ਚੰਡੀਗੜ੍ਹ ‘ਚ ਫੈਂਸੀ ਨੰਬਰਾਂ ਦੀ ਨੀਲਾਮੀ ਨੇ ਤੋੜੇ ਸਾਰੇ ਰਿਕਾਰਡ, 0001 ਨੰਬਰ 36.43 ਲੱਖ ‘ਚ ਵਿਕਿਆ, RLA ਨੇ ਕਮਾਏ 4 ਕਰੋੜ ਤੋਂ ਵੱਧ
ਚੰਡੀਗੜ੍ਹ ਦੇ ਲੋਕ ਆਪਣੇ VIP ਸਟੇਟਸ ਲਈ ਮਸ਼ਹੂਰ ਹਨ। ਇਸ ਲਈ ਉਹਨਾਂ ਵਿੱਚ ਆਪਣੇ ਵਾਹਨਾਂ ਲਈ ਫੈਂਸੀ ਨੰਬਰ ਖਰੀਦਣ ਦਾ ਵੀ ਕ੍ਰੇਜ਼ ਰਹਿੰਦਾ ਹੈ। ਕਈ ਵਾਰ ਤਾਂ ਐਸਾ ਵੀ ਵੇਖਿਆ ਗਿਆ ਹੈ ਕਿ ਵਾਹਨ ਮਾਲਕ ਆਪਣੀ ਗੱਡੀ ਤੋਂ ਵੀ ਵੱਧ ਖਰਚਾ..

ਚੰਡੀਗੜ੍ਹ ‘ਚ ਫੈਂਸੀ ਨੰਬਰਾਂ ਦੀ ਨੀਲਾਮੀ ਹਰ ਸਾਲ ਚਰਚਾ ਦੇ ਵਿੱਚ ਆਉਂਦੀ ਹੈ। ਇਸ ਵਾਰ ਤਾਂ ਇਸ ਨੀਲਮੀ ਨੇ ਧੂੜਾਂ ਪੱਟਦੇ ਹੋਏ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਇਨ੍ਹਾਂ ਵਿੱਚ ਪਹਿਲਾ ਨੰਬਰ 0001 ਇਸ ਕਦਰ ਮਹਿੰਗਾ ਰਿਹਾ ਕਿ ਇਸਦੀ ਕੀਮਤ 'ਚ ਇੱਕ ਟੋਯੋਟਾ ਫਾਰਚਿਊਨਰ ਜਾਂ 3 ਥਾਰ ਗੱਡੀਆਂ ਖਰੀਦੀਆਂ ਜਾ ਸਕਦੀਆਂ ਹਨ। ਇਸ ਨੰਬਰ ਦੀ ਕੀਮਤ 36.43 ਲੱਖ ਰੁਪਏ ਰਹੀ।
ਹੁਣ ਤੱਕ ਦਾ ਸਭ ਤੋਂ ਮਹਿੰਗਾ ਨੰਬਰ ਬਣ ਗਿਆ
ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਨੰਬਰ ਬਣ ਗਿਆ ਹੈ। ਸੈਕਟਰ-17 ਸਥਿਤ ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਿਟੀ (RLA) ਨੇ ਨਿਲਾਮੀ ਵਿੱਚ ਸਿਰਫ਼ ਟੌਪ-7 ਨੰਬਰ ਵੇਚ ਕੇ ਹੀ 128.15 ਲੱਖ ਰੁਪਏ ਕਮਾਈ ਕੀਤੀ। ਦੂਜੇ ਪਾਸੇ, ਪੂਰੀ ਨਿਲਾਮੀ ਵਿੱਚ ਅਥਾਰਿਟੀ ਨੂੰ 4 ਕਰੋੜ ਰੁਪਏ ਤੋਂ ਵੱਧ ਦਾ ਰੈਵਿਨਿਊ ਮਿਲਿਆ।
ਕੁੱਲ 577 ਨੰਬਰ ਹੋਏ ਨੀਲਾਮ
ਅਥਾਰਟੀ ਤੋਂ ਮਿਲੀ ਜਾਣਕਾਰੀ ਮੁਤਾਬਕ, RLA ਨੇ 19 ਅਗਸਤ ਤੋਂ 22 ਅਗਸਤ 2025 ਤੱਕ ਨੀਲਾਮੀ ਦਾ ਸਮਾਂ ਰੱਖਿਆ ਸੀ। ਇਹ ਨੀਲਾਮੀ ਗੱਡੀਆਂ ਦੇ ਫੈਂਸੀ ਅਤੇ ਮਨਪਸੰਦ ਨੰਬਰਾਂ ਦੇ ਚਾਹਵਾਨ ਲੋਕਾਂ ਲਈ ਸੀ। ਇਸ ਦੌਰਾਨ ਸੈਂਕੜੇ ਨੰਬਰ ਨੀਲਾਮੀ ਲਈ ਰੱਖੇ ਗਏ।
ਇਨ੍ਹਾਂ ਵਿੱਚ ਨਵੀਂ ਸੀਰੀਜ਼ CH01-DA ਤੋਂ ਇਲਾਵਾ ਪੁਰਾਣੀ ਸੀਰੀਜ਼ ਦੇ ਵੀ ਫੈਂਸੀ ਨੰਬਰ ਸ਼ਾਮਲ ਸਨ। ਕੁੱਲ 4 ਦਿਨਾਂ ਤੱਕ ਚੱਲੀ ਨੀਲਾਮੀ ਵਿੱਚ ਅਥਾਰਟੀ ਨੇ 577 ਫੈਂਸੀ ਨੰਬਰ ਵੇਚੇ, ਜਿਨ੍ਹਾਂ ਤੋਂ ਕੁੱਲ 4 ਕਰੋੜ 08 ਲੱਖ 85 ਹਜ਼ਾਰ ਰੁਪਏ ਦੀ ਕਮਾਈ ਕੀਤੀ।
ਅਥਾਰਟੀ ਲਈ ਇੱਕ ਸਾਲ ਵਿੱਚ ਫੈਂਸੀ ਨੰਬਰ ਨੀਲਾਮ ਕਰਕੇ ਹੋਈ ਇਹ ਕਮਾਈ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਹੈ। ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਟੀ ਦੇ ਅਧਿਕਾਰੀ ਪ੍ਰਦਯੁਮਨ ਸਿੰਘ ਦਾ ਕਹਿਣਾ ਹੈ ਕਿ ਇਸ ਨੀਲਾਮੀ ਤੋਂ ਮਿਲਿਆ ਰੇਵਨਿਊ ਸਾਰੇ ਪੁਰਾਣੇ ਰਿਕਾਰਡ ਤੋੜ ਚੁੱਕਾ ਹੈ।
ਪਿਛਲੇ ਸਾਲ ਦੀ ਨੀਲਾਮੀ ਵੀ ਰਹੀ ਸੀ ਖ਼ਾਸ
ਇਸ ਤੋਂ ਪਹਿਲਾਂ CH01-CW ਸੀਰੀਜ਼ ਦੀ ਨੀਲਾਮੀ ਵਿੱਚ ਵੀ ਵਿਭਾਗ ਨੂੰ ਜ਼ਬਰਦਸਤ ਰਿਸਪਾਂਸ ਮਿਲਿਆ ਸੀ। ਉਸ ਨੀਲਾਮੀ ਤੋਂ ਵੀ ਵਿਭਾਗ ਨੂੰ 2.26 ਕਰੋੜ ਰੁਪਏ ਦਾ ਰਿਵੈਨਿਊ ਮਿਲਿਆ ਸੀ। ਉਸ ਵੇਲੇ ਸੀਰੀਜ਼ ਦਾ 0001 ਨੰਬਰ 16.50 ਲੱਖ ਰੁਪਏ ਵਿੱਚ ਵਿਕਿਆ ਸੀ, ਜੋ ਪਿਛਲੀਆਂ ਨੀਲਾਮੀਆਂ ਵਿੱਚ ਸਭ ਤੋਂ ਵੱਧ ਸੀ।
ਇਸ ਤੋਂ ਇਲਾਵਾ 0009 ਨੰਬਰ 10 ਲੱਖ ਰੁਪਏ ਵਿੱਚ ਵਿਕਿਆ ਸੀ। ਪਿਛਲੇ ਸਾਲ ਵਿਭਾਗ ਨੇ ਕੁੱਲ 489 ਫੈਂਸੀ ਨੰਬਰਾਂ ਦੀ ਨੀਲਾਮੀ ਕੀਤੀ ਸੀ।
ਨੀਲਾਮੀ ਕਿਵੇਂ ਹੁੰਦੀ ਹੈ
RLA ਦੇ ਮੁਤਾਬਕ, ਈ-ਨੀਲਾਮੀ ਵਿੱਚ ਸਿਰਫ਼ ਚੰਡੀਗੜ੍ਹ ਦੇ ਲੋਕ ਹੀ ਹਿੱਸਾ ਲੈ ਸਕਦੇ ਹਨ। ਇਸ ਲਈ ਨੈਸ਼ਨਲ ਟਰਾਂਸਪੋਰਟ ਦੀ ਵੈੱਬਸਾਈਟ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਉਣਾ ਪੈਂਦਾ ਹੈ। ਇਸ ਤੋਂ ਬਾਅਦ ਵੈੱਬਸਾਈਟ 'ਤੇ ਨੀਲਾਮੀ ਵਿੱਚ ਸ਼ਾਮਲ ਸੀਰੀਜ਼ ਦੇ ਸਾਰੇ ਨੰਬਰ ਦਰਸਾਏ ਜਾਂਦੇ ਹਨ।
ਰਜਿਸਟ੍ਰੇਸ਼ਨ ਕਰਵਾ ਚੁੱਕੇ ਲੋਕ ਇਨ੍ਹਾਂ 'ਤੇ ਬੋਲੀ ਲਗਾਂਦੇ ਹਨ। ਜਿਹੜਾ ਵਿਅਕਤੀ ਸਭ ਤੋਂ ਵੱਧ ਬੋਲੀ ਲਗਾਂਦਾ ਹੈ, ਉਸ ਨੂੰ ਨੰਬਰ ਅਲਾਟ ਕਰ ਦਿੱਤਾ ਜਾਂਦਾ ਹੈ। ਹਾਲਾਂਕਿ, ਨੰਬਰ ਮਿਲਣ ਤੋਂ ਪਹਿਲਾਂ ਹੀ ਬੋਲੀਦਾਤਾ ਨੂੰ ਪੂਰੇ ਪੈਸੇ ਜਮ੍ਹਾਂ ਕਰਾਉਣੇ ਪੈਂਦੇ ਹਨ।
ਕਈ ਵਾਰ ਗੱਡੀ ਤੋਂ ਵੀ ਵੱਧ ਖਰਚਾ ਇਸਦੇ ਨੰਬਰ ‘ਤੇ
ਦੱਸਣਯੋਗ ਹੈ ਕਿ ਚੰਡੀਗੜ੍ਹ ਦੇ ਲੋਕ ਆਪਣੇ VIP ਸਟੇਟਸ ਲਈ ਮਸ਼ਹੂਰ ਹਨ। ਇਸ ਲਈ ਉਹਨਾਂ ਵਿੱਚ ਆਪਣੇ ਵਾਹਨਾਂ ਲਈ ਫੈਂਸੀ ਨੰਬਰ ਖਰੀਦਣ ਦਾ ਵੀ ਕ੍ਰੇਜ਼ ਰਹਿੰਦਾ ਹੈ। ਕਈ ਵਾਰ ਤਾਂ ਐਸਾ ਵੀ ਵੇਖਿਆ ਗਿਆ ਹੈ ਕਿ ਵਾਹਨ ਮਾਲਕ ਆਪਣੀ ਗੱਡੀ ਤੋਂ ਵੀ ਵੱਧ ਖਰਚਾ ਇਸਦੇ ਨੰਬਰ ‘ਤੇ ਕਰ ਦਿੰਦੇ ਹਨ।






















