ਦੋਸਤਾਂ ਨਾਲ ਪਾਰਟੀ 'ਚ ਗਏ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਦੋਸ਼ੀ ਲਾਸ਼ ਨੂੰ ਕਾਰ 'ਚ ਸੁੱਟ ਕੇ ਫਰਾਰ
ਪਿੰਡ ਬਾਸਰਕੇ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦਾ ਪੰਜ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸਦੀ ਪਤਨੀ ਕੈਨੇਡਾ ਵਿੱਚ ਹੈ ਜਦੋਂ ਕਿ ਉਹ ਆਪਣੀ ਚਾਰ ਸਾਲ ਦੀ ਧੀ ਨਾਲ ਇੱਥੇ ਰਹਿ ਰਿਹਾ ਸੀ। ਉਸ ਨੇ ਕਰੀਬ 20 ਦਿਨਾਂ ਬਾਅਦ ਆਪਣੀ ਪਤਨੀ ਕੋਲ ਕੈਨੇਡਾ ਜਾਣਾ ਸੀ
ਅੰਮ੍ਰਿਤਸਰ: ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਬਾਸਰਕੇ ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਮੁਲਜ਼ਮ ਲਾਸ਼ ਨੂੰ ਕਾਰ ਵਿੱਚ ਰੱਖ ਕੇ ਏਸੀ ਚਲਾ ਕੇ ਫ਼ਰਾਰ ਹੋ ਗਏ। ਪੁਲੀਸ ਨੇ ਰੇਲਵੇ ਫਾਟਕ ਨੇੜੇ ਕਾਰ ਵਿੱਚੋਂ ਲਾਸ਼ ਬਰਾਮਦ ਕੀਤੀ। ਡੀਐਸਪੀ ਸੰਜੀਵ ਠਾਕੁਰ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਿੰਡ ਬਾਸਰਕੇ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦਾ ਪੰਜ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸਦੀ ਪਤਨੀ ਕੈਨੇਡਾ ਵਿੱਚ ਹੈ ਜਦੋਂ ਕਿ ਉਹ ਆਪਣੀ ਚਾਰ ਸਾਲ ਦੀ ਧੀ ਨਾਲ ਇੱਥੇ ਰਹਿ ਰਿਹਾ ਸੀ। ਉਸ ਨੇ ਕਰੀਬ 20 ਦਿਨਾਂ ਬਾਅਦ ਆਪਣੀ ਪਤਨੀ ਕੋਲ ਕੈਨੇਡਾ ਜਾਣਾ ਸੀ। ਸ਼ੁੱਕਰਵਾਰ ਰਾਤ ਨੂੰ ਉਸ ਦੀ ਪਛਾਣ ਦੇ ਕੁਝ ਲੋਕ ਉਸ ਨੂੰ ਆਪਣੇ ਨਾਲ ਪਾਰਟੀ ਵਿਚ ਲੈ ਗਏ। ਕਾਫੀ ਦੇਰ ਬਾਅਦ ਜਦੋਂ ਉਹ ਘਰ ਨਾ ਪਰਤਿਆ ਤਾਂ ਰਿਸ਼ਤੇਦਾਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਪਰ ਉਸ ਦਾ ਕਿਧਰੇ ਵੀ ਸੁਰਾਗ ਨਹੀਂ ਮਿਲਿਆ।
ਗੁਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਮੋਬਾਈਲ ਫੋਨ ’ਤੇ ਕਈ ਵਾਰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਉਸ ਦੀ ਲਾਸ਼ ਸ਼ਨੀਵਾਰ ਸਵੇਰੇ ਉਸ ਦੀ ਚਿੱਟੇ ਰੰਗ ਦੀ ਕਾਰ ਵਿੱਚੋਂ ਮਿਲੀ। ਘਰਿੰਡਾ ਥਾਣੇ ਦੇ ਇੰਚਾਰਜ ਕਰਨਪਾਲ ਸਿੰਘ ਨੇ ਦੱਸਿਆ ਕਿ ਲਾਸ਼ ਬਰਾਮਦ ਕਰਕੇ ਆਸ-ਪਾਸ ਲੱਗੇ ਸੀਸੀਟੀਵੀ ਦੀ ਫੁਟੇਜ ਹਾਸਲ ਕਰ ਲਈ ਹੈ। ਬੀਤੀ ਰਾਤ ਗੁਰਪ੍ਰੀਤ ਜਿਸ ਥਾਂ 'ਤੇ ਪਾਰਟੀ ਕਰਨ ਗਿਆ ਸੀ, ਉਸ ਥਾਂ ਦੇ ਆਸਪਾਸ ਦੀ ਸੀਸੀਟੀਵੀ ਫੁਟੇਜ ਵੀ ਹਾਸਲ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਦੇ ਰਿਸ਼ਤੇਦਾਰਾਂ ਦੇ ਬਿਆਨਾਂ 'ਤੇ ਫਿਲਹਾਲ ਅਣਪਛਾਤੇ ਕਾਤਲਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਕਾਰ 'ਚ ਜਾ ਰਹੇ ਨੌਜਵਾਨ ਦੇ ਮਾਰੀ ਗੋਲੀ
ਅੰਮ੍ਰਿਤਸਰ ਦੇ ਮਾਹਲ ਬਾਈਪਾਸ ਪੁਲ ਨੇੜੇ ਅਜਨਾਲਾ ਰੋਡ ਵੱਲ ਜਾ ਰਹੇ ਤਰਨਤਾਰਨ ਦੇ ਕਨਵ ਵਡੇਰਾ 'ਤੇ ਬੀਤੀ ਦੇਰ ਸ਼ਾਮ ਇਨੋਵਾ ਕਾਰ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਵਡੇਰਾ ਦੇ ਖੱਬੇ ਮੋਢੇ ਵਿੱਚ ਲੱਗੀ। ਰਾਹਗੀਰਾਂ ਨੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਪਹੁੰਚਾਇਆ। ਛੇਹਰਟਾ ਥਾਣਾ ਇੰਚਾਰਜ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਇਨੋਵਾ ਸਵਾਰ ਸਾਹਿਲ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਤਰਨਤਾਰਨ ਵਾਸੀ ਕਨਵ ਵਡੇਰਾ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਸ਼ਾਮ ਕਰੀਬ 5 ਵਜੇ ਆਪਣੀ ਕਾਰ 'ਚ ਘਰੇਲੂ ਕੰਮ ਦੇ ਸਿਲਸਿਲੇ 'ਚ ਅਜਨਾਲਾ ਰੋਡ ਵੱਲ ਜਾ ਰਿਹਾ ਸੀ। ਜਦੋਂ ਉਹ ਮਾਲ ਪੁਲ ਨੇੜੇ ਪੁੱਜਾ ਤਾਂ ਇਨੋਵਾ ਕਾਰ 'ਚ ਸਵਾਰ ਤਰਨਤਾਰਨ ਵਾਸੀ ਸਾਹਿਲ ਨੇ ਆਪਣੇ 3 ਹੋਰ ਸਾਥੀਆਂ ਸਮੇਤ ਉਸ ਦੀ ਇਨੋਵਾ ਕਾਰ ਅੱਗੇ ਖੜ੍ਹੀ ਕਰਕੇ ਉਸ ਨੂੰ ਰੋਕ ਲਿਆ। ਦੋਸ਼ੀ ਸਾਹਿਲ ਨੇ ਪਿਸਤੌਲ ਕੱਢ ਕੇ ਉਸ 'ਤੇ ਗੋਲੀ ਚਲਾ ਦਿੱਤੀ, ਜਿਸ 'ਚੋਂ ਇਕ ਗੋਲੀ ਉਸ ਦੇ ਮੋਢੇ 'ਤੇ ਲੱਗੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਕਨਵ ਨੇ ਦੱਸਿਆ ਕਿ ਉਹ ਖੁਦ ਆਪਣੀ ਕਾਰ 'ਚ ਸਵਾਰ ਹੋ ਕੇ ਗੁਰੂ ਨਾਨਕ ਦੇਵ ਹਸਪਤਾਲ ਵੱਲ ਤੁਰ ਪਿਆ। ਜਦੋਂ ਉਹ ਮਜੀਠਾ ਰੋਡ ’ਤੇ ਮੱਖਣ ਮੱਛੀ ਨੇੜੇ ਪੁੱਜਾ ਤਾਂ ਉਸ ਦੀ ਹਾਲਤ ਵਿਗੜ ਗਈ। ਰਾਹਗੀਰਾਂ ਨੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਪਹੁੰਚਾਇਆ। ਛੇਹਰਟਾ ਥਾਣਾ ਇੰਚਾਰਜ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀ ਕਨਵ ਵਡੇਰਾ ਦੇ ਬਿਆਨਾਂ 'ਤੇ ਸਾਹਿਲ ਅਤੇ ਉਸ ਦੇ 3 ਹੋਰ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਵੀ ਕੀਤੀ ਪਰ ਮੁਲਜ਼ਮ ਘਰੋਂ ਫ਼ਰਾਰ ਹੋ ਗਏ ਹਨ।