Chandigarh Issue: ਚੰਡੀਗੜ੍ਹ 'ਤੇ ਪੰਜਾਬ ਦੇ ਲੀਡਰਾਂ ਦੀ ਮੁੜ ਫਸ ਗਈ ਗਰਾਰੀ, ਭਾਜਪਾ ਨੇ ਮੰਗਿਆ ਕਾਂਗਰਸ ਤੇ AAP ਤੋਂ ਸਪਸ਼ਟੀਕਰਨ
Chandigarh Issue: ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਚੰਡੀਗੜ੍ਹ ਨੂੰ 'ਸਿਟੀ ਸਟੇਟ' ਬਨਾਣ ਦਾ ਐਲਾਨ ਕਰਕੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਦੇ ਪਾਰਟੀ ਏਜੰਡੇ ਨੂੰ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਉਘੜਵੀਂ ਉਦਾਹਰਣ ਹੈ ਕਿ
'ਚੰਡੀਗੜ੍ਹ ਪੰਜਾਬ ਦਾ ਸੀ, ਪੰਜਾਬ ਦਾ ਹੈ ਤੇ ਸਦਾ ਪੰਜਾਬ ਦਾ ਹੀ ਰਹੇਗਾ। ਚੰਡੀਗੜ੍ਹ ਉੱਤੇ ਪੰਜਾਬ ਦਾ ਦਾਅਵਾ ਗੈਰ-ਵਿਵਾਦਯੋਗ ਤੇ ਨਿਰਵਿਵਾਦ ਤੇ ਮੁੜ ਨਾਵਿਚਾਰਨ ਯੋਗ ਹੈ। 'ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਾਂਗਰਸ ਪਾਰਟੀ ਦੇ ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਮਨੀਸ਼ ਤਿਵਾੜੀ ਦੇ ਚੋਣ ਮਨੋਰਥ ਪੱਤਰ ਦੇ ਵਾਅਦੇ 'ਤੇ ਤਿੱਖੀ ਪ੍ਰਤੀਕਿਰਿਆ ਕਰਦੇ ਹੋਏ ਕੀਤਾ।
ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਚੰਡੀਗੜ੍ਹ ਨੂੰ 'ਸਿਟੀ ਸਟੇਟ' ਬਨਾਣ ਦਾ ਐਲਾਨ ਕਰਕੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਦੇ ਪਾਰਟੀ ਏਜੰਡੇ ਨੂੰ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਉਘੜਵੀਂ ਉਦਾਹਰਣ ਹੈ ਕਿ ਕਿਵੇਂ ਕਾਂਗਰਸ ਪਾਰਟੀ ਚੰਡੀਗੜ੍ਹ ਦੇ ਮਸਲੇ ਉਤੇ ਪੰਜਾਬ ਦੇ ਹੱਕ ਨੂੰ ਲੈ ਕੇ ਪੈਰ ਪਿੱਛੇ ਖਿੱਚਣ ਲੱਗ ਪਈ ਹੈ । ਕਿਵੇਂ ਇਸ ਦੇ ਆਗੂ ਪੰਜਾਬ ਤੇ ਚੰਡੀਗੜ੍ਹ ਦੇ ਸਿਆਸੀ ਗੀਤ ਤਾਂ ਗਾਉਂਦੇ ਹਨ, ਪਰ ਹਕੀਕਤ ਚ ਪੰਜਾਬ ਦੇ ਵਿਰੋਧ ਚ ਵਿਚਰਦੇ ਹਨ।
ਜਾਖੜ ਨੇ ਕਿਹਾ ਕਿ ਨਾ ਤਾਂ ਕਾਂਗਰਸ ਹਾਈ ਕਮਾਂਡ ਤੇ ਉਸ ਦੇ ਆਗੂਆਂ ਚ ਕੋਈ ਇੱਕਸੁਰਤਾ ਹੈ ਤੇ ਨਾ ਹੀ ਕਾਂਗਰਸ ਪਾਰਟੀ ਚ ਨੀਤੀ ਤੇ ਫੈਸਲੇ ਲੈਣ ਚ ਕੋਈ ਤਾਲਮੇਲ ਹੈ। ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਨੇ ਅੰਬਿਕਾ ਸੋਨੀ, ਸੈਮ ਪਿਤਰੋਦਾ ਤੇ ਹੋਰਾਂ ਵਰਗੇ ਆਗੂਆਂ ਤੋਂ ਆਪਣੀਆਂ ਨੀਤੀਆਂ ਆਊਟਸੋਰਸ ਕੀਤੀਆਂ ਹਨ, ਜੋ ਖੁਦ ਪੰਜਾਬ ਤੇ ਹੋਰ ਥਾਵਾਂ 'ਤੇ ਜ਼ਮੀਨੀ ਹਕੀਕਤਾਂ ਤੋਂ ਕੋਰੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪੰਜਾਬ ਤੋਂ ਚੰਡੀਗੜ੍ਹ ਨੂੰ ਦੂਰ ਕਰਨ ਦੀ ਨੀਤੀ ਦਾ ਭਾਜਪਾ ਹਰ ਫਰੰਟ ਉੱਤੇ ਵਿਰੋਧ ਜਾਰੀ ਰੱਖੇਗੀ। ਸੂਬਾ ਪ੍ਰਧਾਨ ਨੇ ਪੰਜਾਬ ਕਾਂਗਰਸ ਨੂੰ ਵੰਗਾਰਿਆ ਕਿ ਇਸ ਮੁੱਦੇ 'ਤੇ ਆਪਣਾ ਸਟੈਂਡ ਸਪੱਸ਼ਟ ਕਰੇ।
ਸੀਐਮ ਭਗਵੰਤ ਮਾਨ ਨੂੰ ਘੇਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਮਾਨ ਨੇ ਵੀ ਪੰਜਾਬ ਦੀ ਨਵੀਂ ਵਿਧਾਨ ਸਭਾ ਬਣਾਉਣ ਦੀ ਗੱਲ ਕਰਦਿਆਂ ਚੰਡੀਗੜ੍ਹ 'ਤੇ ਪੰਜਾਬ ਦੇ ਦਾਅਵੇ ਨੂੰ ਇਕ ਤਰ੍ਹਾਂ ਨਾਲ ਵੱਟੇ ਖਾਤੇ ਪਾ ਦਿੱਤਾ ਹੈ, ਜਦੋਂਕਿ ਪਹਿਲਾਂ ਹੀ ਇਕ ਵਿਧਾਨ ਸਭਾ ਮੌਜੂਦ ਹੈ।
ਜਾਖੜ ਨੇ ਕਿਹਾ ਕਿ ਚੰਡੀਗੜ੍ਹ ਦੇ ਮੁੱਦੇ ਉੱਤੇ ਆਪ ਦਾ ਰੁਖ ਦੋਵਾਂ ਜਗਹ ਵੱਖੋ-ਵੱਖਰਾ ਹੈ। ਉਹ ਚੰਡੀਗੜ੍ਹ ਚ ਗਠਜੋੜ ਵਜੋਂ ਲੜ ਰਹੇ ਹਨ। 'ਆਪ' ਨੂੰ ਇਸ ਮੁੱਦੇ 'ਤੇ ਸਫਾਈ ਦੇਣ ਲਈ ਮਨੀਸ਼ ਤਿਵਾੜੀ ਤੋਂ ਆਪਣਾ ਸਮੱਰਥਨ ਤੁਰੰਤ ਵਾਪਸ ਲੈਣਾ ਚਾਹੀਦਾ ਹੈ, ਨਹੀਂ ਤਾਂ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗਾ ਕਿ ਆਪ ਚੰਡੀਗੜ੍ਹ 'ਤੇ ਪੰਜਾਬ ਦੇ ਦਾਅਵੇ ਨੂੰ ਖਤਮ ਕਰਨਾ ਚਾਹੁੰਦੀ ਹੈ।
ਅੰਤ ਚ ਪੰਜਾਬੀ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਦੇ ਵਿਚਾਰਧਾਰਕ ਦੀਵਾਲੀਆਪਣ 'ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਦੇ ਆਗੂਆਂ ਅੰਬਿਕਾ ਸੋਨੀ, ਚੰਨੀ, ਵੜਿੰਗ ਜਾਂ ਰੰਧਾਵਾ ਆਦਿ ਨੇ ਪੰਜਾਬ ਨੂੰ ਹਿੰਦੂ-ਸਿੱਖ ਲੀਹਾਂ 'ਤੇ ਵੰਡਣ ਦੀ ਕੋਸ਼ਿਸ਼ ਕੀਤੀ। ਸੈਮ ਪਿਤਰੋਦਾ ਨੇ ਭਾਰਤ ਭਰ ਦੇ ਵੱਖ-ਵੱਖ ਸੂਬਿਆਂ ਚ ਵਸਦੇ ਅੱਡ-ਅੱਡ ਭਾਈਚਾਰਿਆਂ ਨੂੰ ਉਨ੍ਹਾਂ ਦੇ ਨੈਣ ਨਕਸ਼ਾਂ ਤੇ ਉਨ੍ਹਾਂ ਦੀ ਚਮੜੀ ਦੇ ਰੰਗਾਂ ਦੇ ਅਧਾਰ 'ਤੇ ਵੱਖਰਾ ਕਰਨ ਦੀ ਗੱਲ ਕੀਤੀ , ਜਦੋਂਕਿ ਸੰਗਰੂਰ ਤੋਂ ਲੋਕ ਸਭਾ ਚੋਣ ਲੜ ਰਹੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਗੈਰ-ਪੰਜਾਬੀਆਂ ਦੇ ਇੱਥੇ ਕੰਮ ਕਰਨ ਜਾਂ ਜਾਇਦਾਦ ਖਰੀਦਣ 'ਤੇ ਰੋਕ ਦੀ ਮੰਗ ਉਠਾ ਕੇ ਪੰਜਾਬ ਨੂੰ ਭੂਗੋਲਿਕ ਤੌਰ 'ਤੇ ਵੱਖ ਕਰਨ ਦਾ ਬਿਆਨ ਦਿੱਤਾ, ਜੋ ਕਿ ਨਿੰਦਣਯੋਗ ਸਿਆਸੀ ਵਰਤਾਰਾ ਹੈ।