SYL 'ਤੇ ਭੱਖਿਆ ਵਿਵਾਦ, ਬੀਜੇਪੀ ਨੇ ਸੁਖਬੀਰ ਬਾਦਲ 'ਤੇ ਸਾਧੇ ਨਿਸ਼ਾਨੇ, ਧਾਰਾ 5 ਦਾ ਵੀ ਆ ਗਿਆ ਜ਼ਿਕਰ
punjab ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਿਆਈ ਪਾਣੀਆਂ ਦੇ ਸਮਝੌਤੇ ਰੱਦ ਕਰਨ ਦੀ ਬਿਆਨਬਾਜੀ ...
Mohali : ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਿਆਈ ਪਾਣੀਆਂ ਦੇ ਸਮਝੌਤੇ ਰੱਦ ਕਰਨ ਦੀ ਬਿਆਨਬਾਜੀ ਕਰਨ ਤੋਂ ਪਹਿਲਾਂ ਲੋਕਾਂ ਨੂੰ ਇਹ ਦਸਣ ਕਿ ਲਗਾਤਾਰ ਦਸ ਸਾਲ ਸਤਾ ਵਿਚ ਰਹਿਣ ਦੌਰਾਨ ਅਕਾਲੀ ਸਰਕਾਰ ਨੇ ਕਾਂਗਰਸ ਸਰਕਾਰ ਵਲੋਂ 2004 ਵਿਚ ਪਾਣੀਆਂ ਦੇ ਸਮਝੌਤੇ ਰੱਦ ਕਰਨ ਲਈ ਬਣਾਏ ਗਏ ਕਾਨੂੰਨ ਦੀ ਧਾਰਾ 5 ਕਿਉਂ ਨਹੀਂ ਖ਼ਤਮ ਕੀਤੀ।
ਸਿੱਧੂ ਨੇ ਸੁਖਬੀਰ ਸਿੰਘ ਬਾਦਲ ਨੂੰ ਯਾਦ ਕਰਵਾਇਆ ਕਿ 2007 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਅਕਾਲੀ ਦਲ ਦੇ ਤਤਕਾਲੀਨ ਪ੍ਰਧਾਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਮੇਤ ਹਰ ਅਕਾਲੀ ਆਗੂ ਨੇ ਹਰ ਸਟੇਜ ਤੋਂ ਇਹ ਐਲਾਨ ਕੀਤੇ ਕਿ ਅਕਾਲੀ ਸਰਕਾਰ ਬਣਨ ਤੋਂ ਬਾਅਦ ਅਮਰਿੰਦਰ ਸਰਕਾਰ ਵਲੋਂ ਪਾਣੀਆਂ ਦੇ ਸਮਝੌਤੇ ਰੱਦ ਕਰਨ ਲਈ ਬਣਾਏ ਗਏ ਕਾਨੂੰਨ ਦੀ ਧਾਰਾ 5 ਖ਼ਤਮ ਕੀਤੀ ਜਾਵੇਗੀ ਕਿਉਂਕਿ “ਇਹ ਧਾਰਾ ਪੰਜਾਬ ਦੇ ਦਰਿਆਵਾਂ ਦਾ ਪਾਣੀ ਦੂਜੇ ਸੂਬਿਆਂ ਨੂੰ ਦੇਣ ਦਾ ਰਾਹ ਖੋਲਦੀ ਹੈ।”
ਉਹਨਾਂ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਇਕ ਵਾਰੀ ਨਹੀਂ ਸਗੋਂ ਚੋਣ ਪ੍ਰਚਾਰ ਦੌਰਾਨ ਘੱਟੋ-ਘੱਟ ਸੌ ਵਾਰ ਇਹ ਵੀ ਕਿਹਾ ਕਿ ਅਕਾਲੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਵਿਚ ਇਸ ਧਾਰਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਜਾਵੇਗਾ ਅਤੇ ਵਿਧਾਨ ਸਭਾ ਦੇ ਪਹਿਲੇ ਅਜਲਾਸ ਵਿਚ ਹੀ “ਪੰਜਾਬ ਵਿਰੋਧੀ” ਇਹ ਧਾਰਾ ਰੱਦ ਕਰ ਦਿੱਤੀ ਜਾਵੇਗੀ।
ਭਾਜਪਾ ਆਗੂ ਨੇ ਕਿਹਾ ਕਿ 2007 ਵਿਚ ਬਣੀ ਅਕਾਲੀ ਦਲ ਦੀ ਸਰਕਾਰ ਲਗਾਤਾਰ 10 ਸਾਲ ਸਤਾ ਵਿਚ ਰਹੀ, ਪਰ ਅਕਾਲੀ ਦਲ ਨੇ ਆਪਣਾ ਚੋਣ ਮੈਨੀਫੈਸਟੋ ਵਿਚ ਕੀਤਾ ਗਿਆ ਇਹ ਵਾਅਦਾ ਪੂਰਾ ਨਹੀਂ ਕੀਤਾ।
ਸਿੱਧੂ ਨੇ ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਯਾਦ ਕਰਵਾਇਆ ਕਿ ਇਹ ਅਕਾਲੀ ਦਲ ਹੀ ਸੀ ਜਿਹੜਾ ਸਤਾ ਦੇ ਲਾਲਚ ਵਿਚ ਆ ਕੇ 1985 ਵਿਚ ਰਾਜੀਵ-ਲੌਂਗੋਵਾਲ ਸਮਝੌਤੇ ਵਿਚ ਸਤਲੁਜ-ਜਮਨਾ ਲਿੰਕ ਕਨਾਲ ਬਨਾਉਣੀ ਮੰਨ ਕੇ ਆਇਆ ਸੀ। ਉਹਨਾਂ ਇਹ ਵੀ ਯਾਦ ਕਰਵਾਇਆ ਕਿ ਸਤਲੁਜ-ਜਮਨਾ ਲਿੰਕ ਕਨਾਲ ਦਾ ਸਰਵੇਖਣ ਅਤੇ ਇਸ ਲਈ ਜ਼ਮੀਨ ਗ੍ਰਹਿਣ ਕਰਨ ਦਾ ਪਹਿਲਾ ਨੋਟੀਫ਼ੀਕੇਸ਼ਨ, ਉਹ ਵੀ ਐਮਰਜੈਂਸੀ ਕਲਾਜ ਤਹਿਤ, ਅਕਾਲੀ ਸਰਕਾਰ ਵੇਲੇ 1978 ਵਿਚ ਕੀਤਾ ਗਿਆ ਸੀ।
ਭਾਜਪਾ ਆਗੂ ਨੇ ਕਿਹਾ ਕਿ ਕਾਂਗਰਸੀ ਸਰਕਾਰਾਂ ਨੇ ਤਾਂ ਦਰਿਆਈ ਪਾਣੀਆਂ ਦੇ ਮਾਮਲੇ ਉਤੇ ਪੰਜਾਬ ਨਾਲ ਧੱਕੇਸ਼ਾਹੀ ਤੇ ਬੇਇਨਸਾਫੀ ਕੀਤੀ ਹੈ, ਪਰ ਅਕਾਲੀ ਦਲ ਨੇ ਨੰਗੀ-ਚਿੱਟੀ ਗਦਾਰੀ ਕੀਤੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਵਲੋਂ 1982 ਵਿਚ ਲਾਏ ਗਏ ਧਰਮ-ਯੁੱਧ ਮੋਰਚੇ ਦਾ ਅਰੰਭ ਕਪੂਰੀ ਤੋਂ ਸਤਲੁਜ-ਜਮਨਾ ਲਿੰਕ ਕਨਾਲ ਰੋਕਣ ਤੋਂ ਹੋਇਆ ਸੀ, ਪਰ ਲੱਖਾਂ ਲੋਕਾਂ ਨੂੰ ਮਹੀਨਿਆਂ ਬੱਧੀ ਕੈਦ ਕਰਵਾਉਣ ਤੇ ਸੈਂਕੜੇ ਲੋਕਾਂ ਨੂੰ ਮਰਵਾਉਣ ਤੋਂ ਬਾਅਦ 1985 ਵਿਚ ਅਕਾਲੀ ਦਲ ਕੇਂਦਰ ਸਰਕਾਰ ਕੋਲ ਲਿਖਤੀ ਤੌਰ ਉਤੇ ਮੰਨ ਆਇਆ ਕਿ ਇਹ ਨਹਿਰ ਇਕ ਸਾਲ ਦੇ ਅੰਦਰ ਅੰਦਰ ਬਣਾਈ ਜਾਵੇਗੀ। ਸ਼੍ਰੀ ਸਿਧੂ ਨੇ ਕਿਹ ਕਿ ਲੋਕਾਂ ਨਾਲ ਕੀਤੇ ਗਏ ਅਜਿਹੇ ਵਿਸ਼ਵਾਸ਼ਘਾਤ ਦੀ ਮਿਸਾਲ ਸ਼ਾਇਦ ਦੁਨੀਆਂ ਵਿਚ ਕਿਧਰੇ ਨਾ ਮਿਲਦੀ ਹੋਵੇ।
ਸਿੱਧੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਜਿਹੇ ਜ਼ਜਬਾਤੀ ਬਿਆਨਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਕੇ ਆਪਣੀ ਅਤੇ ਆਪਣੀ ਪਾਰਟੀ ਦੀ ਗੁਆਚੀ ਸਾਖ ਬਹਾਲ ਕਰਨੀ ਚਾਹੁੰਦੇ ਹਨ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਹ ਸਭ ਭੁੱਲ ਭੁਲਾਅ ਗਿਆ ਹੈ, ਪਰ ਉਹ ਗਲਤਫਹਿਮੀ ਵਿਚ ਹੈ ਕਿ ਲੋਕ ਉਸ ਦੀ ਇਸ ਫੋਕੀ ਬਿਆਨਬਾਜੀ ਉਤੇ ਬਿਲਕੁਲ ਵੀ ਵਿਸ਼ਵਾਸ਼ ਨਹੀਂ ਕਰਨਗੇ।