Old Punjab: ਦੁਆਬੇ ਦੇ ਕਿਸਾਨ ਨੇ ਖੇਤਾਂ 'ਚ ਬਣਾਈ ਪੁਰਾਣੇ ਪੰਜਾਬ ਦੀ ਝਲਕ, ਦੇਖ ਕੇ ਬਚਪਨ ਆਵੇਗਾ ਯਾਦ, ਵਿਦੇਸ਼ਾਂ 'ਚ ਭੱਜਦੀ ਜਵਾਨੀ ਨੂੰ ਖਾਸ ਸੁਨੇਹਾ
Kisan Mukesh Sharma -
Jalandhar Kisan Mukesh Sharam - ਇਨਸਾਨ ਜਿਹੜੇ ਵੀ ਹਾਲਾਤ ਵਿੱਚ ਹੋਵੇ ਉਹ ਆਪਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਦੌੜਦਾ ਰਹਿੰਦਾ ਹੈ। ਪੰਜਾਬੀਆਂ ਦੀ ਹੀ ਗੱਲ ਕਰੀਏ ਤਾਂ ਕਈ ਆਪਣਾ ਪਿੰਡ ਛੱਡ ਕੇ ਪਰਦੇਸੀ ਬਣ ਗਏ ਅਤੇ ਕਈਆਂ ਨੂੰ ਪਿੰਡਾਂ ਦਾ ਮੋਹ ਅਜਿਹਾ ਪਿਆ ਕਿ ਉਸ ਥਾਂ ਨੂੰ ਛੱਡ ਕੇ ਨਹੀਂ ਜਾ ਸਕਦੇ।
ਅਜਿਹੇ ਹੀ ਪਿੰਡਾਂ 'ਚ ਰਹਿਣ ਵਾਲਾ ਇੱਕ ਕਿਸਾਨ ਹੈ ਮੁਕੇਸ਼ ਸ਼ਰਮਾ। ਜੋ ਜਲੰਧਰ ਜਿਲ੍ਹੇ ਦਾ ਰਹਿਣ ਵਾਲਾ ਹੈ। ਜਲੰਧਰ ਹਲਕਾ ਅਜਿਹਾ ਜਿੱਥੇ ਸਭ ਤੋਂ ਵੱਧ ਪੰਜਾਬੀ ਵਿਦੇਸ਼ਾਂ 'ਚ ਗਏ ਹੋਏ ਹਨ। ਪਰ ਮੁਕੇਸ਼ ਸ਼ਰਮਾ ਆਪਣੇ ਪੁਰਤਣ ਵਿਰਸੇ ਨਾਲ ਜੁੜਿਆ ਹੋਇਆ ਹੈ। ਖੇਤੀ ਵੀ ਕਰਦਾ ਤੇ ਕਿਸਾਨ ਅੰਦੋਲਨ ਦੌਰਾਨ ਧਰਨਿਆ ਵਿੱਚ ਵੀ ਜਾਂਦਾ ਹੈ।
ਅੱਜ ਮੁਕੇਸ਼ ਸ਼ਰਮਾ ਇਸ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਉਸ ਨੇ ਆਪਣੇ ਖੇਤਾਂ 'ਚ ਮੋਟਰ 'ਤੇ ਪੁਰਾਣਾ ਪੰਜਾਬ ਬਣਾ ਦਿੱਤਾ ਹੈ। ਜਿਵੇਂ ਪੁਰਾਣੇ ਪੰਜਾਬ ਦੇ ਪਿੰਡ ਹੁੰਦੇ ਸਨ। ਕੱਚੇ ਘਰ, ਕੱਚਾ ਵੇਹੜਾ ਅਜਿਹਾ ਕੁੱਝ ਮੁਕੇਸ਼ ਦੀ ਮੋਟਰ 'ਤੇ ਦੇਖਣ ਨੁੰ ਮਿਲਦਾ ਹੈ।
ਮੁਕੇਸ਼ ਸ਼ਰਮਾ ਨੇ ਆਪਣੀ ਸਾਰੀ ਜ਼ਿੰਦਗੀ ਖੇਤੀ ਵਿੱਚ ਲਗਾ ਦਿੱਤੀ ਅਤੇ ਹੁਣ ਆਪਣੇ ਖੇਤਾਂ ਦੇ ਨਾਲ-ਨਾਲ ਇੱਕ ਛੋਟਾ ਜਿਹਾ ਰੰਗਲਾ ਪੰਜਾਬ ਵੀ ਸਿਰਜਿਆ ਹੈ। ਜਿੱਥੇ ਇੱਕ ਸ਼ਾਨਦਾਰ ਹਵੇਲੀ ਹੈ, ਪੰਜਾਬ ਦੇ ਵਿਰਸੇ ਦੀ ਯਾਦ ਦਿਵਾਉਂਦੀ ਹੈ। ਟਰੈਕਟਰਾਂ ਤੋਂ ਲੈ ਕੇ ਜੀਪਾਂ ਤੱਕ ਸਭ ਕੁਝ ਦੇਖਿਆ ਜਾ ਸਕਦਾ ਹੈ। ਮਤਲਬ ਇੱਕ ਪਾਸੇ ਖੇਤੀ ਹੋਵੇਗੀ ਤੇ ਦੂਜੇ ਪਾਸੇ ਸ਼ੂਟਿੰਗ ਹੋਵੇਗੀ। ਇਸ ਕਿਸਾਨ ਦਾ ਕਹਿਣਾ ਹੈ ਕਿ ਮੇਰਾ ਇਹ ਸੁਪਨਾ ਕਾਫੀ ਸਮੇਂ ਤੋਂ ਸੀ, ਜੋ ਹੁਣ ਮੈਂ ਪੂਰਾ ਹੁੰਦਾ ਦੇਖ ਰਿਹਾ ਹਾਂ।
ਸਾਡੇ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਮੁਕੇਸ਼ ਕੁਮਾਰ ਨੇ ਕਿਹਾ ਕਿ ਮੈਂ ਬਚਪਨ ਤੋਂ ਹੀ ਖੇਤੀ ਕਰਦਾ ਆ ਰਿਹਾ ਹਾਂ, ਪਰ ਕਿਤੇ ਨਾ ਕਿਤੇ ਮੇਰਾ ਸੁਪਨਾ ਸੀ ਕਿ ਇਸ ਦੇ ਨਾਲ ਹੀ ਆਪਣਾ ਕਾਰੋਬਾਰ ਸ਼ੁਰੂ ਕਰਾਂ। ਅਤੇ ਕੁਝ ਅਜਿਹਾ ਬਣਾਉਣਾ ਚਾਹੁੰਦਾ ਸੀ ਜੋ ਸਾਡੇ ਪੰਜਾਬ ਦਾ ਪ੍ਰਤੀਬਿੰਬ ਹੋਵੇ। ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਪੰਜਾਬ ਦੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ, ਹਰ ਚੀਜ਼ ਆਧੁਨਿਕ ਹੁੰਦੀ ਜਾ ਰਹੀ ਹੈ।
ਇਸ ਲਈ, ਮੈਂ ਆਪਣੇ ਖੇਤਾਂ ਵਿੱਚ, ਵਿਰਸਾ ਪੰਜਾਬ ਦੀ ਇੱਕ ਝਲਕ ਤਿਆਰ ਕੀਤੀ ਹੈ, ਜਿੱਥੇ ਲੋਕ ਆ ਕੇ ਸ਼ੂਟ ਕਰ ਸਕਦੇ ਹਨ ਅਤੇ ਫੋਟੋਆਂ ਖਿੱਚ ਸਕਦੇ ਹਨ। ਜਦੋਂ ਮੈਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਮੇਰਾ ਪੂਰਾ ਸਾਥ ਦਿੱਤਾ। ਅਸਲ ਵਿੱਚ ਮੇਰੇ ਬੱਚੇ ਵੀ ਖੇਤੀ ਕਰਦੇ ਹਨ ਅਤੇ ਮੈਂ ਵੀ ਖੇਤੀ ਕਰਦਾ ਰਿਹਾ ਹਾਂ ਅਤੇ ਭਵਿੱਖ ਵਿੱਚ ਵੀ ਕਰਦਾ ਰਹਾਂਗਾ। ਇਹ ਪ੍ਰੋਜੈਕਟ ਮੇਰਾ ਇੱਕ ਸੁਪਨਾ ਸੀ ਜੋ ਹੁਣ ਸਾਕਾਰ ਹੋ ਰਿਹਾ ਹੈ।