Chandigarh Mayor Election: ਕੌਣ ਬਣੇਗਾ ਚੰਡੀਗੜ੍ਹ ਦਾ ਮੇਅਰ? ਇਤਿਹਾਸ 'ਚ ਪਹਿਲੀ ਵਾਰ ਅਨੋਖਾ ਮੁਕਾਬਲਾ
Chandigarh: ਇਸ ਲਈ ਨਗਰ ਨਿਗਮ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਮੇਅਰ ਚੋਣਾਂ ਵਿੱਚ ਤਿੰਨ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।
Chandigarh Mayor Election: ਚੰਡੀਗੜ੍ਹ ਨਗਰ ਨਿਗਮ ਮੇਅਰ ਦੀ ਚੋਣ ਦਿਲਚਸਪ ਹੋ ਗਈ ਹੈ। ਇਸ ਵਾਰ ਬੀਜੇਪੀ, ਆਮ ਆਦਮੀ ਪਾਰਟੀ ਤੇ ਕਾਂਗਰਸ ਤਿੰਨੇ ਪਾਰਟੀਆਂ ਚੋਣ ਮੈਦਾਨ ਵਿੱਚ ਹਨ। ਇਸ ਲਈ ਨਗਰ ਨਿਗਮ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਮੇਅਰ ਚੋਣਾਂ ਵਿੱਚ ਤਿੰਨ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।
ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਚੁਣੇ ਗਏ ਕੌਂਸਲਰਾਂ ਦੀ ਗਿਣਤੀ 35 ਹੈ। ਤਾਜ਼ਾ ਸਥਿਤੀ ਅਨੁਸਾਰ ਭਾਜਪਾ ਕੋਲ 14 ਕੌਂਸਲਰ ਹਨ ਤੇ ਸਥਾਨਕ ਸੰਸਦ ਮੈਂਬਰ ਦੀ ਇੱਕ ਵੋਟ ਨਾਲ ਭਾਜਪਾ ਕੋਲ ਕੁੱਲ 15 ਵੋਟਾਂ ਹਨ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਕੋਲ 13, ਕਾਂਗਰਸ ਕੋਲ 7 ਤੇ ਸ਼੍ਰੋਮਣੀ ਅਕਾਲੀ ਦਲ ਕੋਲ ਇੱਕ ਕੌਂਸਲਰ ਦੀ ਵੋਟ ਹੈ।
ਉਧਰ, ਚੰਡੀਗੜ੍ਹ ਨਗਰ ਨਿਗਮ ਦੀ 18 ਜਨਵਰੀ ਨੂੰ ਹੋਣ ਵਾਲੀ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਚੋਣ ਲਈ ਨਾਮਜ਼ਦਗੀਆਂ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਆਪੋ-ਆਪਣੇ ਨਾਮਜ਼ਦਗੀ ਪੱਤਰ ਭਰ ਦਿੱਤੇ ਹਨ। ਮੇਅਰ ਚੋਣਾਂ ਲਈ ਨਗਰ ਨਿਗਮ ਦੇ ਨਾਮਜ਼ਦ ਕੌਂਸਲਰ ਅਨਿਲ ਮਸੀਹ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਬਣਾਇਆ ਗਿਆ ਹੈ।
ਦੂਜੇ ਪਾਸੇ ਚੰਡੀਗੜ੍ਹ ਦੇ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਜੋੜ-ਤੋੜ ਦੀ ਰਾਜਨੀਤੀ ਆਪਣੇ ਸਿਖਰਾਂ ’ਤੇ ਹੈ। ਕੁਝ ਦਿਨ ਪਹਿਲਾਂ ‘ਆਪ’ ਦਾ ਇੱਕ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋਇਆ ਸੀ ਤੇ ਸ਼ਨੀਵਾਰ ਨੂੰ ਭਾਜਪਾ ਦਾ ਇੱਕ ਕੌਂਸਲਰ ਗੁਰਚਰਨਜੀਤ ਸਿੰਘ ਕਾਲਾ ‘ਆਪ’ ਵਿੱਚ ਸ਼ਾਮਲ ਹੋ ਗਿਆ। ਇਸ ਲਈ ਮੁਕਾਬਲਾ ਦਿਲਚਸਪ ਹੁੰਦਾ ਜਾ ਰਿਹਾ ਹੈ।
ਕਾਂਗਰਸ ਨੇ ਮੇਅਰ ਦੇ ਅਹੁਦੇ ਲਈ ਕੌਂਸਲਰ ਜਸਬੀਰ ਸਿੰਘ ਬੰਟੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਲਈ ਗੁਰਪ੍ਰੀਤ ਸਿੰਘ ਗਾਬੀ ਤੇ ਡਿਪਟੀ ਮੇਅਰ ਲਈ ਨਿਰਮਲਾ ਦੇਵੀ ਨੂੰ ਚੋਣ ਅਖਾੜੇ ਵਿੱਚ ਉਤਾਰਨ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਪਾਰਟੀ ਦੇ ਤਿੰਨੇ ਉਮੀਦਵਾਰਾਂ ਨੇ ਸ਼ਨੀਵਾਰ ਨੂੰ ਆਪਣੀਆਂ ਨਾਮਜ਼ਦਗੀਆਂ ਭਰੀਆਂ।
‘ਆਪ’ ਨੇ ਤਿੰਨਾਂ ਅਹੁਦਿਆਂ ਲਈ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਉਨ੍ਹਾਂ ਕੌਂਸਲਰ ਕੁਲਦੀਪ ਟੀਟਾ ਨੂੰ ਮੇਅਰ, ਨੇਹਾ ਮੁਸਾਵਤ ਨੂੰ ਸੀਨੀਅਰ ਡਿਪਟੀ ਮੇਅਰ ਤੇ ਪੂਨਮ ਨੂੰ ਡਿਪਟੀ ਮੇਅਰ ਲਈ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਭਾਜਪਾ ਨੇ ਮਨੋਜ ਸੋਨਕਰ ਨੂੰ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ। ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕੁਲਜੀਤ ਸੰਧੂ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਰਾਜਿੰਦਰ ਸ਼ਰਮਾ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ।
ਦੱਸ ਦੇਈਏ ਕਿ ਨਗਰ ਨਿਗਮ ਦੀਆਂ ਚੋਣਾਂ ਪੰਜ ਸਾਲਾਂ ਲਈ ਹੁੰਦੀਆਂ ਹਨ। ਇਸ ਵਿੱਚ ਸ਼ਹਿਰ ਵਾਸੀ ਆਪਣੇ ਵਾਰਡਾਂ ਲਈ ਕੌਂਸਲਰ ਚੁਣਦੇ ਹਨ। ਇਸ ਤੋਂ ਬਾਅਦ ਹਰ ਸਾਲ ਨਗਰ ਕੌਂਸਲਰ ਇੱਕ ਸਾਲ ਲਈ ਸ਼ਹਿਰ ਵਿੱਚ ਮੇਅਰ ਟੀਮ ਦੀ ਚੋਣ ਕਰਦੇ ਹਨ। ਮੌਜੂਦਾ ਮੇਅਰ ਦਾ ਕਾਰਜਕਾਲ 17 ਜਨਵਰੀ ਨੂੰ ਖਤਮ ਹੋ ਰਿਹਾ ਹੈ।
ਮੇਅਰ ਚੋਣ ਦੀ ਕਾਰਵਾਈ 18 ਜਨਵਰੀ ਨੂੰ ਸਵੇਰੇ 11 ਵਜੇ ਸੈਕਟਰ-17 ਸਥਿਤ ਨਗਰ ਨਿਗਮ ਦਫ਼ਤਰ ਵਿੱਚ ਸ਼ੁਰੂ ਹੋਵੇਗੀ। ਸਭ ਤੋਂ ਪਹਿਲਾਂ ਮੇਅਰ, ਫਿਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਵੋਟਿੰਗ ਹੋਵੇਗੀ। ਵੋਟਿੰਗ ਬੈਲਟ ਪੇਪਰ ਰਾਹੀਂ ਹੋਵੇਗੀ। ਇਸ ਵਾਰ ਕਾਂਗਰਸ ਨੇ ਵੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਜੇਕਰ ਉਹ 18 ਜਨਵਰੀ ਤੋਂ ਪਹਿਲਾਂ ਆਪਣਾ ਨਾਂ ਵਾਪਸ ਨਹੀਂ ਲੈਂਦੇ ਤਾਂ ਮੇਅਰ ਦੀ ਚੋਣ ਵਿੱਚ ਤਿਕੋਣਾ ਮੁਕਾਬਲਾ ਹੋਵੇਗਾ।
ਅਜਿਹੇ ’ਚ ਮੇਅਰ ਦੀ ਚੋਣ ਲਈ ਦੋ ਵਾਰ ਵੋਟਿੰਗ ਹੋਵੇਗੀ। ਜੇਕਰ ਪਹਿਲੀ ਵਾਰ ਕੋਈ ਵੀ ਪਾਰਟੀ 19 ਦੇ ਅੰਕੜੇ ਨੂੰ ਪਾਰ ਨਹੀਂ ਸਕੀ ਤਾਂ ਸਭ ਤੋਂ ਘੱਟ ਵੋਟਾਂ ਪ੍ਰਾਪਤ ਕਰਨ ਵਾਲੀ ਪਾਰਟੀ ਮੇਅਰ ਦੀ ਚੋਣ ਦੀ ਦੌੜ ਤੋਂ ਬਾਹਰ ਹੋ ਜਾਵੇਗੀ ਤੇ ਮੇਅਰ ਲਈ ਬਾਕੀ ਦੋ ਪਾਰਟੀਆਂ ਲਈ ਦੁਬਾਰਾ ਵੋਟਿੰਗ ਹੋਵੇਗੀ।
ਇਸ ਸਥਿਤੀ ਵਿੱਚ ਕਾਂਗਰਸ ਕਿੰਗ ਮੇਕਰ ਸਾਬਤ ਹੋ ਸਕਦੀ ਹੈ। ਕਾਂਗਰਸੀ ਕੌਂਸਲਰ ਜਿਸ ਉਮੀਦਵਾਰ ਨੂੰ ਵੋਟ ਪਾਉਣਗੇ, ਉਹ ਮੇਅਰ ਬਣੇਗਾ ਤੇ ਜੇਕਰ ਕਾਂਗਰਸ ਨੇ ਵੋਟ ਨਾ ਪਾਉਣ ਦਾ ਫੈਸਲਾ ਕੀਤਾ ਤਾਂ ਵੀ ਮੌਜੂਦਾ ਅੰਕੜਿਆਂ ਅਨੁਸਾਰ ਭਾਜਪਾ ਦਾ ਮੇਅਰ ਬਣੇਗਾ।