ਮਲੋਟ 'ਚ ਕੈਂਪ ਲਗਾਉਣ ਜਾ ਰਹੇ BJP ਆਗੂਆਂ ਸਣੇ ਵਰਕਰ ਹਿਰਾਸਤ 'ਚ, ਪੰਜਾਬ 'ਚ ਮੁੜ BJP ਵੱਲੋਂ ਲਗਾਏ ਜਾ ਰਹੇ ਕੈਂਪ
ਪੰਜਾਬ ਵਿੱਚ ਭਾਜਪਾ ਵੱਲੋਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਲਗਾਏ ਜਾ ਰਹੇ ਕੈਂਪਾਂ ਚਰਚਾ ਦੇ ਵਿੱਚ ਬਣੇ ਹੋਏ ਹਨ। ਹੁਣ ਇਨ੍ਹਾਂ ਕੈਂਪਾਂ ਮੁੱਦਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਦੋਵਾਂ ਪਾਰਟੀਆਂ 'ਚ ਤਕਰਾਰ ਦੇਖਣ ਨੂੰ ਮਿਲ ਰਹੀ ਹੈ।

BJP Leaders and Workers Detained in Malot: ਪੰਜਾਬ ਵਿੱਚ ਭਾਜਪਾ ਵੱਲੋਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਲਗਾਏ ਜਾ ਰਹੇ ਕੈਂਪਾਂ ਨੂੰ ਰਾਜ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਚੁਣੌਤੀ ਦਿੱਤੀ ਹੈ। ਇੱਥੋਂ ਤੱਕ ਕਿ ਡਾਟਾ ਚੋਰੀ ਦੇ ਆਰੋਪ ਵੀ ਲਗਾਏ ਜਾ ਰਹੇ ਹਨ। ਇਸਦੇ ਬਾਵਜੂਦ, ਭਾਜਪਾ ਨੇ ਐਤਵਾਰ (ਅੱਜ) ਨੂੰ ਵੀ ਕੈਂਪ ਲਗਾਉਣ ਦਾ ਫੈਸਲਾ ਕੀਤਾ। ਇਸ ਦੌਰਾਨ, ਜਿਵੇਂ ਹੀ ਮਲੋਟ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਜੀਜਾ ਕੈਂਪ ਲਗਾਉਣ ਜਾ ਰਹੇ ਸਨ, ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਨਾਲ ਕੁਝ ਹੋਰ ਨੇਤਾ ਵੀ ਪੁਲਿਸ ਥਾਣੇ ਲਿਜਾਏ ਗਏ।
ਕੈਂਪ ਲਗਾਉਣ ਦਾ ਮਾਮਲਾ ਗਰਮਾਇਆ
ਦੂਜੇ ਪਾਸੇ, ਭਾਜਪਾ ਨੇ ਅੱਜ ਨੌ ਜ਼ਿਲਿਆਂ ਵਿੱਚ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ, ਜਿੱਥੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਰਜਿਸਟਰ ਕੀਤਾ ਜਾਵੇਗਾ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਇਹ ਮਾਮਲਾ ਗਰਮਾਇਆ ਹੋਇਆ ਹੈ। ਭਾਜਪਾ ਦਾ ਕਹਿਣਾ ਹੈ ਕਿ ਅਸੀਂ ਮਈ ਤੋਂ ਕੈਂਪ ਲਗਾ ਰਹੇ ਹਾਂ। ਜਦੋਂ ਆਮ ਆਦਮੀ ਪਾਰਟੀ ਨੂੰ ਭਾਜਪਾ ਰਾਜਪੁਰਾ ਰੈਲੀ ਤੋਂ ਇਸ ਬਾਰੇ ਪਤਾ ਲੱਗਾ, ਉਸ ਤੋਂ ਬਾਅਦ ਪੰਜਾਬ ਸਰਕਾਰ ਡਰੀ ਹੋਈ ਹੈ।
ਮਲੋਟ ਵਿੱਚ ਬੀਜੇਪੀ ਵਰਕਰਾਂ ਨੂੰ ਪੁਲਿਸ ਵੱਲੋਂ ਡਿਟੇਨ ਕਰ ਲਿਆ ਗਿਆ। ਮਲੋਟ ਦੇ ਲੱਕੜ ਵਾਲਾ ਪਿੰਡ ਵਿੱਚ ਬੀਜੇਪੀ ਵਰਕਰਾਂ ਵੱਲੋਂ ਬੀਜੇਪੀ ਸਰਕਾਰ ਦੇ ਵੱਲੋਂ ਆਮ ਲੋਕਾਂ ਦੇ ਲਈ ਲਿਆਂਦੀਆਂ ਸਕੀਮਾਂ ਦਾ ਬਾਰੇ ਕੈਂਪ ਲੱਗਾ ਕੇ ਲੋਕਾਂ ਨੂੰ ਜਾਣੂ ਕਰਵਾਇਆ ਜਾਣਾ ਸੀ। ਪਰ ਕੈਂਪ ਲਗਾਉਣ ਤੋਂ ਪਹਿਲਾਂ ਹੀ ਥਾਣਾ ਸਦਰ ਮਲੋਟ ਪੁਲਿਸ ਵੱਲੋਂ ਇਹਨਾਂ ਬੀਜੇਪੀ ਮੁਕਤਸਰ ਦੇ ਜ਼ਿਲ੍ਹਾਂ ਪ੍ਰਧਾਨ ਸਤੀਸ਼ ਅਜੀਜਾ ਤੇ ਹੋਰ ਵਰਕਰਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਥਾਣਾ ਸਦਰ ਮਲੋਟ ਵਿਖੇ ਲਿਆਂਦਾ ਗਿਆ। ਜਿਸ ਤੋਂ ਕੁਝ ਸਮੇਂ ਬਾਅਦ ਜ਼ਿਲ੍ਹਾ ਪ੍ਰਧਾਨ ਅਤੇ ਉਨਾਂ ਦੇ ਨਾਲ ਵੱਖ-ਵੱਖ ਆਗੂਆਂ ਨੂੰ ਵੀ ਛੱਡ ਦਿੱਤਾ ਗਿਆ।
ਸੀਐਮ ਮਾਨ ਨੇ ਬੀਜੀਪੀ ਦੇ ਕੈਂਪ ਲਗਾਉਣ ਨੂੰ ਲੈ ਕੇ ਆਖੀ ਇਹ ਗੱਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਕੋਈ ਕਿਸੇ ਦਾ ਨਿੱਜੀ ਡਾਟਾ, ਫੋਨ, ਪੈਨ, ਵੋਟਰ ਜਾਂ ਆਧਾਰ ਕਾਰਡ ਕਿਵੇਂ ਲੈ ਸਕਦਾ ਹੈ। ਇਹ ਲੋਕਾਂ ਦੀ ਨਿੱਜਤਾ ਦਾ ਉਲੰਘਣ ਹੈ। ਦੂਜੇ ਪਾਸੇ, ਭਾਜਪਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਗਰੀਬਾਂ ਦੀ ਮਦਦ ਕਰਨ ਵਿੱਚ ਰੋੜਾ ਬਣ ਰਹੀਆਂ ਹਨ। ਉਹਨਾਂ ਕਿਹਾ ਕਿ ਨਾਮ ਤਾਂ ਭਗਵੰਤ ਮਾਨ ਦਾ ਆਉਂਦਾ ਹੈ, ਪਰ ਅਸਲ ਫੈਸਲਾ ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਲਿਆ ਗਿਆ ਹੈ।






















