Chandigarh Weather: ਚੰਡੀਗੜ੍ਹ ਦੀ ਹਵਾ 'ਚ ਘੁਲਿਆ ਜ਼ਹਿਰ! ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ
Chandigarh AQI: ਚੰਡੀਗੜ੍ਹ ਦੀ ਹਵਾ 'ਚ ਵੀ ਜ਼ਹਿਰ ਘੁਲ ਗਿਆ ਹੈ। ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਟਰਾਈਸਿਟੀ ਵਿੱਚ ਵੀਰਵਾਰ ਨੂੰ ਵੀ ਹਵਾ ਦੀ ਗੁਣਵੱਤਾ ਵਿੱਚ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲੀ।
Chandigarh AQI: ਚੰਡੀਗੜ੍ਹ ਦੀ ਹਵਾ 'ਚ ਵੀ ਜ਼ਹਿਰ ਘੁਲ ਗਿਆ ਹੈ। ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਟਰਾਈਸਿਟੀ ਵਿੱਚ ਵੀਰਵਾਰ ਨੂੰ ਵੀ ਹਵਾ ਦੀ ਗੁਣਵੱਤਾ ਵਿੱਚ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲੀ। ਸ਼ਹਿਰ ਅੰਦਰ AQI ਪੱਧਰ 421 ਦੇ ਚਿੰਤਾਜਨਕ ਅੰਕੜੇ ਤੱਕ ਪਹੁੰਚ ਗਿਆ, ਜਿਸ ਨੂੰ ‘ਗੰਭੀਰ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਚੰਡੀਗੜ੍ਹ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਹਾਲਾਤ ਸ਼ੁੱਕਰਵਾਰ ਤੱਕ ਬਣੇ ਰਹਿਣਗੇ।
ਦੱਸ ਦਈਏ ਕਿ ਅਜਿਹਾ ਉੱਚ AQI ਪ੍ਰਦੂਸ਼ਣ ਦੇ ਖਤਰਨਾਕ ਪੱਧਰ ਨੂੰ ਦਰਸਾਉਂਦਾ ਹੈ ਜੋ ਗੰਭੀਰ ਸਿਹਤ ਖਤਰੇ ਪੈਦਾ ਕਰਦਾ ਹੈ। ਸਿਹਤ ਮਾਹਿਰਾਂ ਅਨੁਸਾਰ ਇਸ ਉੱਚ ਪੱਧਰ ਦਾ ਏਕਿਉਆਈ ਖਾਸ ਤੌਰ ’ਤੇ ਕਮਜ਼ੋਰ ਸਮੂਹਾਂ ਜਿਵੇਂ ਬੱਚਿਆਂ, ਬਜ਼ੁਰਗਾਂ ਤੇ ਸਾਹ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਬਹੁਤ ਖਤਰਨਾਕ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਸ਼ਹਿਰ ਵਿੱਚ ਸਵੇਰੇ 7 ਵਜੇ ਏਅਰ ਕੁਆਲਿਟੀ ਇੰਡੈਕਸ 418 ਸੀ, ਹਾਲਾਂਕਿ ਸਵੇਰੇ 9 ਵਜੇ ਤੱਕ ਔਸਤ AQI 412 ਤੇ ਆ ਗਿਆ। ਧੂੰਏਂ ਨੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ।
ਉਧਰ, ਮੌਸਮ ਵਿਭਾਗ ਦੇ ਮਾਹਰਾਂ ਦੇ ਅਨੁਸਾਰ ਪਹਾੜਾਂ ਵਿੱਚ ਪੱਛਮੀ ਗੜਬੜੀ ਨੇ ਖੇਤਰ ਵਿੱਚ ਨਮੀ ਦੀ ਮਾਤਰਾ ਨੂੰ ਵਧਾ ਦਿੱਤਾ ਹੈ, ਜਿਸ ਨਾਲ ਹਵਾ ਦਾ ਸੰਚਾਰ ਘਟਿਆ ਹੈ ਤੇ ਨਤੀਜੇ ਵਜੋਂ ਸਵੇਰ ਦੀ ਸੰਘਣੀ ਧੁੰਦ ਹੈ। ਖੇਤਰ ਦੀ ਵਿਗੜਦੀ ਹਵਾ ਦੀ ਗੁਣਵੱਤਾ ਸਿਰਫ ਫਸਲਾਂ ਨੂੰ ਸਾੜਨ ਦੇ ਨਤੀਜਾ ਵਜੋਂ ਨਹੀਂ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਕਿ ਹੋਰ ਮਹੱਤਵਪੂਰਨ ਯੋਗਦਾਨ ਪਾਉਣ ਵਾਲਿਆਂ ਵਿੱਚ ਧੂੜ ਤੇ ਸ਼ਹਿਰੀ ਪ੍ਰਦੂਸ਼ਣ ਸਰੋਤ ਸ਼ਾਮਲ ਹਨ ਜਿਵੇਂ ਵਾਹਨਾਂ ਦੇ ਤੋਂ ਨਿਕਲਦਾ ਧੂਆਂ ਤੇ ਉਦਯੋਗਿਕ ਨਿਕਾਸ ਆਦਿ।
ਦੱਸ ਦਈਏ ਕਿ ਪੰਜਾਬ ਵਿੱਚ ਬੁੱਧਵਾਰ ਨੂੰ 509 ਤਾਜ਼ਾ ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਦੋਂ ਕਿ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਮੰਡੀ ਗੋਬਿੰਦਗੜ੍ਹ (322) ਅਤੇ ਅੰਮ੍ਰਿਤਸਰ (310) ਸਨ। ਫਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਇੱਕ ਦਿਨ ਵਿੱਚ 91 ਖੇਤਾਂ ਵਿੱਚ ਅੱਗ ਦੇ ਮਾਮਲੇ ਦਰਜ ਕੀਤੇ ਗਏ ਤੇ ਦੂਜੇ ਨੰਬਰ ’ਤੇ ਮੋਗਾ ਵਿਚ 88 ਮਾਮਲੇ ਸਾਹਮਣੇ ਆਏ ਹਨ। ਖੇਤਾਂ ਵਿੱਚ ਅੱਗ ਲੱਗਣ ਦੇ ਮਾਮਲਿਆਂ ਦੀ ਕੁੱਲ ਗਿਣਤੀ 7,621 ਤੱਕ ਪਹੁੰਚ ਗਈ ਹੈ।