Black Water in Ludhiana : ਸਰਹਿੰਦ ਨਹਿਰ ਦੇ ਪਟਿਆਲਾ ਫੀਡਰ 'ਚ ਪਾਣੀ ਹੋਇਆ ਕਾਲਾ, ਲੋਕਾਂ 'ਚ ਸਹਿਮ ਦਾ ਮਾਹੌਲ
ਸਰਹਿੰਦ ਨਹਿਰ ਦੇ ਪਟਿਆਲਾ ਫੀਡਰ ਵਿੱਚ ਕਾਲਾ ਪਾਣੀ ਆਉਣ ਨਾਲ ਪਿੰਡਾਂ ਦੇ ਲੋਕ ਸਹਿਮੇ ਹੋਏ ਹਨ। ਲੋਕਾਂ ਨੂੰ ਡਰ ਹੈ ਕਿ ਕਿਤੇ ਕੋਈ ਬਿਮਾਰੀ ਨਾ ਫੈਲ ਜਾਏ। ਦੂਜੇ ਪਾਸੇ ਪ੍ਰਸਾਸ਼ਨ ਨੂੰ ਲੈ ਕੇ ਗੰਭੀਰ ਨਹੀਂ ਹੈ। ਲੋਕਾਂ ਵੱਲੋਂ ਸ਼ਿਕਾਇਤ ਕਰਨ ਦੇ ਬਾਵਜੂਦ
Ludhiana News : ਸਰਹਿੰਦ ਨਹਿਰ ਦੇ ਪਟਿਆਲਾ ਫੀਡਰ ਵਿੱਚ ਕਾਲਾ ਪਾਣੀ ਆਉਣ ਨਾਲ ਪਿੰਡਾਂ ਦੇ ਲੋਕ ਸਹਿਮੇ ਹੋਏ ਹਨ। ਲੋਕਾਂ ਨੂੰ ਡਰ ਹੈ ਕਿ ਕਿਤੇ ਕੋਈ ਬਿਮਾਰੀ ਨਾ ਫੈਲ ਜਾਏ। ਦੂਜੇ ਪਾਸੇ ਪ੍ਰਸਾਸ਼ਨ ਨੂੰ ਲੈ ਕੇ ਗੰਭੀਰ ਨਹੀਂ ਹੈ। ਲੋਕਾਂ ਵੱਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ ਹੈ। ਇਸ ਲਈ ਲੋਕਾਂ ਅੰਦਰ ਸਰਕਾਰ ਪ੍ਰਤੀ ਵੀ ਰੋਸ ਹੈ।
ਇਸ ਬਾਰੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਸ਼ਿਕਾਇਤ ਕਰਨ ’ਤੇ ਉਨ੍ਹਾਂ ਵੱਲੋਂ ਪਾਣੀ ਦਾ ਸੈਂਪਲ ਲਿਆ ਗਿਆ ਸੀ ਜੋ ਠੀਕ ਪਾਇਆ ਗਿਆ ਹੈ। ਪਾਣੀ ਦੇ ਕਾਲੇ ਰੰਗ ਸਬੰਧੀ ਉਨ੍ਹਾਂ ਕਿਹਾ ਕਿ ਨਹਿਰ ਵਿੱਚ ਪਾਣੀ ਘੱਟ ਹੋਣ ਕਰਕੇ ਰਿਫਲੈਕਸ਼ਣ ਪੈਣ ਕਰਕੇ ਲੋਕਾਂ ਨੂੰ ਕਾਲਾ ਪਾਣੀ ਦਿਖਾਈ ਦੇ ਰਿਹਾ ਹੈ ਪਰ ਲੋਕ ਉਨ੍ਹਾਂ ਦੇ ਜਵਾਬ ਤੋਂ ਸਤੁੰਸ਼ਟ ਨਾ ਹੋ ਕੇ ਨਹਿਰ ਵਿੱਚ ਗੰਦਾ ਪਾਣੀ ਮਿਲਾਉਣ ਦੀ ਸ਼ੰਕਾ ਜਿਤਾ ਰਹੇ ਹਨ।
ਹਾਸਲ ਜਾਣਕਾਰੀ ਮੁਤਾਬਕ ਸਰਹਿੰਦ ਨਹਿਰ ਦੇ ਪਟਿਆਲਾ ਫੀਡਰ ਵਿੱਚ ਕਾਲਾ ਪਾਣੀ ਆਉਣ ਨਾਲ ਹਲਕਾ ਪਾਇਲ ਦੇ ਪਿੰਡ ਵਾਸੀ ਚਿੰਤਤ ਹਨ। ਉਨ੍ਹਾਂ ਵੱਲੋਂ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਨਹਿਰੀ ਪਾਣੀ ਧਰਤੀ ਵਿੱਚ ਰਚ ਕੇ ਨਹਿਰ ਕਿਨਾਰੇ ਵਸਦੇ ਪਿੰਡਾਂ ਵਿੱਚ ਕਿਸੇ ਤਰ੍ਹਾਂ ਦੀਆਂ ਬਿਮਾਰੀਆਂ ਨਾ ਫੈਲਾ ਦੇਵੇ।
ਇਸ ਬਾਰੇ ਸਮਾਜ ਸੇਵੀ ਅਵਤਾਰ ਸਿੰਘ ਜਰਗੜੀ ਨੇ ਦੱਸਿਆ ਕਿ ਪਿਛਲੇ ਹਫਤੇ ਤੋਂ ਇਸ ਨਹਿਰ ਵਿੱਚ ਕਾਲਾ ਪਾਣੀ ਆ ਰਿਹਾ ਹੈ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧ ਵਿਚ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਪਰ ਅਧਿਕਾਰੀ ਕਾਲਾ ਪਾਣੀ ਨਾ ਹੋਣ ਸਬੰਧੀ ਕਹਿ ਰਹੇ ਹਨ, ਜਦੋਂਕਿ ਨਹਿਰ ਕਾਲੇ ਪਾਣੀ ਨਾਲ ਭਰੀ ਪਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਵਾਤਾਵਰਣ ਪ੍ਰੇਮੀਆਂ ਨਾਲ ਸੰਪਰਕ ਕਰਕੇ ਮੀਟਿੰਗ ਕੀਤੀ ਜਾਵੇਗੀ।
ਇਸ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਨਹਿਰ ਵਿਚ ਸਨਅਤੀ ਘਰਾਣਿਆਂ ਵੱਲੋਂ ਪਹਿਲਾਂ ਵੀ ਮਿੱਲਾਂ ਦੀ ਸੁਆਹ ਵਗੈਰਾ ਸੁੱਟੀ ਜਾਂਦੀ ਹੋਵੇਗੀ, ਨਹਿਰ ਵਿੱਚ ਪਾਣੀ ਜ਼ਿਆਦਾ ਹੋਣ ਕਰਕੇ ਨਹਿਰ ਵਿਚਲੇ ਪਾਣੀ ਦਾ ਰੰਗ ਘੱਟ ਬਦਲਦਾ ਹੋਵੇਗਾ ਪਰ ਹੁਣ ਪਾਣੀ ਘੱਟ ਹੋਣ ਕਰਕੇ ਇਹ ਕਾਲਾ ਪਾਣੀ ਲੋਕਾਂ ਨੂੰ ਸਪੱਸ਼ਟ ਦਿਖਾਈ ਦੇਣ ਲੱਗਿਆ ਹੈ।