Punjab News: ਚੱਲਦੀ ਮੀਟਿੰਗ 'ਚ ਗਰਮ ਹੋਏ ਮੰਤਰੀ, ਜੇਈ ਨੂੰ ਕੀਤਾ ਸਸਪੈਂਡ, ਕੰਪਨੀ ਦਾ ਮੁਲਾਜ਼ਮ ਵੀ ਚੜ੍ਹਿਆ ਅੜਿੱਕੇ
Junior Engineer PSPCL suspend:
Junior Engineer PSPCL suspend: ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗਾਂ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਮੋਗਾ ਵਿਖੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਮੂਹ ਜ਼ਿਲ੍ਹਾ ਮੁਖੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹਦਾਇਤਾਂ ਜਾਰੀ ਕੀਤੀਆਂ।
ਮੀਟਿੰਗ ਦੌਰਾਨ ਜਿੱਥੇ ਉਹਨਾਂ ਨੇ ਵਧੀਆ ਕੰਮ ਕਰਨ ਵਾਲੇ ਚਾਰ ਅਧਿਕਾਰੀਆਂ ਨੂੰ ਮੌਕੇ ਉੱਤੇ ਪ੍ਰਸ਼ੰਸਾ ਪੱਤਰ ਦਿੱਤੇ ਉਥੇ ਹੀ ਕੰਮ ਕਰਵਾਉਣ ਬਦਲੇ ਕਥਿਤ ਤੌਰ ਉੱਤੇ ਪੈਸੇ ਦੀ ਮੰਗ ਕਰਨ ਵਾਲੇ PSPCL ਦੇ JE (ਸਬ ਡਵੀਜ਼ਨ ਬਿਲਾਸਪੁਰ) ਨੂੰ ਮੌਕੇ ਉੱਤੇ ਸਸਪੈਂਡ ਵੀ ਕਰ ਦਿੱਤਾ।
ਇਸ ਤੋਂ ਇਲਾਵਾ PSPCL ਨਾਲ ਕੰਮ ਕਰਨ ਵਾਲੀ ਇਕ ਕੰਪਨੀ ਦੇ ਮੁਲਾਜ਼ਮ ਨੂੰ ਮੌਕੇ ਉੱਤੇ ਕੁਰੱਪਸ਼ਨ ਦੇ ਦੋਸ਼ ਕਾਰਨ ਨੌਕਰੀ ਤੋਂ ਬਰਖ਼ਾਸਤ ਵੀ ਕੀਤਾ ਗਿਆ। ਇਸੇ ਤਰ੍ਹਾਂ ਵਧੀਆ ਕੰਮ ਨਾ ਕਰਨ ਵਾਲੇ ਕੁਝ ਅਧਿਕਾਰੀਆਂ ਨੂੰ ਤੁਰੰਤ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ।
ਮੀਟਿੰਗ ਦੌਰਾਨ ਪਿੰਡ ਬਿਲਾਸਪੁਰ ਤੋਂ ਇਕ ਪਿੰਡ ਵਾਸੀ ਨੇ ਦੋਸ਼ ਲਗਾਇਆ ਕਿ ਬਿਜਲੀ ਦਾ ਖੰਬਾ ਲਗਾਉਣ ਲਈ ਉਕਤ JE ਨੇ ਨਿੱਜੀ ਕੰਪਨੀ ਦੇ ਮੁਲਾਜ਼ਮ ਰਾਹੀਂ 30 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ। ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਨੇ ਇਸ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਮੌਕੇ ਉੱਤੇ ਹੀ ਜੇ ਈ ਨੂੰ ਸਸਪੈਂਡ ਕਰਨ ਦੇਣ ਨਾਲ ਨਿੱਜੀ ਕੰਪਨੀ ਦੇ ਮੁਲਾਜ਼ਮ ਨੂੰ ਮੌਕੇ ਉੱਤੇ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਹੁਕਮ ਜਾਰੀ ਕਰ ਦਿੱਤਾ।
ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਅਤੇ ਅਨੁਸਾਸ਼ਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਉਹਨਾਂ ਨੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਕਿਹਾ ਕਿ ਉਹ ਸਾਰੇ ਐੱਸ ਡੀ ਐੱਮਜ਼, ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਰਾਹੀਂ ਸਾਰੇ ਸਕੂਲਾਂ ਦੀ ਅਚਨਚੇਤ ਚੈਕਿੰਗ ਜ਼ਰੂਰ ਕਰਵਾਉਣ। ਜਿੱਥੇ ਵੀ ਕੋਈ ਕਮੀ ਪੇਸ਼ੀ ਸਾਹਮਣੇ ਆਉਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇ।
ਮੀਟਿੰਗ ਦੌਰਾਨ ਹਰਭਜਨ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਹੜੇ ਪ੍ਰੋਜੈਕਟ ਪਾਸ ਹੋ ਚੁੱਕੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਚਾਲੂ ਕਰਵਾਇਆ ਜਾਵੇ। ਵੱਧ ਤੋਂ ਵੱਧ ਯੋਗ ਵਿਅਕਤੀਆਂ ਦੇ ਲੇਬਰ ਕਾਰਡ ਬਣਾਏ ਜਾਣ। ਪਟਵਾਰੀਆਂ ਦੀ ਰੈਸ਼ਨਲਾਈਜ਼ੇਸ਼ਨ ਕੀਤੀ ਜਾਵੇ। ਕਿਸੇ ਵੀ ਨੀਂਹ ਪੱਥਰ, ਉਦਘਾਟਨ ਅਤੇ ਲੋਕ ਭਲਾਈ ਕਾਰਜਾਂ ਵਿੱਚ ਚੁਣੇ ਹੋਏ ਨੁਮਾਇੰਦਿਆਂ ਨੂੰ ਭਰੋਸੇ ਵਿੱਚ ਜ਼ਰੂਰ ਲਿਆ ਜਾਵੇ।
ਉਹਨਾਂ ਹਦਾਇਤ ਕੀਤੀ ਕਿ ਸਾਰੇ ਸਕੂਲਾਂ, ਹਸਪਤਾਲਾਂ ਅਤੇ ਆਯੂਸ਼ ਹਸਪਤਾਲ ਦੀ ਇਮਾਰਤ ਨੂੰ ਸੋਲਰ ਊਰਜਾ ਨਾਲ ਜੋੜਿਆ ਜਾਵੇ। ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਜਾਰੀ ਕੈਂਪਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦਿੱਤਾ ਜਾਵੇ। ਉਹਨਾਂ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਨੂੰ ਕਿਹਾ ਕਿ ਲੋੜ ਮੁਤਾਬਿਕ ਸਰਕਾਰੀ ਬੱਸ ਸੇਵਾ ਪਹਿਲ ਦੇ ਅਧਾਰ ਉੱਤੇ ਚਾਲੂ ਕਰਵਾਈ ਜਾਵੇ।