ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ 'ਤੇ ਕਿਸਾਨਾਂ ਦਾ ਰਾਜ! ਇੱਕ ਲੱਖ ਤੋਂ ਵੱਧ ਵਾਹਨ ਬਿਨਾਂ ਟੋਲ ਟੈਕਸ ਕੱਢੇ, NHAI ਨੂੰ 3 ਕਰੋੜ ਦਾ ਝਟਕਾ
ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਪਿਛਲੇ 72 ਘੰਟਿਆਂ ਤੋਂ ਬੰਦ ਹੈ। ਟੋਲ ਟੈਕਸ ਘਟਾਉਣ ਨੂੰ ਲੈ ਕੇ ਕਿਸਾਨ ਮੋਰਚਾ ਲਾਈ ਬੈਠੇ ਹਨ।
Ludhiana News: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਪਿਛਲੇ 72 ਘੰਟਿਆਂ ਤੋਂ ਬੰਦ ਹੈ। ਟੋਲ ਟੈਕਸ ਘਟਾਉਣ ਨੂੰ ਲੈ ਕੇ ਕਿਸਾਨ ਮੋਰਚਾ ਲਾਈ ਬੈਠੇ ਹਨ। ਪਿਛਲੇ ਤਿੰਨ ਦਿਨਾਂ ਅੰਦਰ ਇੱਕ ਲੱਖ ਤੋਂ ਵੱਧ ਵਾਹਨ ਬਿਨਾਂ ਟੋਲ ਟੈਕਸ ਦੇ ਲੰਘੇ ਹਨ। ਇਸ ਨਾਲ NHAI ਨੂੰ ਕਰੀਬ 3 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। NHAI ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਤਾਲਮੇਲ ਕਰਨ ਵਿੱਚ ਬੇਵੱਸ ਨਜ਼ਰ ਆ ਰਹੀ ਹੈ।
ਕਿਸਾਨ ਆਪਣੀ ਮੰਗ 'ਤੇ ਅੜੇ ਹੋਏ ਹਨ ਕਿ ਪ੍ਰਤੀ ਵਾਹਨ ਟੋਲ 150 ਰੁਪਏ ਹੋਣਾ ਚਾਹੀਦਾ ਹੈ ਪਰ ਐਨਐਚਏਆਈ ਦੇ ਅਧਿਕਾਰੀ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਇਸ ਕਾਰਨ ਹੀ ਲਾਡੋਵਾਲ ਟੋਲ ਪਲਾਜ਼ਾ 'ਤੇ ਹੌਲੀ-ਹੌਲੀ ਕਿਸਾਨਾਂ ਦੀ ਭੀੜ ਵਧਦੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਕਿਸਾਨਾਂ ਨੂੰ ਆਸ-ਪਾਸ ਦੇ ਪਿੰਡਾਂ ਤੋਂ ਭੋਜਨ ਤੇ ਪਾਣੀ ਦੀ ਮਦਦ ਭੇਜੀ ਜਾ ਰਹੀ ਹੈ। ਕੁਝ ਕਿਸਾਨ ਸ਼ਿਫਟਾਂ ਵਿੱਚ ਖੇਤਾਂ ਵਿੱਚ ਕੰਮ ਕਰਨ ਜਾਂਦੇ ਹਨ। ਕੰਮ ਖਤਮ ਕਰਨ ਤੋਂ ਬਾਅਦ ਉਹ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਜਾਂਦੇ ਹਨ।
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਅੱਜ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣ ਦੀ ਲੋੜ ਹੈ। NHAI ਵੱਲੋਂ ਕੀਤੀ ਜਾ ਰਹੀ ਲੁੱਟ ਬੰਦ ਹੋਣੀ ਚਾਹੀਦੀ ਹੈ। ਲੁਧਿਆਣਾ ਤੋਂ ਫਿਲੌਰ ਜਾਣ ਵਾਲਿਆਂ ਨੂੰ 425 ਰੁਪਏ ਦੇਣੇ ਪੈਂਦੇ ਹਨ, ਜੋ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਹੈ। ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਦਿਨ ਪਹਿਲਾਂ ਹੀ ਅਧਿਕਾਰੀਆਂ ਨਾਲ ਗੱਲ ਕਰਕੇ ਮੰਗ ਪੱਤਰ ਸੌਂਪਿਆ ਸੀ ਪਰ ਕਿਸੇ ਨੇ ਮੁੜ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ।
ਜਾਣੋ ਕਿੰਨੀਆਂ ਦਰਾਂ ਵਧਾਈਆਂ
ਲਾਡੋਵਾਲ ਟੋਲ 'ਤੇ ਕਾਰਾਂ ਦਾ ਪੁਰਾਣਾ ਟੈਕਸ ਇੱਕ ਤਰਫਾ 215 ਰੁਪਏ ਤੇ ਰਾਊਂਡ ਟ੍ਰਿਪ ਲਈ 325 ਰੁਪਏ ਸੀ ਤੇ ਮਹੀਨਾਵਾਰ ਪਾਸ 7175 ਰੁਪਏ ਸੀ। ਨਵੀਆਂ ਦਰਾਂ ਵਿੱਚ, ਇੱਕ ਤਰਫਾ ਕਿਰਾਇਆ 220 ਰੁਪਏ ਤੇ ਰਾਊਂਡ ਟ੍ਰਿਪ 330 ਰੁਪਏ ਤੇ ਮਹੀਨਾਵਾਰ ਪਾਸ 7360 ਰੁਪਏ ਕਰ ਦਿੱਤਾ ਹੈ।
ਇਸੇ ਤਰ੍ਹਾਂ ਹਲਕੇ ਵਾਹਨ ਦਾ ਪੁਰਾਣਾ ਟੈਕਸ ਵਨ ਵੇਅ ਲਈ 350 ਰੁਪਏ ਤੇ ਰਾਊਂਡ ਟ੍ਰਿਪ ਲਈ 520 ਰੁਪਏ ਤੇ ਮਹੀਨਾਵਾਰ ਪਾਸ 11590 ਰੁਪਏ ਸੀ। ਨਵੀਂ ਦਰ 'ਚ ਇੱਕ ਤਰਫਾ ਕਿਰਾਇਆ 355 ਰੁਪਏ ਤੇ ਰਾਊਂਡ ਟ੍ਰਿਪ 535 ਰੁਪਏ ਤੇ ਮਹੀਨਾਵਾਰ ਪਾਸ 11885 ਰੁਪਏ ਹੋਵੇਗਾ।
ਇਸ ਤੋਂ ਇਲਾਵਾ 2 ਐਕਸਲ ਬੱਸ ਜਾਂ ਟਰੱਕ ਦਾ ਪੁਰਾਣਾ ਰੇਟ ਵਨ ਵੇਅ ਲਈ 730 ਰੁਪਏ ਤੇ ਰਾਊਂਡ ਟ੍ਰਿਪ ਲਈ 1095 ਰੁਪਏ ਤੇ ਮਹੀਨਾਵਾਰ ਪਾਸ 24285 ਰੁਪਏ ਸੀ। ਨਵੀਂ ਦਰ ਵਨ ਵੇਅ ਲਈ 745 ਰੁਪਏ, ਆਉਣ-ਜਾਣ ਲਈ 1120 ਰੁਪਏ ਤੇ ਮਾਸਿਕ ਪਾਸ ਲਈ 24905 ਰੁਪਏ ਹੋਵੇਗੀ।
ਤਿੰਨ ਐਕਸਲ ਵਾਹਨਾਂ ਦਾ ਪੁਰਾਣਾ ਰੇਟ ਇੱਕ ਪਾਸੇ ਲਈ 795 ਰੁਪਏ ਤੇ ਆਉਣ-ਜਾਣ ਲਈ 1190 ਰੁਪਏ ਤੇ ਮਹੀਨਾਵਾਰ ਪਾਸ 26490 ਰੁਪਏ ਸੀ। ਨਵੀਂ ਦਰ ਵਨ ਵੇਅ ਲਈ 815 ਰੁਪਏ ਤੇ ਡਬਲ ਲਈ 1225 ਰੁਪਏ ਹੋਵੇਗੀ ਤੇ ਮਹੀਨਾਵਾਰ ਪਾਸ 27170 ਰੁਪਏ ਹੋਵੇਗਾ।
ਹੈਵੀ ਕੰਸਟ੍ਰਕਸ਼ਨ ਮਸ਼ੀਨਰੀ ਫੋਰ ਐਕਸਲ ਵਾਹਨਾਂ ਦਾ ਪੁਰਾਣਾ ਰੇਟ ਵਨ ਵੇਅ ਲਈ 1140 ਰੁਪਏ ਤੇ ਰਾਊਂਡ ਟ੍ਰਿਪ ਲਈ 1715 ਰੁਪਏ ਸੀ ਤੇ ਮਹੀਨਾਵਾਰ ਪਾਸ 38,085 ਰੁਪਏ ਸੀ। ਨਵੀਂ ਦਰ ਵਨ ਵੇਅ ਲਈ 1170 ਰੁਪਏ ਤੇ ਰਿਟਰਨ ਲਈ 1755 ਰੁਪਏ ਤੇ ਮਹੀਨਾਵਾਰ ਪਾਸ 39055 ਰੁਪਏ ਹੋਵੇਗਾ।
ਸੱਤ ਤੇ ਇਸ ਤੋਂ ਵੱਧ ਐਕਸਲ ਲਈ ਪੁਰਾਣੀ ਦਰ 1390 ਰੁਪਏ ਇੱਕ ਤਰਫਾ, 2085 ਰੁਪਏ ਰਾਊਂਡ ਟ੍ਰਿਪ ਸੀ। ਨਵੀਂ ਦਰ ਵਿੱਚ ਇੱਕ ਤਰਫਾ ਕਿਰਾਇਆ 1425 ਰੁਪਏ, ਰਿਟਰਨ 2140 ਰੁਪਏ ਤੇ ਮਹੀਨਾਵਾਰ ਪਾਸ 47 ਹਜ਼ਾਰ 545 ਰੁਪਏ ਹੋਵੇਗਾ। ਇਸ ਦੇ ਨਾਲ ਹੀ 2 ਜੂਨ ਤੋਂ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲਿਆਂ ਲਈ ਪਾਸ ਦਰ ਵੀ 330 ਰੁਪਏ ਤੋਂ ਵਧਾ ਕੇ 340 ਰੁਪਏ ਕਰ ਦਿੱਤੀ ਗਈ ਹੈ।