Chandigarh News: ਅਮਰੀਕਾ ਭੇਜਣ ਦਾ ਝਾਂਸਾ ਦੇ ਸਿੰਗਾਪੁਰ ਤੇ ਇੰਡੋਨੇਸ਼ੀਆ 'ਚ ਕਰ ਲੈਂਦੇ ਸੀ ਅਗਵਾ, ਪਰਿਵਾਰ ਨੂੰ ਫੋਨ ਕਰਵਾ ਮੰਗਦੇ ਸੀ ਫਰੌਤੀ...ਦਿਲ ਦਹਿਲਾ ਦੇਵੇਗੀ ਸੱਚਾਈ
ਪੁਲਿਸ ਨੇ ਤਸਕਰਾਂ ਕੋਲੋਂ ਸਵਿਫਟ, ਫੀਗੋ, ਥਾਰ ਤੇ ਹੋਰ ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਅਨੁਸਾਰ ਮੁਲਜ਼ਮ ਵਾਹਨਾਂ ਨੂੰ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤਦੇ ਸਨ।
Chandigarh News: ਮੁਹਾਲੀ ਪੁਲਿਸ ਨੇ ਕੌਮਾਂਤਰੀ ਮਨੁੱਖੀ ਤਸਕਰੀ ਗਰੋਹ ਦਾ ਪਰਦਾਫਾਸ ਕੀਤਾ ਹੈ। ਇਹ ਗਰੋਹ ਵਿਦੇਸ਼ਾਂ ਵਿੱਚ ਭੇਜਣ ਦਾ ਝਾਂਸਾ ਦੇ ਕੇ ਕਈ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾ ਚੁੱਕਾ ਹੈ। ਮੁਹਾਲੀ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਕਰੋੜ 13 ਲੱਖ ਰੁਪਏ ਤੇ ਕਰੀਬ 64 ਤੋਲੇ ਸੋਨਾ ਬਰਾਮਦ ਕੀਤਾ ਹੈ।
ਮੁਹਾਲੀ ਦੇ ਐਸਐਸਪੀ ਡਾ. ਸੰਦੀਪ ਕੁਮਾਰ ਗਰਗ ਦੱਸਿਆ ਕਿ ਕੁਝ ਵਿਅਕਤੀ ਪੰਜਾਬ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਭੋਲੇ ਭਾਲੇ ਲੋਕਾਂ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਸਿੰਗਾਪੁਰ ਤੇ ਇੰਡੋਨੇਸ਼ੀਆ ਵਿੱਚ ਅਗਵਾ ਕਰ ਲੈਂਦੇ ਸਨ ਤੇ ਤਸ਼ੱਦਦ ਢਾਹ ਕੇ ਉਨ੍ਹਾਂ ਦਾ ਸ਼ਰੀਰਕ ਸ਼ੋਸ਼ਣ ਕਰਦੇ ਸਨ। ਪੁਲਿਸ ਅਨੁਸਾਰ ਮੁਲਜ਼ਮ ਗੰਨ ਪੁਆਇੰਟ ’ਤੇ ਅਗਵਾ ਕੀਤੇ ਵਿਅਕਤੀਆਂ ਤੋਂ ਪਰਿਵਾਰ ਨੂੰ ਫੋਨ ਕਰਵਾ ਕੇ ਫਰੌਤੀ ਦੀ ਮੰਗ ਕਰਦੇ ਹਨ।
ਪੁਲਿਸ ਨੇ ਤਸਕਰਾਂ ਕੋਲੋਂ ਸਵਿਫਟ, ਫੀਗੋ, ਥਾਰ ਤੇ ਹੋਰ ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਅਨੁਸਾਰ ਮੁਲਜ਼ਮ ਵਾਹਨਾਂ ਨੂੰ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤਦੇ ਸਨ। ਉਧਰ ਧੋਖੇਬਾਜ਼ ਏਜੰਟਾਂ ਤੋਂ ਬਚੇ ਨੌਜਵਾਨਾਂ ਦੇ ਪਰਿਵਾਰਾਂ ਨੇ ਐਸਐਸਪੀ ਗਰਗ ਨੂੰ ਮਿਲ ਕੇ ਧੰਨਵਾਦ ਕੀਤਾ।
ਐਸਐਸਪੀ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਬਲਦੀਸ਼ ਕੌਰ ਵਾਸੀ ਪਿੰਡ ਰਾਊਵਾਲੀ (ਜਲੰਧਰ), ਗੁਰਜੀਤ ਸਿੰਘ ਉਰਫ ਮੰਗਾ ਵਾਸੀ ਪਿੰਡ ਮੱਲੀਆ (ਜਲੰਧਰ), ਸਾਹਿਲ, ਸੋਮ ਰਾਜ ਤੇ ਵੀਨਾ ਸਾਰੇ ਵਾਸੀ ਪਿੰਡ ਸਲੈਰੀਆ ਖੁਰਦ (ਹੁਸ਼ਿਆਰਪੁਰ) ਦੀ ਚੱਲ ਤੇ ਅਚੱਲ ਜਾਇਦਾਦ, ਬੈਂਕ ਲਾਕਰਾਂ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੜਤਾਲ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਗਰਗ ਨੇ ਦੱਸਿਆ ਕਿ ਮਨੁੱਖੀ ਤਸਕਰਾਂ ਤੇ ਅਗਵਾਕਾਰਾਂ ਤੋਂ ਇੰਡੋਨੇਸ਼ੀਆ ਤੇ ਸਿੰਗਾਪੁਰ ਵਿੱਚ ਅਗਵਾ ਕੀਤੇ ਦੋ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਬਚਾਇਆ ਗਿਆ ਹੈ ਤੇ ਇਸ ਸਬੰਧੀ ਹੈਲਪਲਾਈਨ ਨੰਬਰ 99140-55677 ਅਤੇ 95019-91108 ਵੀ ਜਾਰੀ ਕੀਤੇ ਗਏ ਹਨ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।