Chandigarh News: ਕੌਮੀ ਇਨਸਾਫ਼ ਮੋਰਚੇ ਨੂੰ ਮਿਲਣ ਲੱਗਾ ਵੱਡਾ ਹੁੰਗਾਰਾ, ਪੰਚਾਇਤਾਂ ਵੱਲੋਂ ਮਤੇ ਪਾਸ
ਚੰਡੀਗੜ੍ਹ ਦੀ ਹੱਦ ’ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਨੂੰ ਵੱਡਾ ਹੁੰਗਾਰਾ ਮਿਲਣ ਲੱਗਾ ਹੈ। ਬੁੱਧਵਾਰ ਨੂੰ ਸਿੱਖ ਜਥੇਬੰਦੀਆਂ ਨੇ ਚੰਡੀਗੜ੍ਹ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਪੁਲਿਸ ਨਾਲ ਕਾਫੀ ਟਕਰਾਅ ਹੋਇਆ ਸੀ।
Chandigarh News: ਚੰਡੀਗੜ੍ਹ ਦੀ ਹੱਦ ’ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਨੂੰ ਵੱਡਾ ਹੁੰਗਾਰਾ ਮਿਲਣ ਲੱਗਾ ਹੈ। ਬੁੱਧਵਾਰ ਨੂੰ ਸਿੱਖ ਜਥੇਬੰਦੀਆਂ ਨੇ ਚੰਡੀਗੜ੍ਹ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਪੁਲਿਸ ਨਾਲ ਕਾਫੀ ਟਕਰਾਅ ਹੋਇਆ ਸੀ। ਬੁੱਧਵਾਰ ਦੇ ਐਕਸ਼ਨ ਮਗਰੋਂ ਲੋਕਾਂ ਦਾ ਰੋਹ ਹੋਰ ਵਧ ਗਿਆ ਹੈ। ਹੁਣ ਪੰਚਾਇਤਾਂ ਮੋਰਚੇ ਦੇ ਹੱਕ ਵਿੱਚ ਮਤੇ ਪਾਉਣ ਲੱਗੀਆਂ ਹਨ।
ਕੁਰਾਲੀ ਨੇੜਲੇ ਪਿੰਡ ਸੀਹੋਂ ਮਾਜਰਾ ਦੇ ਸਮੂਹ ਨਗਰ ਵਾਸੀਆਂ ਵੱਲੋਂ ਮਤਾ ਪਾਸ ਕੀਤਾ ਗਿਆ ਹੈ। ਪਿੰਡ ਵਾਸੀਆਂ ਵੱਲੋਂ ਇਨਸਾਫ਼ ਮੋਰਚੇ ਵਿੱਚ ਪਿੰਡ ਦੀ ਪੱਕੀ ਟਰਾਲੀ ਖੜ੍ਹੀ ਕਰਨ ਤੇ ਰੋਜ਼ਾਨਾਂ ਜੱਥਾ ਭੇਜਣ ਦਾ ਫੈਸਲਾ ਵੀ ਕੀਤਾ ਗਿਆ। ਪਿੰਡ ਵਾਸੀਆਂ ਵੱਲੋਂ ਕੀਤੇ ਫੈਸਲੇ ਮਗਰੋਂ ਸੀਹੋਂਮਾਜਰਾ ਦੇ ਵਸਨੀਕਾਂ ਦਾ ਵਫ਼ਦ ਜਥੇ ਦੇ ਰੂਪ ਵਿੱਚ ਮੋਰਚੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਚੇਅਰਮੈਨ ਨਰਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਮੋਰਚੇ ਲਈ ਰੋਜ਼ਾਨਾਂ ਦੁੱਧ ਦੀ ਸੇਵਾ ਵੀ ਕੀਤੀ ਜਾਵੇਗੀ।
ਇਸੇ ਤਰ੍ਹਾਂ ਪਿੰਡ ਧਰਮਗੜ੍ਹ ਤੋਂ ਇਕ ਜਥਾ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿੱਚ ਲੱਗੇ ਕੌਮੀ ਇਨਸਾਫ਼ ਮੋਰਚੇ ਵਿੱਚ ਸ਼ਾਮਲ ਹੋਇਆ। ਧਰਮਗੜ੍ਹ ਦੇ ਸਰਪੰਚ ਹਰਬੰਸ ਸਿੰਘ ਨੇ ਦੱਸਿਆ ਕਿ ਮੋਰਚੇ ਵਿੱਚ ਸ਼ਾਮਲ ਹੋਣ ਲਈ ਸੰਗਤ ਲਈ ਸਪੈਸ਼ਲ ਟਰਾਲੀ ਤਿਆਰ ਕਰਵਾਈ ਹੈ ਤੇ ਸਮੂਹ ਪਿੰਡ ਵਾਸੀ ਇਸ ਮੋਰਚੇ ਦੀ ਹਮਾਇਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਬੰਦੀ ਸਿੱਖ ਸਜਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਕਾਨੂੰਨ ਅਨੁਸਾਰ ਰਿਹਾਅ ਕਰ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਹੋਰ ਪਿੰਡਾਂ ਵਿੱਚੋਂ ਵੀ ਲੋਕ ਮੋਰਚੇ ਵਿੱਚ ਆਉਣ ਲੱਗੇ ਹਨ।
ਉਧਰ, ਪੈਰੀਫੇਰੀ ਮਿਲਕਮੈਨ ਯੂਨੀਅਨ ਮੁਹਾਲੀ-ਚੰਡੀਗੜ੍ਹ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਜਸਵੀਰ ਸਿੰਘ ਨਰੈਣਾ, ਸੁਰਿੰਦਰ ਸਿੰਘ ਬਰਿਆਲੀ, ਬਲਵਿੰਦਰ ਸਿੰਘ ਬੀੜ ਤੇ ਜਗਤਾਰ ਸਿੰਘ ਨੇ ਕੌਮੀ ਇਨਸਾਫ਼ ਮੋਰਚੇ ਦੇ ਮੈਂਬਰਾਂ ਉੱਤੇ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਸਿੱਖ ਆਗੂਆਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਲੜੀਵਾਰ ਧਰਨੇ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ ਤੇ ਬਿਨਾਂ ਸ਼ਰਤ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਨੇ ਬੇਅਦਬੀ ਦੀਆਂ ਘਟਨਾਵਾਂ ਤੇ ਬਹਿਬਲ ਕਲਾਂ ਗੋਲੀਕਾਂਡ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ।
ਉਧਰ, ਲੋਕ ਹਿੱਤ ਮਿਸ਼ਨ ਦਾ ਜਥਾ ਟੋਲ ਪਲਾਜ਼ਾ ਬੜੌਦੀ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣ ਲਈ ਰਵਾਨਾ ਹੋਏ ਪਰ ਪੁਲਿਸ ਨੇ ਇਸ ਕਾਫ਼ਲੇ ਨੂੰ ਰਸਤੇ ਵਿੱਚ ਰੋਕ ਲਿਆ। ਇਸ ਕਾਫ਼ਲੇ ਵਿੱਚ ਸਿੱਖ ਆਗੂ ਗੁਰਮੀਤ ਸਿੰਘ ਸਾਂਟੂ, ਸੁਖਦੇਵ ਸਿੰਘ ਸੁੱਖਾ ਕੰਸਾਲਾ, ਰਵਿੰਦਰ ਸਿੰਘ ਵਜੀਦਪੁਰ ਤੇ ਹੋਰ ਪਤਵੰਤੇ ਹਾਜ਼ਰ ਸਨ। ਬਾਅਦ ਵਿੱਚ ਇਹ ਸਾਰੇ ਲੋਕ ਮੁਹਾਲੀ ਵਿੱਚ ਚੱਲ ਰਹੇ ਪੱਕੇ ਮੋਰਚੇ ਵਿੱਚ ਪਹੁੰਚ ਗਏ।