Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ! ਘਰਾਂ ਦੀਆਂ ਛੱਤਾਂ 'ਤੇ ਲੱਗਣਗੇ ਮੁਫਤ ਸੋਲਰ ਪਲਾਂਟ, ਮਿਲੇਗੀ ਸਸਤੀ ਬਿਜਲੀ
Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ ਹੈ। ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਘਰਾਂ 'ਤੇ ਮੁਫਤ ਸੋਲਰ ਪਲਾਂਟ ਲਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਲਈ ਸ਼ਹਿਰ ਵਾਸੀਆਂ ਨੂੰ ਸਸਤੀ ਬਿਜਲੀ ਮਿਲੇਗੀ ਤੇ ਬਿਜਲੀ ਕੱਟ ਵੀ ਨਹੀਂ ਲੱਗਣਗੇ
Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ ਹੈ। ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਘਰਾਂ 'ਤੇ ਮੁਫਤ ਸੋਲਰ ਪਲਾਂਟ ਲਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਲਈ ਸ਼ਹਿਰ ਵਾਸੀਆਂ ਨੂੰ ਸਸਤੀ ਬਿਜਲੀ ਮਿਲੇਗੀ ਤੇ ਬਿਜਲੀ ਕੱਟ ਵੀ ਨਹੀਂ ਲੱਗਣਗੇ। ਇਸ ਲਈ ਯੂਟੀ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਇਹ ਕੰਮ ਚੰਡੀਗੜ੍ਹ ਰੀਨਿਊਏਬਲ ਐਨਰਜੀ ਸਾਇੰਸ ਐਂਡ ਟੈਕਨੋਲੋਜੀ ਪ੍ਰਮੋਸ਼ਨ ਸੁਸਾਇਟੀ (ਕਰੱਸਟ) ਨੂੰ ਸੌਂਪਿਆ ਗਿਆ ਹੈ।
ਦੱਸ ਦਈਏ ਕਿ ਯੂਟੀ ਪ੍ਰਸ਼ਾਸਨ ਵੱਲੋਂ ਚੰਡਗੜ੍ਹ ਨੂੰ ਸੋਲਰ ਸਿਟੀ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈ। ਇਸੇ ਤਹਿਤ ਜਲਦੀ ਹੀ ਸ਼ਹਿਰ ਵਿੱਚ ਲੋਕਾਂ ਦੇ ਘਰਾਂ ਦੀਆਂ ਛੱਤਾਂ ’ਤੇ ਮੁਫ਼ਤ ਵਿੱਚ ਸੌਰ ਊਰਜਾ ਪਲਾਂਟ ਲਗਾਏ ਜਾਣਗੇ। ਯੂਟੀ ਪ੍ਰਸ਼ਾਸਨ ਨੇ ਸੌਰ ਊਰਜਾ ਪਲਾਂਟ ਲਾਉਣ ਲਈ ਚੰਡੀਗੜ੍ਹ ਰੀਨਿਊਏਬਲ ਐਨਰਜੀ ਸਾਇੰਸ ਐਂਡ ਟੈਕਨੋਲੋਜੀ ਪ੍ਰਮੋਸ਼ਨ ਸੁਸਾਇਟੀ (ਕਰੱਸਟ) ਨੂੰ ਹੀ ਪਲਾਂਟ ਲਗਾਉਣ, ਚਲਾਉਣ ਤੇ ਟਰਾਂਸਫਰ (ਬੀਓਟੀ) ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੂੰ ਲਗਾਉਣ, ਚਲਾਉਣ ਤੇ ਟਰਾਂਸਫਰ ਕਰਨ ਦੀ ਮਿਆਦ ਸਾਢੇ ਬਾਈ ਸਾਲ ਰੱਖੀ ਗਈ ਹੈ।
ਕਰੱਸਟ ਨੇ ਜੂਨ ਮਹੀਨੇ ਵਿੱਚ ਇਕ ਕੰਪਨੀ ਦੀ ਪਛਾਣ ਕੀਤੀ ਸੀ, ਪਰ ਬੀਓਟੀ ਮਿਆਦ ’ਤੇ ਕੋਈ ਸਹਿਮਤੀ ਨਾ ਬਣਨ ਕਰ ਕੇ ਕੰਮ ਸ਼ੁਰੂ ਨਹੀਂ ਹੋ ਪਾ ਰਿਹਾ ਸੀ। ਉਕਤ ਫਰਮ ਦਾ ਕਹਿਣਾ ਸੀ ਕਿ ਬੀਓਟੀ ਦੀ ਮਿਆਦ 23 ਸਾਲ ਹੋਣੀ ਚਾਹੀਦੀ ਹੈ, ਜਦੋਂਕਿ ਕਰੱਸਟ ਵੱਲੋਂ 20 ਸਾਲ ਦਾ ਪ੍ਰਸਤਾਵ ਦਿੱਤਾ ਗਿਆ। ਯੂਟੀ ਪ੍ਰਸ਼ਾਸਨ ਨੇ ਉਕਤ ਮਾਮਲੇ ਵਿੱਚ ਦਖਲ ਦਿੰਦਿਆਂ ਸੌਰ ਊਰਜਾ ਪਲਾਂਟ ਨੂੰ ਲਗਾਉਣ, ਚਲਾਉਣ ਤੇ ਟਰਾਂਸਫਰ ਕਰਨ ਦੀ ਮਿਆਦ ਸਾਢੇ ਬਾਈ ਸਾਲ ਤੈਅ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੁਫ਼ਤ ਸੌਰ ਊਰਜਾ ਪਲਾਂਟ ਲਗਾਉਣੇ ਸ਼ੁਰੂ ਕਰਨ ਦੀ ਹਦਾਇਤ ਕੀਤੀ ਹੈ।
ਦੱਸ ਦਈਏ ਕਿ ਜਨਵਰੀ 2023 ਵਿੱਚ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (ਜੇਈਆਰਸੀ) ਨੇ ਸ਼ਹਿਰ ਵਿੱਚ ਸੌਰ ਊਰਜਾ ਪਲਾਂਟ ਲਗਾਉਣ ਸਬੰਧੀ ਪ੍ਰਵਾਨਗੀ ਦੇ ਦਿੱਤੀ ਸੀ ਪਰ ਕਰੱਸਟ ਅੱਠ ਮਹੀਨਿਆਂ ਵਿੱਚ ਕੰਮ ਸ਼ੁਰੂ ਕਰਨ ’ਚ ਨਾਕਾਮ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੱਸਟ ਕੋਲ ਹੁਣ ਤੱਕ ਸੌਰ ਉਰਜਾ ਪਲਾਂਟਾਂ ਦੀ ਮੁਫ਼ਤ ਸਥਾਪਨਾ ਲਈ 1234 ਅਰਜ਼ੀਆਂ ਪਹੁੰਚ ਚੁੱਕੀਆਂ ਹਨ। ਇਸ ਨਾਲ ਸ਼ਹਿਰ ਵਿੱਚ 8.5 ਮੈਗਾਵਾਟ ਸੌਰ ਉਰਜਾ ਪੈਦਾ ਕੀਤੀ ਜਾ ਸਕਦੀ ਹੈ ਜਦੋਂਕਿ ਯੂਟੀ ਪ੍ਰਸ਼ਾਸਨ ਦਾ ਟੀਚਾ 20 ਮੈਗਾਵਾਟ ਦਾ ਹੈ।
ਸੌਰ ਊਰਜਾ ਪਲਾਂਟ ਲੱਗਣ ਤੋਂ ਬਾਅਦ ਰੀਨਿਊਏਬਲ ਐਨਰਜੀ ਸਰਵਿਸ ਕੰਪਨੀ (ਰੇਸਕੋ) ਮਾਡਲ ਤਹਿਤ ਮਕਾਨ ਮਾਲਕਾਂ ਨੂੰ 3.23 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਮਿਲੇਗੀ। ਇੱਕ ਵਾਰ ਬੀਓਟੀ ਮਿਆਦ ਖਤਮ ਹੋਣ ’ਤੇ ਸੋਲਰ ਪਲਾਂਟ ਦੀ ਮਲਕੀਅਤ ਬਿਨਾਂ ਕਿਸੇ ਵਾਧੂ ਕੀਮਤ ਦੇ ਖਪਤਕਾਰਾਂ ਨੂੰ ਟਰਾਂਸਫਰ ਕੀਤੀ ਜਾਵੇਗੀ। ਪਹਿਲਾਂ ਪ੍ਰਸ਼ਾਸਨ ਨੇ 500 ਵਰਗ ਗਜ਼ ਜਾਂ ਇਸ ਤੋਂ ਵੱਧ ਦੇ ਘਰਾਂ ਲਈ ਛੱਤ ’ਤੇ ਸੌਰ ਊਰਜਾ ਪਲਾਂਟ ਲਗਾਉਣੇ ਲਾਜ਼ਮੀ ਕਰ ਦਿੱਤੇ ਸਨ।
ਇਸ ਨਵੇਂ ਮਾਡਲ ਤਹਿਤ ਘਰ ਦੇ ਮਾਲਕ ਨੂੰ ਪੰਜ ਕਿਲੋਵਾਟ ਪਾਵਰ ਦੇ ਸੌਰ ਊਰਜਾ ਪਲਾਂਟ ਲਈ ਲਗਪਗ 500 ਵਰਗ ਫੁੱਟ ਜਗਾ ਦੇਣੀ ਪਵੇਗੀ। ਇਸ ਸਮੇਂ ਚੰਡੀਗੜ੍ਹ ਵਿੱਚ ਘਰੇਲੂ ਖਪਤਕਾਰ ਪਹਿਲਾਂ 150 ਯੂਨਿਟ ਤੱਕ 2.75 ਰੁਪਏ ਪ੍ਰਤੀ ਯੂਨਿਟ, 151-400 ਯੂਨਿਟ ਲਈ 4.25 ਰੁਪਏ ਤੇ 400 ਤੋਂ ਵੱਧ ਯੂਨਿਟ ਲਈ 4.65 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਬਿੱਲ ਦਾ ਭੁਗਤਾਨ ਕਰ ਰਹੇ ਸਨ।