Chandigarh News: ਅੱਜ ਤੋਂ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਬਦਲੇ ਨਿਯਮ, ਜਾਣੋ ਹੁਣ ਕਿਵੇਂ ਹੋਏਗੀ ਰਜਿਸਟ੍ਰੇਸ਼ਨ
ਇਹ ਸੇਵਾਵਾਂ ਸਵੇਰੇ ਸਾਢੇ ਨੌਂ ਵਜੇ ਤੋਂ ਦੁਪਹਿਰ 1 ਵਜੇ ਤੱਕ ਹੀ ਉਪਲਬਧ ਹੋਣਗੀਆਂ ਤੇ ਇਨ੍ਹਾਂ ਸੇਵਾਵਾਂ ਲਈ ਅਪਾਇੰਟਮੈਂਟ ਸਲਾਟ ਆਰਐਲਏ ਦੀ ਅਧਿਕਾਰਤ ਵੈੱਬਸਾਈਟ www.chdtransport.gov.in ’ਤੇ ਉਪਲਬਧ ਹੋਣਗੇ।
Chandigarh News: ਚੰਡੀਗੜ੍ਹ ਵਿੱਚ ਹੁਣ ਆਫ-ਲਾਈਨ ਵਾਹਨਾਂ ਦੀ ਰਜਿਸਟਰੇਸ਼ਨ ਨਹੀਂ ਹੋਏਗੀ। ਰਜਿਸਟਰਿੰਗ ’ਤੇ ਲਾਇਸੈਂਸਿੰਗ ਅਥਾਰਟੀ (ਆਰਐਲਏ) ਚੰਡੀਗੜ੍ਹ ਦੇ ਦਫ਼ਤਰ ਨੇ ਭਾਰਤ ਸਰਕਾਰ ਦੇ ਸੜਕ ਆਵਾਜਾਈ ‘ਤੇ ਰਾਜਮਾਰਗ ਮੰਤਰਾਲੇ ਦੁਆਰਾ ਜਾਰੀ ਨੋਟੀਫਿਕੇਸ਼ਨ ਅਨੁਸਾਰ ਆਮ ਲੋਕਾਂ ਦੀ ਸਹੂਲਤ ਲਈ ਵਾਹਨ ਰਜਿਸਟ੍ਰੇਸ਼ਨ ਦੀਆਂ ਸੇਵਾਵਾਂ ਨੂੰ ਪੂਰੀ ਤਰ੍ਹਾਂ ਆਨਲਾਈਨ ਤੇ ਸੰਪਰਕ ਰਹਿਤ ਲਾਗੂ ਕਰ ਦਿੱਤਾ ਹੈ।
ਆਰਐਲਆਏ ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ ਅੱਜ ਤੋਂ ਵਾਹਨ ਰਜਿਸਟ੍ਰੇਸ਼ਨ ਸਬੰਧੀ ਲਾਗੂ ਕੀਤੀਆਂ ਗਈਆਂ ਸੇਵਾਵਾਂ ਲਈ ਲੋੜੀਂਦੀਆਂ ਫਾਈਲਾਂ ਮਹਿਕਮੇ ਦੇ ਦਫ਼ਤਰ ਵਿੱਚ ਦਸਤੀ ਜਾ ਔਫਲਾਈਨ ਨਹੀਂ ਲਈਆਂ ਜਾਣਗੀਆਂ। ਹਾਲਾਂਕਿ ਜੇਕਰ ਕਿਸੇ ਬਿਨੈਕਾਰ ਨੂੰ ਉਪਰੋਕਤ ਸੇਵਾਵਾਂ ਨੂੰ ਆਨਲਾਈਨ ਪ੍ਰਾਪਤ ਕਰਨ ਦੌਰਾਨ ਕਿਸੇ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਪਹਿਲਾਂ ਤੋਂ ਬਕਾਇਦਾ ਅਪਾਇੰਟਮੈਂਟ ਲੈ ਕੇ ਰਜਿਸਟਰਿੰਗ ਤੇ ਲਾਇਸੈਂਸਿੰਗ ਅਥਾਰਟੀ ਦੇ ਦਫ਼ਤਰ ਵਿੱਚ ਉਸ ਸੇਵਾ ਲਈ ਆਫਲਾਈਨ ਅਰਜ਼ੀ ਦੇ ਸਕਦਾ ਹੈ।
ਇਹ ਸੇਵਾਵਾਂ ਸਵੇਰੇ ਸਾਢੇ ਨੌਂ ਵਜੇ ਤੋਂ ਦੁਪਹਿਰ 1 ਵਜੇ ਤੱਕ ਹੀ ਉਪਲਬਧ ਹੋਣਗੀਆਂ ਤੇ ਇਨ੍ਹਾਂ ਸੇਵਾਵਾਂ ਲਈ ਅਪਾਇੰਟਮੈਂਟ ਸਲਾਟ ਆਰਐਲਏ ਦੀ ਅਧਿਕਾਰਤ ਵੈੱਬਸਾਈਟ www.chdtransport.gov.in ’ਤੇ ਉਪਲਬਧ ਹੋਣਗੇ। ਚੰਡੀਗੜ੍ਹ ਦੇ ਆਰਐਲਏ ਪਰਦੂਮਨ ਸਿੰਘ ਨੇ ਆਮ ਲੋਕਾਂ ਨੂੰ ਆਨਲਾਈਨ ਤੇ ਸੰਪਰਕ ਰਹਿਤ ਸੇਵਾਵਾਂ ਦੀ ਸਹੂਲਤ ਦਾ ਲਾਭ ਉਠਾਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਕਿਸੇ ਵੀ ਦਸਤਾਵੇਜ਼ ਜਾਂ ਫ਼ੀਸ ਆਦਿ ਜਮ੍ਹਾਂ ਕਰਾਉਣ ਲਈ ਆਰਐਲਏ ਦੇ ਦਫ਼ਤਰ ਵਿੱਚ ਜਾਣ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸੰਪਰਕ ਰਹਿਤ ਸੇਵਾਵਾਂ ਬਾਰੇ ਕਿਸੇ ਕਿਸਮ ਦੀ ਪੁੱਛਗਿੱਛ ਦੇ ਮਾਮਲੇ ਵਿੱਚ ਬਿਨੈਕਾਰ ਆਰਐਲਏ ਟੈਲੀਫੋਨ ਨੰਬਰ 0172-2705270 ਜਾਂ 0172-2706270 ‘ਤੇ ਸੰਪਰਕ ਕਰ ਸਕਦੇ ਹਨ।
ਆਰਐਲਏ ਪਰਦੂਮਨ ਸਿੰਘ ਨੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ, ਡਰਾਈਵਿੰਗ ਲਾਇਸੈਂਸ ਜਾਰੀ ਕਰਨ ਨਾਲ ਸਬੰਧਤ ਸੇਵਾਵਾਂ ਨੂੰ ਵੀ ਭਾਰਤ ਸਰਕਾਰ ਦੇ ਪਰਿਵਹਨ ਪੋਰਟਲ ਰਾਹੀਂ ਆਨਲਾਈਨ ਕੀਤਾ ਗਿਆ ਹੈ। ਵਾਹਨਾਂ ਦੀ ਰਜਿਸਟ੍ਰੇਸ਼ਨ ਦੀ ਸੇਵਾ ਵਾਂਗ ਹੀ ਡਰਾਈਵਿੰਗ ਲਾਇਸੈਂਸ ਦੀਆਂ ਸਾਰੀਆਂ ਸੇਵਾਵਾਂ ਲਈ ਦਸਤਾਵੇਜ਼ ਤੇ ਫੀਸ ਆਦਿ ਅਪਲੋਡ ਕਰਕੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਪਰ ਫੋਟੋ ਅਤੇ ਬਾਇਓਮੈਟ੍ਰਿਕ ਕੈਪਚਰ ਕਰਨ ਲਈ ਬਿਨੈਕਾਰ ਦੀ ਸਰੀਰਕ ਤੌਰਤ ’ਤੇ ਮੌਜੂਦਗੀ ਜ਼ਰੂਰੀ ਹੈ।
ਹਾਲਾਂਕਿ, ਬਿਨੈਕਾਰ ਪਰਿਵਹਨ ਪੋਰਟਲ ‘ਤੇ ਇਨ੍ਹਾਂ ਸੇਵਾਵਾਂ ਲਈ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਬਿਨਾਂ ਕਿਸੇ ਪੂਰਵ ਆਨਲਾਈਨ ਮੁਲਾਕਾਤ ਦੇ ਸਿੱਧੇ ਆਰਐਲਏ ਦੇ ਦਫ਼ਤਰ ਜਾ ਸਕਦੇ ਹਨ। ਆਰਐਲਏ ਦਾ ਦਫਤਰ ਬਾਇਓਮੀਟ੍ਰਿਕ ਤੇ ਫੋਟੋ ਦੀਆਂ ਜ਼ਰੂਰਤਾਂ ਨੂੰ ਵੀ ਬੰਦ ਕਰਨ ਦੀ ਪ੍ਰਕਿਰਿਆ ਵਿੱਚ ਹੈ ਅਤੇ ਇਸ ਨੂੰ ਵੀ ਸਮੇਂ ਸਿਰ ਕੀਤਾ ਜਾਵੇਗਾ ਤਾਂ ਜੋ ਆਮ ਲੋਕ ਵੀ ਆਰਐਲਏ ਦੇ ਦਫਤਰ ਵਿੱਚ ਜਾਏ ਬਿਨਾਂ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਣ।