39ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ: ਭਾਰਤੀ ਰੇਲਵੇ ਅਤੇ ਪੰਜਾਬ ਐਂਡ ਸਿੰਧ ਬੈਂਕ ਵਲੋਂ ਜਿੱਤਾਂ ਦਰਜ
Punjab News: ਪਿਛਲੇ ਸਾਲ ਦੀ ਉਪ ਜੇਤੂ ਪੰਜਾਬ ਐਂਡ ਸਿੰਧ ਬੈਂਕ ਨੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ 3-2 ਦੇ ਫਰਕ ਨਾਲ ਹਰਾ ਕੇ 39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਦੌਰ ਵਿੱਚ ਤਿੰਨ ਹਾਸਲ ਕਰ ਲਏ।
Punjab News: ਪਿਛਲੇ ਸਾਲ ਦੀ ਉਪ ਜੇਤੂ ਪੰਜਾਬ ਐਂਡ ਸਿੰਧ ਬੈਂਕ ਨੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ 3-2 ਦੇ ਫਰਕ ਨਾਲ ਹਰਾ ਕੇ 39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਦੌਰ ਵਿੱਚ ਤਿੰਨ ਹਾਸਲ ਕਰ ਲਏ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਟੂਰਨਾਮੈਂਟ ਦੇ ਚੌਥੇ ਦਿਨ ਦੇ ਦੂਜੇ ਮੈਚ ਵਿਚ ਪਿਛਲੇ ਸਾਲ ਦੀ ਜੇਤੂ ਭਾਰਤੀ ਰੇਲਵੇ ਨੇ ਪੰਜਾਬ ਪੁਲਿਸ ਨੂੰ 3-2 ਦੇ ਫਰਕ ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ।
ਚੌਥੇ ਦਿਨ ਦੇ ਪਹਿਲੇ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਨੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ 3-2 ਦੇ ਫਰਕ ਨਾਲ ਮਾਤ ਦਿੱਤੀ। ਖੇਡ ਦੇ 6ਵੇਂ ਮਿੰਟ ਵਿੱਚ ਪੰਜਾਬ ਨੈਸ਼ਨਲ ਬੈਂਕ ਦਿੱਲੀ ਦੇ ਦੀਪਕ ਨੇ ਮੈਦਾਨੀ ਗੋਲ ਕਰਕੇ 1-0 ਕੀਤਾ। ਪੰਜਾਬ ਐਂਡ ਸਿੰਧ ਬੈਂਕ ਨੇ ਗੋਲ ਕਰਨ ਦੇ ਕਈ ਮੌਕੇ ਗਵਾਏ। ਅੱਧੇ ਸਮੇਂ ਤੱਕ ਪੰਜਾਬ ਨੈਸ਼ਨਲ ਬੈਂਕ 1-0 ਨਾਲ ਅੱਗੇ ਸੀ। ਖੇਡ ਦੇ ਦੂਜੇ ਅੱਧ ਦੇ 32ਵੇਂ ਮਿੰਟ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਪ੍ਰਭਜੋਤ ਸਿੰਘ ਨੇ ਮੈਦਾਨੀ ਗੋਲ ਕਰਕੇ ਬਰਾਬਰੀ ਕੀਤੀ।
ਖੇਡ ਦੇ 52ਵੇਂ ਮਿੰਟ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਭਗਤ ਸਿੰਘ ਢਿਲੋਂ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 2-1 ਕੀਤਾ। ਖੇਡ ਦੇ 54ਵੇਂ ਮਿੰਟ ਵਿਚ ਪੰਜਾਬ ਐਂਡ ਸਿੰਧ ਬੈਂਕ ਦੇ ਅਰਸ਼ਦੀਪ ਸਿੰਘ ਨੇ ਗੋਲ ਕਰਕੇ ਸਕੋਰ 2-2 ਕਰ ਦਿੱਤਾ। ਖੇਡ ਦੇ 57ਵੇਂ ਮਿੰਟ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਗੌਤਮ ਪਾਲ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 3-2 ਕੀਤਾ। ਪੰਜਾਬ ਐਂਡ ਸਿੰਧ ਬੈਕ ਨੇ ਮੈਚ ਜਿੱਤ ਕੇ ਤਿੰਨ ਅੰਕ ਹਾਸਲ ਕੀਤੇ ਜਦਕਿ ਸਿੰਧ ਬੈਂਕ ਨੂੰ ਪਹਿਲੇ ਮੈਚ ਵਿੱਚ ਆਰਮੀ ਇਲੈਵਨ ਹੱਥੋਂ ਹਾਰ ਚੁੱਕੀ ਹੈ।
ਦੂਜੇ ਮੈਚ ਵਿੱਚ ਪਿਛਲੇ ਸਾਲ ਦੀ ਜੇਤੂ ਭਾਰਤੀ ਰੇਲਵੇ ਅਤੇ ਪੰਜਾਬ ਪੁਲਿਸ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡ ਦੇ 5ਵੇਂ ਮਿੰਟ ਵਿੱਚ ਰੇਲਵੇ ਦੇ ਹਰਸਾਹਿਬ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 13ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਸ਼ਮਸ਼ੇਰ ਸਿੰਘ ਨੇ ਮੈਦਾਨੀ ਗੋਲ ਕਰਕੇ ਬਰਾਬਰੀ ਕੀਤੀ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰੀ ਤੇ ਸਨ। ਤੀਜੇ ਕਵਾਰਟਰ ਦੇ 37ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਜੋਗਿੰਦਰ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 2-1 ਕੀਤਾ।
ਖੇਡ ਦੇ ਆਖਰੀ ਮਿੰਟ ਵਿਚ ਪੰਜਾਬ ਪੁਲਿਸ ਦੇ ਪਰਮਵੀਰ ਸਿੰਘ ਨੇ ਗੋਲ ਕਰਕੇ ਬਰਾਬਰੀ ਕੀਤੀ। ਇਸੇ ਮਿੰਟ ਵਿੱਚ ਰੇਲਵੇ ਦੇ ਜੋਗਿੰਦਰ ਸਿੰਘ ਨੇ ਪੈਨਲਟੀ ਕਾਰਨਰ ਰਾਂਹੀ ਗੋਲ ਕਰਕੇ ਸਕੋਰ 3-2 ਕਰਕੇ ਮੈਚ ਜਿੱਤ ਲਿਆ। ਭਾਰਤੀ ਰੇਲਵੇ ਦੇ ਖਾਤੇ ਵਿੱਚ ਦੋ ਲੀਗ ਮੈਚਾਂ ਤੋਂ ਬਾਅਦ ਤਿੰਨ ਅੰਕ ਹੋ ਗਏ ਹਨ ਜਦਕਿ ਰੇਲਵੇ ਆਪਣਾ ਪਹਿਲਾ ਲੀਗ ਮੈਚ ਭਾਰਤੀ ਏਅਰ ਫੋਰਸ ਤੋਂ ਹਾਰ ਚੁੱਕੀ ਹੈ।