ਜਲੰਧਰ 'ਚ ਪਾਣੀ ਹੀ ਪਾਣੀ, ਸ਼ਾਹਕੋਟ 'ਚ ਰੁੜ੍ਹਿਆ ਨੌਜਵਾਨ, 50 ਪਿੰਡਾਂ ਨੂੰ ਖਾਲੀ ਕਰਵਾਉਣ ਦੇ ਹੁਕਮ
Dhussi Dam Damaged : ਧੁੱਸੀ ਬੰਨ੍ਹ ਵਿੱਚ ਦੋ ਥਾਵਾਂ ’ਤੇ ਵੱਡੀਆਂ ਤਰੇੜਾਂ ਆ ਗਈਆਂ ਹਨ, ਜਿਸ ਕਾਰਨ ਪਾਣੀ ਪਿੰਡਾਂ ਵਿੱਚ ਦਾਖ਼ਲ ਹੋ ਗਿਆ ਹੈ। ਲੋਕਾਂ ਨੂੰ ਬਚਾਉਣ ਲਈ ਐਨਡੀਆਰਐਫ ਦੀ ਟੀਮ ਦੇਰ ਰਾਤ ਤੋਂ ਮੁਹਿੰਮ ਜਾਰੀ ਹੈ।
ਪੰਜਾਬ ਵਿੱਚ ਦੋ ਦਿਨ ਲਗਾਤਾਰ ਮੀਂਹ ਪੈਣ ਤੋਂ ਬਾਅਦ ਅੱਜ ਮੌਸਮ ਥੋੜ੍ਹਾ ਸਾਫ਼ ਹੋਇਆ ਹੈ। ਪਰ ਦੋ ਦਿਨਾਂ ਦੀ ਬਰਸਾਤ ਨੇ ਹਰ ਥਾਂ ਹੜ੍ਹਾਂ ਵਰਗੀ ਸਥਿਤੀ ਬਣਾ ਦਿੱਤੀ ਹੈ। ਸਭ ਤੋਂ ਮਾੜੇ ਹਾਲਾਤ ਜਲੰਧਰ ਵਿੱਚ ਬਣੇ ਹੋਏ ਹਨ। ਸ਼ਾਹਕੋਟ ਦੇ ਇਲਾਕੇ ਵਿੱਚ ਪਿੰਡ ਮੁੰਡੀ ਚੋਲਿਆਂ ਦਾ 24 ਸਾਲਾਂ ਅਰਸ਼ਦੀਪ ਵੱਧ ਰਹੇ ਪਾਣੀ ਕਾਰਨ ਮੰਡਾਲਾ ਦੇ ਨੇੜੇ ਰਾਤ 12 ਬਜੇ ਡੁੱਬ ਗਿਆ ਹੈ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਲੜਕਾ ਆਪਣਾ ਮੋਟਰਸਾਈਕਲ ਰੁੜਣ ਤੋਂ ਬਚਾ ਰਿਹਾ ਸੀ ਪਰ ਖੁਦ ਵੀ ਨਾਲ ਰੁੜ ਗਿਆ। ਲੋਕਾਂ ਅਨੁਸਾਰ ਮੋਟਰਸਾਈਕਲ ਤਾਂ ਕੱਢ ਲਿਆ ਗਿਆ ਪਰ ਅਰਸ਼ਦੀਪ ਦਾ ਕੋਈ ਪਤਾ ਨਈਂ ਲੱਗ ਸਕਿਆ ਅਤੇ ਲੜਕੇ ਦੀ ਮੌਤ ਹੋਣ ਦਾ ਖ਼ਦਸ਼ਾ ਜਤਾਇਆ ਜ਼ਾ ਰਿਹਾ।
ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਾਣੀ ਤੋਂ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਲੰਧਰ ਦੇ ਸ਼ਾਹਕੋਟ ਸਬ-ਡਵੀਜ਼ਨ ਦੇ ਲੋਹੀਆਂ ਇਲਾਕੇ 'ਚ ਲੱਖੇ ਦੀਆ ਛੰਨਾ 'ਚ ਦੋ ਥਾਵਾਂ 'ਤੇ ਧੁੱਸੀ ਬੰਨ੍ਹ ਟੁੱਟ ਗਿਆ। ਜਿਸ ਕਾਰਨ ਨੇੜੇ ਦੇ ਪਿੰਡਾਂ ਵਿੱਚ ਪਾਣੀ ਹੀ ਪਾਣੀ ਹੋ ਗਿਆ ਹੈ। ਲੋਹੀਆਂ ਵਿੱਚ ਵੀ ਅਜਿਹੇ ਹੀ ਹਾਲਾਤ ਬਣੇ ਹੋਏ ਹਨ।
ਸਥਾਨਕ ਲੋਕਾਂ ਨੇ ਦੱਸਿਆ ਕਿ ਧੁੱਸੀ ਬੰਨ੍ਹ ਵਿੱਚ ਦੋ ਥਾਵਾਂ ’ਤੇ ਵੱਡੀਆਂ ਤਰੇੜਾਂ ਆ ਗਈਆਂ ਹਨ, ਜਿਸ ਕਾਰਨ ਪਾਣੀ ਪਿੰਡਾਂ ਵਿੱਚ ਦਾਖ਼ਲ ਹੋ ਗਿਆ ਹੈ। ਲੋਕਾਂ ਨੂੰ ਬਚਾਉਣ ਲਈ ਐਨਡੀਆਰਐਫ ਦੀ ਟੀਮ ਦੇਰ ਰਾਤ ਤੋਂ ਮੁਹਿੰਮ ਜਾਰੀ ਹੈ। ਇਸੇ ਦੌਰਾਨ ਸਤਲੁਜ ਵਿੱਚ ਪਾਣੀ ਵਧਣ ਦੇ ਖਤਰੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸ਼ਾਹਕੋਟ ਸਬ-ਡਵੀਜ਼ਨ ਦੇ ਹੜ੍ਹ ਪ੍ਰਭਾਵਿਤ 50 ਪਿੰਡਾਂ ਨੂੰ ਖਾਲੀ ਕਰਵਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਹਨਾਂ ਲੋਕਾਂ ਲਈ ਪ੍ਰਸ਼ਾਸਨ ਨੇ ਰਹਿਣ ਵਸੇਰੇ ਦੇ ਪ੍ਰਬੰਧ ਕੀ ਕਰ ਦਿੱਤੇ ਹਨ।
ਪਹਾੜੀ ਇਲਾਕਿਆਂ ਵਿੱਚ ਪਏ ਮੀਂਹ ਕਾਰਨ ਮੈਦਾਨੀ ਇਲਾਕਿਆਂ ਵਿੱਚ ਪਾਣੀ ਆ ਰਿਹਾ ਹੈ। ਸਤਲੁਜ ਦਰਿਆ ਵਿੱਚ ਵੀ ਪਾਣੀ ਦਾ ਲੇਵਲ ਵੱਧ ਗਿਆ ਹੈ। ਸਾਲ 2019 'ਚ ਸਤਲੁਜ ਦਰਿਆ ਵਿੱਚ ਪਾਣੀ ਵੱਧ ਆਉਣ ਕਾਰਨ ਜਲੰਧਰ ਦੇ ਨੇੜੇ ਤੇੜੇ ਵਾਲੇ ਇਲਾਕਿਆਂ 'ਚ ਪਾਣੀ ਆ ਗਿਆ ਸੀ। ਓਵੇਂ ਦੀ ਸਥਿਤੀ ਇਸ ਵਾਰ ਵੀ ਬਣੀ ਹੋਈ ਹੈ। ਪ੍ਰਸ਼ਾਸਨ ਦੇ ਨਾਲ ਨਾਲ NDRF ਦੀਆਂ ਟੀਮਾਂ ਰਾਹਤ ਕਾਰਜ ਵਿੱਚ ਜੁੱਟ ਗਈਆਂ ਹਨ।