Babri Masjid: ਬਾਬਰੀ ਮਸਜਿਦ ਪ੍ਰਤੀ ਹੇਰਵੇ ਪਿੱਛੇ ਸੁਖਬੀਰ ਬਾਦਲ ਦਾ ਲੁਕਵਾ ਏਜੰਡਾ : ਪ੍ਰੋ. ਸਰਚਾਂਦ ਸਿੰਘ ਖਿਆਲਾ
Sarchand Khyala on Sukhbir Badal: ਮੁਸਲਮਾਨਾਂ ਪ੍ਰਤੀ ਹੇਜ ਅਤੇ ਬਾਬਰੀ ਮਸਜਿਦ ਦੇ ਹੇਰਵੇ ਪਿੱਛੇ ਸੁਖਬੀਰ ਬਾਦਲ ਦਾ ’ਲੁਕਵਾ ਏਜੰਡਾ’ ਉਸੇ ਦੀ ਤਰਜਮਾਨੀ ਹੈ, ਜੋ ਆਈ ਐਨ ਡੀ ਆਈ ਏ ਗੱਠਜੋੜ ਵੱਲੋਂ ਸਨਾਤਨ ਧਰਮ ਜਾਂ ਹਿੰਦੂਤਵ ’ਤੇ ਵਾਰ ਕਰਦਿਆਂ
Sarchand Khyala on Sukhbir Badal: ਅਯੁੱਧਿਆ ਧਾਮ ਵਿਚ ਉਸਾਰੇ ਜਾ ਰਹੇ ਵਿਸ਼ਾਲ ਰਾਮ ਮੰਦਰ ’ਚ 22 ਜਨਵਰੀ ਨੂੰ ਸ੍ਰੀ ਰਾਮਲੱਲਾ ਦੀ ਮੂਰਤੀ ਸਥਾਪਿਤ ਕਰਨ ਦੀ ਪਵਿੱਤਰ ਰਸਮ ’ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਪ੍ਰਤੀ ਦੇਸ਼ ਭਰ ’ਚ ਭਾਰੀ ਉਤਸ਼ਾਹ ਦਾ ਮਾਹੌਲ ਹੈ, ਅਜਿਹੇ ’ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦੇਸ਼ ’ਚ ਮੁਸਲਮਾਨਾਂ ਦੀ 18 ਫ਼ੀਸਦੀ ਆਬਾਦੀ ਦੇ ਬਾਵਜੂਦ ਬਾਬਰੀ ਮਸਜਿਦ ਨੂੰ ਨਾ ਬਚਾ ਸਕਣ ਪ੍ਰਤੀ ਜੁਮਲਾ ਉਛਾਲ ਦਿੱਤਾ ਗਿਆ।
ਸਵਾਰਥੀ ਵੋਟ ਰਾਜਨੀਤੀ ਦੇਸ਼ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਤਾਕ ’ਚ ਹੈ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਮੁੱਦੇ ਨੂੰ ’ਹਿੰਦੂ ਬਨਾਮ ਮੁਸਲਿਮ’ ਬਣਾਉਂਦਿਆਂ ’ਦੇਸ਼ ਵਿਚ ਮੁਸਲਿਮ ਸੁਰੱਖਿਅਤ ਨਹੀਂ’ ਵਾਲਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਲੰਮੇ ਸਮੇਂ ਤੋਂ ਰਹੇ ਸਦਭਾਵਨਾ, ਭਾਈਚਾਰਕ ਸਾਂਝ ਅਤੇ ਅਮਨ ਸ਼ਾਂਤੀ ਨੂੰ ਪੈਦਾ ਹੋਣ ਵਾਲੇ ਖ਼ਤਰੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਅਕਾਲੀ ਦਲ ਨੂੰ ਐਨ ਡੀ ਏ ’ਚ ਮੁੜ ਸਥਾਨ ਨਾ ਮਿਲਣਾ ਜਾਂ ਕਹਿ ਲਓ ਕਿ ਭਾਜਪਾ ਵੱਲੋਂ ਗੱਠਜੋੜ ਨਾ ਕਰਨ ਦੇ ਨਤੀਜੇ ਵਜੋਂ ਸੁਖਬੀਰ ਬਾਦਲ ਨੇ ਨਫ਼ਰਤੀ ਬਿਆਨ ਰਾਹੀਂ ਘੱਟਗਿਣਤੀ ਵਾਲਾ ਪਤਾ ਖੇਡਿਆ । ਮੁਸਲਮਾਨਾਂ ਪ੍ਰਤੀ ਹੇਜ ਅਤੇ ਬਾਬਰੀ ਮਸਜਿਦ ਦੇ ਹੇਰਵੇ ਪਿੱਛੇ ਸੁਖਬੀਰ ਬਾਦਲ ਦਾ ’ਲੁਕਵਾ ਏਜੰਡਾ’ ਉਸੇ ਦੀ ਤਰਜਮਾਨੀ ਹੈ, ਜੋ ਆਈ ਐਨ ਡੀ ਆਈ ਏ ਗੱਠਜੋੜ ਵੱਲੋਂ ਸਨਾਤਨ ਧਰਮ ਜਾਂ ਹਿੰਦੂਤਵ ’ਤੇ ਵਾਰ ਕਰਦਿਆਂ ’ਹਿਡਨ ਏਜੰਡੇ’ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਜਿਵੇਂ ਕਿ ਤਾਮਿਲਨਾਡੂ ਤੋਂ ਡੀ ਐੱਮ ਕੇ ਨੇਤਾ ਉਦੈਨਿਧੀ ਸਟਾਲਿਨ ਦਾ ਸਨਾਤਨ ਧਰਮ ਵਿਰੁੱਧ ਬਿਆਨ ਅਤੇ ਇਸ ਦੇ ਸੰਸਦ ਮੈਂਬਰ ਸੈਥਿਲ ਕੁਮਾਰ ਵੱਲੋਂ ਹਿੰਦੀ ਭਾਸ਼ਾਈ ਸੂਬਿਆਂ ਨੂੰ ਗਊ ਮੂਤਰ ਸੂਬੇ ਕਹਿਣਾ ਜਾਂ ਸਿਆਸਤ ਨੂੰ ਉਤਰ ਭਾਰਤ ਬਨਾਮ ਦੱਖਣ ਭਾਰਤ ਵਜੋਂ ਰੇਖਾਂਕਿਤ ਕਰਦਿਆਂ ਭਾਰਤੀ ਸਮਾਜ ’ਚ ਨਫ਼ਰਤ ਅਤੇ ਅਰਾਜਕਤਾ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਗੁੰਦੇ ਜਾ ਰਹੇ ਹਨ। ਬਹੁਗਿਣਤੀ ਭਾਈਚਾਰੇ ਵੱਲੋਂ ਨਰਿੰਦਰ ਮੋਦੀ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਭਾਜਪਾ ਵਿਰੋਧੀ ਖੇਮਾ ਹਤਾਸ਼ ਅਤੇ ਸਹਿਮਿਆ ਹੋਇਆ ਹੈ।
ਉਹ ਸਮਾਜ ਦੀਆਂ ਦੂਜੀਆਂ ਧਿਰਾਂ ਨੂੰ ਨਾਲ ਜੋੜਨ ਹਿਤ ਸਨਾਤਨ ਧਰਮ ’ਤੇ ਨਿਸ਼ਾਨਾ ਸਾਧਦਿਆਂ ਭਾਰਤੀ ਸਮਾਜ ਵਿਚ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ’ਤੇ ਅਮਲ ਕਰਨ ’ਤੇ ਉਤਾਰੂ ਹਨ। ਬੇਸ਼ੱਕ ਭਾਰਤ ’ਚ ਲੋਕਾਂ ਨੂੰ ਧਰਮ ਅਤੇ ਧਾਰਮਿਕ ਸਥਾਨਾਂ ਦੇ ਨਾਂਅ ’ਤੇ ਭੜਕਾ ਕੇ ਸਵਾਰਥੀ ਏਜੰਡੇ ਦੀ ਪੂਰਤੀ ਲਈ ਲੜਾਉਣਾ ਔਖਾ ਨਹੀਂ ਹੈ।
ਪਰ ਸਾਡੀ ਲੀਡਰਸ਼ਿਪ ਦਾ ਇਹ ਸਮਝਣਾ ਜ਼ਰੂਰੀ ਹੈ ਕਿ ਮਜ਼੍ਹਬੀ ਸੋਚ ਨੂੰ ਉਤਸ਼ਾਹਿਤ ਕਰਨ ਦਾ ਨਤੀਜਾ ਦੇਸ਼ ਪਹਿਲਾਂ ਹੀ ਪਾਕਿਸਤਾਨ ਦੇ ਰੂਪ ’ਚ ਭੁਗਤ ਰਿਹਾ ਹੈ। ਇਸ ਨੂੰ ਫਿਰ ਦੁਹਰਾਉਣਾ ਠੀਕ ਨਹੀਂ ਹੋਵੇਗਾ।
ਸੁਖਬੀਰ ਬਾਦਲ ਬਾਬਰੀ ਮਸਜਿਦ ਦਾ ਹੇਰਵਾ ਜਤਾ ਕੇ ਪਾਕਿਸਤਾਨ ਦੀ ਬੋਲੀ ਬੋਲਣ ਤੋਂ ਸੰਕੋਚ ਕਰਨ ਦੀ ਜ਼ਰੂਰਤ ਸੀ, ਸਭ ਨੂੰ ਪਤਾ ਹੈ ਕਿ ਆਈ ਐਸ ਆਈ ਭਾਰਤ ਨੂੰ ਅਸਥਿਰ ਕਰਨ ਲਈ ਦੇਸ਼ ਦੇ ਨੌਜਵਾਨਾਂ ਨੂੰ ਪੈਸਾ, ਹਥਿਆਰ ਅਤੇ ਨਸ਼ਾ ਸਪਲਾਈ ਕਰ ਰਿਹਾ ਹੈ।
ਮੁਸਲਮਾਨਾਂ ’ਚ ਏਕਤਾ ਹੋਵੇ ਚੰਗੀ ਗਲ ਹੈ, ਪਰ ਸੁਖਬੀਰ ਬਾਦਲ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿੱਥੇ ਵੀ ਮੁਸਲਮਾਨ ਤਾਕਤ ’ਚ ਹਨ, ਜਿਵੇਂ ਕਿ ਕਸ਼ਮੀਰ ’ਚ 1990 ਦੌਰਾਨ ਹਿੰਦੂਆਂ ਦੇ ਨਾਮੋ ਨਿਸ਼ਾਨ ਮਿਟਾਉਣ ਦੀ ਕਿਵੇਂ ਹਰਕਤ ਕੀਤੀ ਗਈ? ਹਾਲ ਹੀ ’ਚ ਹੋਇਆ ਨੂੰਹ ਹਿੰਸਾ ਤਾਜ਼ਾ ਪ੍ਰਮਾਣ ਹੈ।
ਸਿਆਸਤਦਾਨਾਂ ਦੀ ਫ਼ਿਰਕਾਪ੍ਰਸਤ ਜ਼ਹਿਨੀਅਤ ਨਾਲ ਦੰਗੇ ਫ਼ਸਾਦ ਦਾ ਰੁਝਾਨ ਭਾਰਤੀ ਸਮਾਜ ਲਈ ਪ੍ਰੇਸ਼ਾਨ ਕਰਨ ਵਾਲਾ ਹੈ। ਫ਼ਿਰਕੂ ਹਿੰਸਾ ਹਜ਼ਾਰਾਂ ਮਾਸੂਮ ਲੋਕਾਂ ਦੀ ਜਾਨ ਲੈ ਚੁਕਾ ਹੈ। ਸੁਖਬੀਰ ਬਾਦਲ ਦੀ ਫ਼ਿਰਕੂ ਹਿੰਸਾ ਭੜਕਾਉਣ ਦੀ ਕੋਸ਼ਿਸ਼ ਨੇ ਉਸ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ।
ਉਹ ਅਗਾਮੀ ਚੋਣਾਂ ’ਚ ਵੋਟਾਂ ਦਾ ਧਰੁਵੀ ਕਰਨ ਕਰਦਿਆਂ ਸਿੱਖ ਵੋਟਰਾਂ ਅਤੇ ਘਟ ਗਿਣਤੀ ਭਾਈਚਾਰੇ ਨੂੰ ਆਪਣੇ ਪੱਖ ਵਿਚ ਭੁਗਤਾਉਣ ਲਈ ਨਫ਼ਰਤ ਦੀ ਸਿਆਸਤ ਨੂੰ ਹਵਾ ਦਿੰਦਿਆਂ ਖ਼ਤਰਨਾਕ ਖੇਡ ਖੇਡਣ ਵਲ ਰੁਚਿਤ ਹਨ।