Punjab News: ਵਿਧਾਇਕ ਬਣਦਿਆਂ ਹੀ ਮਹਿੰਦਰ ਭਗਤ ਨੂੰ ਮੰਤਰੀ ਦੀ ਕੁਰਸੀ! ਸੀਐਮ ਭਗਵੰਤ ਮਾਨ ਨਿਭਾਉਣਗੇ ਵਾਅਦਾ
Mahendra Bhagat: ਜਲੰਧਰ ਪੱਛਮੀ ਸੀਟ ਤੋਂ ਜ਼ਿਮਨੀ ਚੋਣ ਜਿੱਤਣ ਵਾਲੇ ਮਹਿੰਦਰ ਭਗਤ ਨੂੰ ਵਿਧਾਇਕ ਬਣਦੇ ਹੀ ਮੰਤਰੀ ਬਣਾਇਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਉਹ ਅਗਲੇ ਇੱਕ-ਦੋ ਦਿਨਾਂ ਵਿੱਚ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ।
Punjab News: ਜਲੰਧਰ ਪੱਛਮੀ ਸੀਟ ਤੋਂ ਜ਼ਿਮਨੀ ਚੋਣ ਜਿੱਤਣ ਵਾਲੇ ਮਹਿੰਦਰ ਭਗਤ ਨੂੰ ਵਿਧਾਇਕ ਬਣਦੇ ਹੀ ਮੰਤਰੀ ਬਣਾਇਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਉਹ ਅਗਲੇ ਇੱਕ-ਦੋ ਦਿਨਾਂ ਵਿੱਚ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਇਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਲਈ ਗਵਰਨਰ ਹਾਊਸ ਤੋਂ ਸਮਾਂ ਮੰਗਿਆ ਹੈ ਤੇ ਸਮਾਂ ਮਿਲਦੇ ਹੀ ਉਨ੍ਹਾਂ ਨੂੰ ਸਹੁੰ ਚੁਕਾਈ ਜਾ ਸਕਦੀ ਹੈ।
ਜਲੰਧਰ ਜ਼ਿਮਨੀ ਚੋਣ (Jalandhar by-election) ਸਮੇਂ ਸੀਐਮ ਭਗਵੰਤ ਮਾਨ ਨੇ ਵੀ ਵਾਅਦਾ ਕੀਤਾ ਸੀ ਕਿ ਉਹ ਜਲੰਧਰ ਪੱਛਮੀ ਤੋਂ ਮਹਿੰਦਰ ਭਗਤ ਨੂੰ ਇੱਕ ਪੌੜੀ ਚੜ੍ਹਾ ਦੇਣ ਤੇ ਦੂਜੀ ਪੌੜੀ ਉਹ ਖੁਦ ਚੜ੍ਹਾ ਦੇਣਗੇ। ਸੀਐਨ ਮਾਨ ਨੇ ਦਾ ਇਸ਼ਾਰਾ ਸੀ ਕਿ ਉਹ ਮਹਿੰਦਰ ਭਗਤ ਨੂੰ ਮੰਤਰੀ ਬਣਾ ਦੇਣਗੇ। ਇਸ ਸਮੇਂ ਜਲੰਧਰ ਸ਼ਹਿਰੀ ਤੋਂ ‘ਆਪ’ ਸਰਕਾਰ ਵਿੱਚ ਕੋਈ ਮੰਤਰੀ ਨਹੀਂ। ਉਂਝ ਜਲੰਧਰ ਜ਼ਿਲ੍ਹੇ ਦੀ ਕਰਤਾਰਪੁਰ ਸੀਟ ਤੋਂ ਵਿਧਾਇਕ ਬਲਕਾਰ ਸਿੰਘ ਮੰਤਰੀ ਜ਼ਰੂਰ ਹਨ।
ਦਰਅਸਲ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਥਾਂ ਕੋਈ ਨਵਾਂ ਮੰਤਰੀ ਨਹੀਂ ਬਣਾਇਆ ਗਿਆ। ਅਜਿਹੇ 'ਚ ਮਹਿੰਦਰ ਭਗਤ ਸੂਬੇ ਦੇ ਖੇਡ ਮੰਤਰੀ ਬਣ ਸਕਦੇ ਹਨ। ਜਲੰਧਰ ਖੇਡ ਉਦਯੋਗ ਦਾ ਧੁਰਾ ਹੋਣ ਕਰਕੇ ਇਹ ਵਿਭਾਗ ਉਨ੍ਹਾਂ ਲਈ ਵਧੇਰੇ ਢੁੱਕਵਾਂ ਹੋ ਸਕਦਾ ਹੈ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਕੋਈ ਬਹੁਤਾ ਫੇਰਬਦਲ ਨਹੀਂ ਕੀਤਾ ਜਾਏਗਾ ਤੇ ਸਿਰਫ ਭਗਤ ਨੂੰ ਹੀ ਮੰਤਰੀ ਬਣਾਇਆ ਜਾਵੇਗਾ।
ਦੱਸ ਦਈਏ ਕਿ ਮਹਿੰਦਰ ਭਗਤ ਦੇ ਪਿਤਾ ਚੁੰਨੀ ਲਾਲ ਭਗਤ ਵੀ ਮੰਤਰੀ ਰਹਿ ਚੁੱਕੇ ਹਨ। ਉਹ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵਿੱਚ ਭਾਜਪਾ ਕੋਟੇ ਤੋਂ ਮੰਤਰੀ ਬਣੇ ਸਨ। ਹਾਲਾਂਕਿ, ਉਹ ਹੁਣ ਸਰਗਰਮ ਸਿਆਸਤਦਾਨ ਨਹੀਂ। ਮਹਿੰਦਰ ਭਗਤ ਲੋਕ ਸਭਾ ਚੋਣਾਂ ਦੌਰਾਨ ‘ਆਪ’ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਜ਼ਿਮਨੀ ਚੋਣ ਵਿੱਚ ਉਨ੍ਹਾਂ ਨੂੰ ਜਲੰਧਰ ਪੱਛਮੀ ਤੋਂ ਟਿਕਟ ਦਿੱਤੀ ਗਈ ਸੀ।
ਯਾਦ ਰਹੇ ਜਲੰਧਰ ਪੱਛਮੀ ਸੀਟ 'ਤੇ 'ਆਪ' ਨੂੰ ਇਕਤਰਫਾ ਜਿੱਤ ਮਿਲੀ ਹੈ। ਸ਼ਨੀਵਾਰ ਨੂੰ ਹੋਈ ਜ਼ਿਮਨੀ ਚੋਣ ਦੀ ਗਿਣਤੀ 'ਚ 'ਆਪ' ਦੇ ਮਹਿੰਦਰ ਭਗਤ ਇੱਥੋਂ 37,325 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਨੂੰ 55,246 ਵੋਟਾਂ ਮਿਲੀਆਂ। ਇਸ ਦੇ ਉਲਟ ਭਾਜਪਾ, ਕਾਂਗਰਸ, ਅਕਾਲੀ ਦਲ ਤੇ ਆਜ਼ਾਦ ਉਮੀਦਵਾਰਾਂ ਸਮੇਤ 15 ਉਮੀਦਵਾਰਾਂ ਦੀਆਂ ਵੋਟਾਂ ਨੂੰ ਜੋੜੀਏ ਤਾਂ ਉਨ੍ਹਾਂ ਨੂੰ ਕੁੱਲ 39,363 ਵੋਟਾਂ ਮਿਲੀਆਂ।