆ ਰਹੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਨੇ ਪੰਜਾਬ ਦੇ ਹਰ ਹਲਕੇ ਵਿੱਚ ਜਾ ਕੇ ਧਰਮ ਪ੍ਰਚਾਰ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਅੰਮ੍ਰਿਤ ਸੰਚਾਰ ਵੀ ਕੀਤਾ ਜਾਏਗਾ।
ਹਾਸਲ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਦਿਆਂ ਹਲਕਾ ਪੱਧਰ ’ਤੇ ਗੁਰਮਤਿ ਸਮਾਗਮ ਕਰਨ ਤੇ ਅੰਮ੍ਰਿਤ ਸੰਚਾਰ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਪ੍ਰਚਾਰਕ ਜਥੇ ਹਰ ਪਿੰਡ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਗੇ ਤੇ ਹਲਕੇ ਵਿੱਚ ਹੋਣ ਵਾਲੇ ਅੰਮ੍ਰਿਤ ਸੰਚਾਰ ਲਈ ਸੰਗਤਾਂ ਨੂੰ ਤਿਆਰ ਕਰਨਗੇ। ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਇਸ ਫ਼ੈਸਲੇ ਨੂੰ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਗੁਰਮਤਿ ਪ੍ਰਚਾਰ ਵਹੀਰ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਸਤੰਬਰ ਮਹੀਨੇ ਵਿੱਚ ਇਹ ਸ਼ਤਾਬਦੀ ਦਿਹਾੜੇ ਸਿੱਖ ਕੌਮ ਵੱਲੋਂ ਕੌਮੀ ਜਾਹੋ-ਜਲਾਲ ਨਾਲ ਮਨਾਏ ਜਾਣਗੇ।
ਇਨ੍ਹਾਂ ਸ਼ਤਾਬਦੀਆਂ ਦੇ ਸਬੰਧ ਵਿੱਚ 13 ਤੇ 14 ਸਤੰਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਮੁੱਖ ਸਮਾਗਮ ਹੋਣਗੇ ਜਦਕਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ 15 ਤੋਂ 18 ਸਤੰਬਰ ਤੱਕ ਗੁਰਮਤਿ ਸਮਾਗਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਜ਼ਿਲ੍ਹਾ ਤਰਨ ਤਾਰਨ, ਅੰਮ੍ਰਿਤਸਰ ਤੇ ਕਪੂਰਥਲਾ ਦੇ ਪਿੰਡਾਂ ਵਿੱਚ ਪ੍ਰਚਾਰਕ ਜਥੇ ਕਾਰਜਸ਼ੀਲ ਹਨ, ਜਦਕਿ ਹੁਣ ਪੂਰੇ ਪੰਜਾਬ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਸਮਾਗਮ ਤੇ ਨਗਰ ਕੀਰਤਨ ਸਜਾਉਣ ਦਾ ਵੀ ਪ੍ਰੋਗਰਾਮ ਹੈ। ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਤੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਨਾਲ ਸਬੰਧਤ ਮਾਮਲੇ ਵੀ ਵਿਚਾਰੇ ਗਏ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ, ਅੰਤ੍ਰਿੰਗ ਕਮੇਟੀ ਮੈਂਬਰ ਤੇ ਅਧਿਕਾਰੀ ਸ਼ਾਮਲ ਸਨ।