ਜਲੰਧਰ 'ਚ ਧੁੱਸੀ ਬੰਨ੍ਹ 5 ਦਿਨਾਂ 'ਚ ਕੀਤਾ ਗਿਆ ਬੰਦ, ਸੰਤ ਸੀਚੇਵਾਲ ਨੇ ਸੰਗਤ ਨਾਲ ਮਿਲ ਕੇ ਬਣਾਇਆ ਬੰਨ੍ਹ
ਇਸ ਦੀ ਮਿਸਾਲ ਜਲੰਧਰ ਦੇ ਸ਼ਾਹਕੋਟ ਸਬ-ਡਵੀਜ਼ਨ ਦੇ ਲੋਹੀਆਂ 'ਚ ਵੇਖਣ ਨੂੰ ਮਿਲੀ ਹੈ। ਲੋਹੀਆਂ ਦੇ ਮੰਡਾਲਾ ਛੰਨਾ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਵਧਣ ਕਾਰਨ ਧੁੱਸੀ ਬੰਨ੍ਹ ਟੁੱਟ ਗਿਆ ਤੇ ਇਸ ਦੇ ਨਾਲ ਲੱਗਦੇ ਸਾਰੇ ਪਿੰਡਾਂ 'ਚ ਫ਼ਸਲਾਂ ਨਾਲ...
Jalandhar News : ਪੰਜਾਬੀ ਆਪਣੀ ਦਰਿਆ ਦਿਲੀ ਤੇ ਮੁਸ਼ਕਿਲਾਂ ਵਿੱਚ ਹਾਰ ਨਾ ਮੰਨ ਕੇ ਸਮੱਸਿਆਵਾਂ ਨਾਲ ਲੜਨ ਲਈ ਜਾਣੇ ਜਾਂਦੇ ਹਨ। ਇਸ ਦੀ ਮਿਸਾਲ ਜਲੰਧਰ ਦੇ ਸ਼ਾਹਕੋਟ ਸਬ-ਡਵੀਜ਼ਨ ਦੇ ਲੋਹੀਆਂ 'ਚ ਵੇਖਣ ਨੂੰ ਮਿਲੀ ਹੈ। ਲੋਹੀਆਂ ਦੇ ਮੰਡਾਲਾ ਛੰਨਾ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਵਧਣ ਕਾਰਨ ਧੁੱਸੀ ਬੰਨ੍ਹ ਟੁੱਟ ਗਿਆ ਤੇ ਇਸ ਦੇ ਨਾਲ ਲੱਗਦੇ ਸਾਰੇ ਪਿੰਡਾਂ ਵਿੱਚ ਫ਼ਸਲਾਂ ਨਾਲ ਖਿੜੇ ਖੇਤ ਪਾਣੀ ਵਿੱਚ ਡੁੱਬ ਗਏ।
ਪਰ ਇਸ ਮੁਸੀਬਤ ਦੀ ਘੜੀ ਵਿੱਚ ਵੀ ਲੋਕਾਂ ਨੇ ਹਿੰਮਤ ਨਹੀਂ ਹਾਰੀ ਅਤੇ ਨਾ ਹੀ ਉਹ ਹੱਥ ਉੱਤੇ ਹੱਥ ਧਰ ਕੇ ਬੈਠੇ। ਉਨ੍ਹਾਂ ਨੇ ਟੁੱਟੇ ਧੁੱਸੀ ਬੰਨ੍ਹ ਨੂੰ ਦੁਬਾਰਾ ਬਣਾਉਣ ਦਾ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨਾਲ ਮਿਲ ਕੇ ਸੰਕਲਪ ਲਿਆ। ਸੰਤ ਸੀਚੇਵਾਲ ਅਤੇ ਸੰਗਤ ਨੇ ਇਸ ਸੰਕਲਪ ਨੂੰ ਲਗਭਗ 5 ਦਿਨਾਂ ਵਿੱਚ ਪੂਰਾ ਕਰ ਦਿੱਤਾ। ਜਿੱਥੇ ਧੁੱਸੀ ਬੰਨ੍ਹ ਟੁੱਟ ਗਿਆ ਸੀ, ਉੱਥੇ ਸਤਲੁਜ ਦੇ ਦੋ ਕਿਨਾਰਿਆਂ ਵਿਚਕਾਰ ਸਤਲੁਜ ਦੀ ਭਟਕੀ ਧਾਰ ਨੂੰ ਕੱਢਦਣ ਲਈ ਛੋਟਾ ਜਿਹਾ ਰਾਸਤਾ ਛੱਡ ਦਿੱਤਾ। ਬਾਕੀ ਬੰਨ੍ਹ ਬਣਾ ਦਿੱਤਾ ਗਿਆ ਹੈ।
ਇਸ ਛੋਟੇ ਜਿਹੇ ਛੱਡੇ ਗਏ ਸਥਾਨ ਨੂੰ ਵੀ ਸੰਤ ਸੀਚੇਵਾਲ ਤੇ ਸੰਗਤ ਬੰਦ ਕਰ ਦੇਵੇਗੀ, ਪਰ ਸਿਰਫ਼ ਹੁਣ ਇੰਤਜ਼ਾਰ ਪਾਣੀ ਦਾ ਪੱਧਰ ਥੋੜਾ ਹੋਰ ਘੱਟ ਹੋਣ ਦਾ ਕੀਤਾ ਜਾ ਰਿਹਾ ਹੈ। ਵੈਸੇ ਬੀਤੀ ਰਾਤ ਤੋਂ ਸਤਲੁਜ ਦੇ ਪਾਣੀ ਦਾ ਪੱਧਰ ਕਾਫੀ ਘੱਟ ਗਿਆ ਹੈ। ਜਿਵੇਂ ਹੀ ਵਹਾਅ ਥੋੜਾ ਘੱਟ ਹੁੰਦਾ ਹੈ, ਤਾਂ ਇਸ ਵਹਾਅ ਦੀ ਦਿਸ਼ਾ ਵੀ ਖਾਲੀ ਪਈ ਜਗ੍ਹਾ ਨੂੰ ਬੰਦ ਕਰਕੇ ਦਰਿਆ ਦੇ ਅਸਲ ਵਹਾਅ ਵੱਲ ਮੋੜ ਦਿੱਤੀ ਜਾਵੇਗੀ।
ਐਮਪੀ-ਮੰਤਰੀ ਸਾਰਿਆਂ ਨੇ ਕੀਤੀ ਸੇਵਾ, ਚੁੱਕੀਆਂ ਮਿੱਟੀ ਦੀਆਂ ਬੋਰੀਆਂ
ਔਖੀ ਘੜੀ ਵਿੱਚ ਹਰ ਕੋਈ ਬਰਾਬਰ ਨਜ਼ਰ ਆਇਆ। ਨਾ ਕੋਈ ਵੱਡਾ ਤੇ ਨਾ ਹੀ ਕੋਈ ਛੋਟਾ, ਕੋਈ ਮੰਤਰੀ ਹੋਵੇ ਜਾਂ ਸੰਸਦ ਮੈਂਬਰ, ਸਭ ਨੇ ਸੇਵਾ ਭਾਵਨਾ ਅੱਗੇ ਸਿਰ ਝੁਕਾ ਕੇ ਕੰਮ ਕੀਤਾ। ਸਾਰਿਆਂ ਨੇ ਮੌਕੇ 'ਤੇ ਪਹੁੰਚ ਕੇ ਮਿੱਟੀ ਦੀਆਂ ਬੋਰੀਆਂ ਪਿੱਠ 'ਤੇ ਚੁੱਕ ਕੇ ਬੰਨ੍ਹ ਦੇ ਨਿਰਮਾਣ 'ਚ ਮਦਦ ਕੀਤੀ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਖੈਰ ਬੰਨ੍ਹ ਦੇ ਪੁਨਰ ਨਿਰਮਾਣ ਵਿਚ ਲੱਗੇ ਹੋਏ ਸਨ, ਉਨ੍ਹਾਂ ਦੇ ਨਾਲ ਸੰਸਦ ਮੈਂਬਰ ਸੁਸ਼ੀਲ ਰਿੰਕੂ ਤੇ ਮੰਤਰੀ ਬਲਕਾਰ ਸਿੰਘ ਵੀ ਡੈਮ ਨੂੰ ਭਰਨ ਲਈ ਮਿੱਟੀ ਦੀਆਂ ਬੋਰੀਆਂ ਚੁੱਕਦੇ ਨਜ਼ਰ ਆਏ।