Jalandhar By Election: ਜਲੰਧਰ ਨੂੰ ਵੋਟ ਫ਼ੀਸਦੀ ਲਈ ਮੋਹਰੀ ਜ਼ਿਲ੍ਹਾ ਬਣਾਉਣ ਲਈ ਨੌਜਵਾਨ ਨੂੰ ਖੁੱਲ੍ਹ ਕੇ ਵੋਟ ਪਾਉਣ ਦਾ ਸੱਦਾ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕਤੰਤਰ ਦੀ ਮਜ਼ਬੂਤੀ ਲਈ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਹ 10 ਮਈ ਨੂੰ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਵੋਟ ਜ਼ਰੂਰ ਪਾਉਣ।
Jalandhar By Election: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕਤੰਤਰ ਦੀ ਮਜ਼ਬੂਤੀ ਲਈ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਹ 10 ਮਈ ਨੂੰ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਵੋਟ ਜ਼ਰੂਰ ਪਾਉਣ। ਸਥਾਨਕ ਐਚਐਮਵੀ ਕਾਲਜ ਵਿੱਚ ‘ਸਵੀਪ ਕੈਲੀਡੋਸਕੋਪ’ ਪ੍ਰੋਗਰਾਮ ਦੌਰਾਨ ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਕਿਹਾ ਕਿ ਜਲੰਧਰ ਨੂੰ ਵੋਟ ਫ਼ੀਸਦੀ ਲਈ ਮੋਹਰੀ ਜ਼ਿਲ੍ਹਾ ਬਣਾਉਣ ਲਈ ਸਾਰਿਆਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹਨ।
ਉਨ੍ਹਾਂ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਮੁੱਖ ਚੋਣ ਅਧਿਕਾਰੀ ਨੇ ਨੈਤਿਕ ਵੋਟਿੰਗ ਦੇ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਰਿਆਂ ਨੂੰ ਨੈਤਿਕ ਵੋਟਿੰਗ ਦਾ ਸੰਕਲਪ ਲੈਂਦਿਆਂ ਇਮਾਨਦਾਰੀ ਨਾਲ ਵੋਟ ਪਾਉਣੀ ਚਾਹੀਦੀ ਹੈ। ਇਸ ਮੌਕੇ ਡਾਊਨ ਸਿੰਡਰੋਮ ਤੋਂ ਪੀੜਤ ਬੱਚਿਆਂ ਨੇ ਨੈਤਿਕ ਵੋਟਿੰਗ ’ਤੇ ਅਧਾਰਿਤ ਸੱਭਿਆਚਾਰਕ ਪੇਸ਼ਕਾਰੀ ਵੀ ਦਿੱਤੀ ਜਦਕਿ ਐਚ.ਐਮ.ਵੀ.ਕਾਲਜ ਦੀਆਂ ਵਿਦਿਆਰਥਣਾਂ ਨੇ ਵੋਟ ਦੇ ਮਹੱਤਵ ’ਤੇ ਨੁੱਕੜ ਨਾਟਕ ਵੀ ਪੇਸ਼ ਕੀਤਾ।
ਦੱਸ ਦਈਏ ਕਿ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਅਮਨ-ਅਮਾਨ ਤੇ ਪੂਰੀ ਨਿਰਪੱਖਤਾ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਨੌਂ ਵਿਧਾਨ ਸਭਾ ਹਲਕਿਆਂ ਵਿੱਚ ਲੋੜੀਂਦੇ ਪ੍ਰਬੰਧ ਅਮਲ ਵਿੱਚ ਲਿਆਉਂਦਿਆਂ 1972 ਪੋਲਿੰਗ ਬੂਥ ਸਥਾਪਿਤ ਕਰਨ ਨੂੰ ਅੰਤਿਮ ਰੂਪ ਦਿੱਤਾ ਹੈ। ਇਨ੍ਹਾਂ 9 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 16,21,800 ਵੋਟਰ ਹਨ। ਇਨ੍ਹਾਂ ਵਿੱਚ 8,44,904 ਪੁਰਸ਼, 7,76,855 ਮਹਿਲਾ ਤੇ 41 ਥਰਡ ਜੈਂਡਰ ਵੋਟਰ ਸ਼ਾਮਲ ਹਨ।
ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਭ ਤੋਂ ਵੱਧ ਗਿਣਤੀ 2,00,018 ਵੋਟਰ ਵਿਧਾਨ ਸਭਾ ਹਲਕਾ ਫਿਲੌਰ ਵਿੱਚ ਹਨ ਜਦੋਂਕਿ ਆਦਮਪੁਰ ਵਿਧਾਨ ਸਭਾ ਹਲਕੇ ਵਿੱਚ 1,64,962 ਵੋਟਰ ਹਨ। ਇਸੇ ਤਰ੍ਹਾਂ ਹਲਕਾ ਨਕੋਦਰ 1,91,067, ਹਲਕਾ ਸ਼ਾਹਕੋਟ ਵਿੱਚ 1,82,026, ਹਲਕਾ ਕਰਤਾਰਪੁਰ ਵਿੱਚ 1,79,704, ਹਲਕਾ ਜਲੰਧਰ ਵੈਸਟ ਵਿੱਚ 1,65,973, ਜਲੰਧਰ ਸੈਂਟਰਲ ਵਿੱਚ 1,68,237, ਹਲਕਾ ਜਲੰਧਰ ਉੱਤਰੀ ਵਿੱਚ 1,83,363 ਤੇ ਹਲਕਾ ਜਲੰਧਰ ਛਾਉਣੀ ਵਿੱਚ 1,86,450 ਵੋਟਰ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 9 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 1850 ਸਰਵਿਸ ਵੋਟਰ ਜਿਨ੍ਹਾਂ ਵਿੱਚ 1728 ਪੁਰਸ਼ ਤੇ 122 ਮਹਿਲਾ ਵੋਟਰ ਸ਼ਾਮਲ ਹਨ।
ਪੋਲਿੰਗ ਸਟੇਸ਼ਨਾਂ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਲੌਰ ਹਲਕੇ ਵਿੱਚ 242, ਨਕੋਦਰ ਵਿੱਚ 252, ਸ਼ਾਹਕੋਟ ਵਿੱਚ 250, ਕਰਤਾਰਪੁਰ ਵਿੱਚ 228, ਜਲੰਧਰ ਵੈਸਟ ਵਿੱਚ 183, ਜਲੰਧਰ ਸੈਂਟਰਲ ਵਿੱਚ 186, ਜਲੰਧਰ ਉਤੱਰੀ 196, ਜਲੰਧਰ ਛਾਉਣੀ 218 ਤੇ ਆਦਮਪੁਰ ਹਲਕੇ ਵਿੱਚ 217 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ।