ਚੰਡੀਗੜ੍ਹ ਸਕੂਲ 'ਚ 2 ਅਧਿਆਪਕ ਆਪਸ 'ਚ ਭਿੜੇ, ਇੱਕ ਦੂਜੇ ਨੂੰ ਮਾਰੀਆਂ ਲੱਤਾਂ ਤੇ ਮੁੱਕੇ, ਝਗੜੇ ਦੀ ਹੈਰਾਨੀਜਨਕ ਵਜ੍ਹਾ ਆਈ ਸਾਹਮਣੇ
ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੋ ਟੀਚਰ ਜੰਮ ਕੇ ਲੜਦੇ ਹੋਏ ਨਜ਼ਰ ਆ ਰਹੇ ਹਨ। ਇਸ ਝਗੜੇ ਦੇ ਵਿੱਚ ਲੱਤਾਂ-ਮੁੱਕੇ ਖੂਬ ਚੱਲੇ। ਆਖ਼ਿਰ ਵਿੱਚ ਉੱਥੇ ਮੌਜੂਦ ਹੋਰ ਅਧਿਆਪਕਾਂ ਨੇ ਝਗੜਾ ਰੁਕਵਾਇਆ।

2 Teachers Clash in Chandigarh School: ਚੰਡੀਗੜ੍ਹ ਦੇ ਸਰਕਾਰੀ ਹਾਈ ਸਕੂਲ ਸੈਕਟਰ-29 'ਚ ਦੋ ਅਧਿਆਪਕਾਂ ਵਿਚਕਾਰ ਡਿਊਟੀ ਅਤੇ ਪੀਰਿਅਡ ਐਡਜਸਟਮੈਂਟ ਨੂੰ ਲੈ ਕੇ ਹੋਈ ਮਾਰਪੀਟ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਦੋਵੇਂ ਅਧਿਆਪਕ ਇਕ-ਦੂਜੇ ਨੂੰ ਲੱਤਾਂ, ਮੁੱਕੇ ਤੇ ਕੁਰਸੀ ਨਾਲ ਮਾਰਦੇ ਹੋਏ ਨਜ਼ਰ ਆ ਰਹੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਹਰਸੁਹਿੰਦਰਪਾਲ ਸਿੰਘ ਬਰਾੜ ਨੇ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਇਹ ਮਾਮਲਾ 23 ਅਪ੍ਰੈਲ ਦਾ ਹੈ, ਪਰ ਉਸ ਵੇਲੇ ਸਕੂਲ ਵੱਲੋਂ ਇਸ ਦੀ ਕੋਈ ਖਬਰ ਬਾਹਰ ਆਉਣ ਨਹੀਂ ਦਿੱਤੀ ਗਈ। ਹੁਣ ਇਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਹ ਸਵੇਰ ਦਾ ਸਮਾਂ ਸੀ ਅਤੇ ਲਾਇਬ੍ਰੇਰੀ ਵਿੱਚ ਕਈ ਅਧਿਆਪਕ ਬੈਠੇ ਹੋਏ ਸਨ।
ਚੱਲੇ ਮੁੱਕੇ ਤੇ ਲੱਤਾਂ
ਵਾਇਰਲ ਹੋ ਰਹੀ ਵੀਡੀਓ ਵਿੱਚ ਸਵੇਰ ਦੀ ਪ੍ਰਾਰਥਨਾ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ। ਓਸੇ ਸਮੇਂ ਇੱਕ ਅਧਿਆਪਕ ਆਪਣੀ ਕੁਰਸੀ ਤੋਂ ਉਠ ਕੇ ਪਿੱਛੇ ਵੱਲ ਦੌੜਦਾ ਹੈ ਅਤੇ ਉੱਥੇ ਖੜ੍ਹੇ ਦੂਜੇ ਅਧਿਆਪਕ ਨੂੰ ਲੱਤ ਮਾਰਦਾ ਹੈ। ਫਿਰ ਦੂਜਾ ਅਧਿਆਪਕ ਵੀ ਕੁਰਸੀ ਚੁੱਕ ਕੇ ਵਾਰ ਕਰਦਾ ਹੈ। ਦੋਵੇਂ ਵਿਚਕਾਰ ਲੰਬੀ ਦੇਰ ਤੱਕ ਲੱਤਾਂ-ਮੁੱਕਿਆਂ ਨਾਲ ਮਾਰਕੁੱਟ ਹੁੰਦੀ ਰਹੀ। ਆਖ਼ਿਰ ਵਿੱਚ ਉੱਥੇ ਮੌਜੂਦ ਹੋਰ ਅਧਿਆਪਕਾਂ ਨੇ ਝਗੜਾ ਰੁਕਵਾਇਆ।
ਜਦੋਂ ਅਧਿਆਪਕ ਸੰਜੇ ਤੋਂ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਆਪਣਾ ਪੱਖ ਉਹ ਵਿਭਾਗ ਨੂੰ ਲਿਖਤ ਰੂਪ ਵਿੱਚ ਦੇ ਚੁੱਕਾ ਹੈ। ਦੂਜੇ ਅਧਿਆਪਕ ਅਰੁਣ ਦਾ ਮੋਬਾਈਲ ਬੰਦ ਆ ਰਿਹਾ ਸੀ। ਪਤਾ ਲੱਗਾ ਹੈ ਕਿ ਜਿਨ੍ਹਾਂ ਦੋ ਅਧਿਆਪਕਾਂ ਵਿੱਚ ਝਗੜਾ ਹੋਇਆ ਉਹਨਾਂ ਦੇ ਨਾਮ ਅਰੁਣ ਕੁਮਾਰ ਅਤੇ ਸੰਜੇ ਹਨ। ਇੱਕ ਸੰਸਕ੍ਰਿਤ ਦਾ ਟੀਜੀਟੀ ਅਧਿਆਪਕ ਹੈ ਜਦਕਿ ਦੂਜਾ ਗਣਿਤ ਦਾ ਟੀਜੀਟੀ ਅਧਿਆਪਕ ਹੈ।
ਇਸ ਮਾਮਲੇ 'ਤੇ ਚੰਡੀਗੜ੍ਹ ਦੀ 'ਆਈ ਐਮ ਜੋਰਡਿਅਨ' ਸੰਸਥਾ ਦੇ ਪ੍ਰਧਾਨ ਤਨੇਜਾ ਨੇ ਕਿਹਾ ਕਿ ਅਸੀਂ ਸਕੂਲਾਂ ਵਿੱਚ ਬੱਚਿਆਂ ਨੂੰ ਸਿੱਖਿਆ ਅਤੇ ਅਨੁਸ਼ਾਸਨ ਸਿਖਾਉਣ ਲਈ ਭੇਜਦੇ ਹਾਂ। ਜੇਕਰ ਸਕੂਲ ਵਿੱਚ ਅਧਿਆਪਕ ਆਪਸ ਵਿੱਚ ਹੀ ਮਾਰਕੁੱਟ ਕਰਨਗੇ ਤਾਂ ਉਹ ਬੱਚਿਆਂ ਨੂੰ ਕੀ ਸਿਖਾਉਣਗੇ?
ਇਹ ਮਾਰਕੁੱਟ ਛੋਟੇ ਅਤੇ ਵੱਡੇ ਬੱਚਿਆਂ 'ਤੇ ਕੀ ਅਸਰ ਪਾਵੇਗੀ, ਇਹ ਗੰਭੀਰ ਮਸਲਾ ਹੈ। ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਨੂੰ ਇਸ ਸਬੰਧੀ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ ਅਤੇ ਇਨ੍ਹਾਂ ਅਧਿਆਪਕਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ। ਨਾਲ ਹੀ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ।






















