Ludhiana News: ਕਿਸਾਨ ਲੀਡਰਾਂ 'ਤੇ ਵੀ ਸੀਬੀਆਈ ਦਾ ਸ਼ਿਕੰਜਾ, ਲੱਖੋਵਾਲ ਤੇ ਬਹਿਰੂ ਦੇ ਘਰਾਂ ’ਤੇ ਰੇਡ ਮਗਰੋਂ ਭੜਕੇ ਕਿਸਾਨ
Ludhiana News: ਸੀਬੀਆਈ ਨੇ ਕਿਸਾਨ ਲੀਡਰਾਂ ਉੱਪਰ ਵੀ ਸ਼ਿਕੰਜਾ ਕੱਸ ਦਿੱਤਾ ਹੈ। ਪੰਜਾਬ ਵਿੱਚ ਕਈ ਕਿਸਾਨ ਲੀਡਰਾਂ ਦੇ ਘਰਾਂ ਉੱਪਰ ਸੀਬੀਆਈ ਨੇ ਛਾਪੇ ਮਾਰੇ ਹਨ। ਇਸ ਕਰਕੇ ਕਿਸਾਨ ਦਾ ਪਾਰਾ ਵੀ ਚੜ੍ਹ ਗਿਆ ਹੈ।
Ludhiana News: ਸੀਬੀਆਈ ਨੇ ਕਿਸਾਨ ਲੀਡਰਾਂ ਉੱਪਰ ਵੀ ਸ਼ਿਕੰਜਾ ਕੱਸ ਦਿੱਤਾ ਹੈ। ਪੰਜਾਬ ਵਿੱਚ ਕਈ ਕਿਸਾਨ ਲੀਡਰਾਂ ਦੇ ਘਰਾਂ ਉੱਪਰ ਸੀਬੀਆਈ ਨੇ ਛਾਪੇ ਮਾਰੇ ਹਨ। ਇਸ ਕਰਕੇ ਕਿਸਾਨ ਦਾ ਪਾਰਾ ਵੀ ਚੜ੍ਹ ਗਿਆ ਹੈ। ਇੱਕ ਪਾਸੇ ਕਿਸਾਨਾਂ ਨੇ ਇਸ ਖਿਲਾਫ ਸੰਘਰਸ਼ ਦਾ ਐਲਾਨ ਕੀਤਾ ਹੈ ਤੇ ਇਸ ਦੇ ਨਾਲ ਹੀ ਇਸ ਦੀ ਸ਼ਿਕਾਇਤ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਕਰਨ ਦਾ ਫੈਸਲਾ ਕੀਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਸੀਬੀਆਈ ਵੱਲੋਂ ਕਿਸਾਨ ਆਗੂਆਂ ਹਰਿੰਦਰ ਸਿੰਘ ਲੱਖੋਵਾਲ ਤੇ ਸਤਨਾਮ ਸਿੰਘ ਬਹਿਰੂ ਦੇ ਘਰਾਂ ’ਤੇ ਮਾਰੇ ਗਏ ਛਾਪਿਆਂ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ 28 ਫਰਵਰੀ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਈਸੜੂ ਭਵਨ ਵਿੱਚ ਰੁਲਦਾ ਸਿੰਘ ਮਾਨਸਾ, ਰਾਮਿੰਦਰ ਸਿੰਘ ਪਟਿਆਲਾ ਤੇ ਬੂਟਾ ਸਿੰਘ ਸ਼ਾਦੀਪੁਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸੀਬੀਆਈ ਵੱਲੋਂ ਪੰਜਾਬ ਦੇ ਕਿਸਾਨ ਆਗੂਆਂ ਉਪਰ ਮਾਰੇ ਛਾਪਿਆਂ ਦਾ ਸਖਤ ਨੋਟਿਸ ਲੈਂਦਿਆਂ ਇਨ੍ਹਾਂ ਛਾਪਿਆਂ ਨੂੰ ਦੇਸ਼ ਦੀ ਕਿਸਾਨ ਲਹਿਰ ਉੱਪਰ ਹਮਲਾ ਕਰਾਰ ਦਿੱਤਾ ਗਿਆ।
ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਕਿਸਾਨ ਲਹਿਰ ਵਿਰੁੱਧ ਵਿੱਢੀ ਕਾਰਵਾਈ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇਹ ਛਾਪੇ ਸਿਆਸੀ ਬਦਲਾਖੋਰੀ ਕਾਰਨ ਮਾਰੇ ਗਏ ਹਨ। ਆਗੂਆਂ ਨੇ ਕਿਸਾਨਾਂ ਵਿਰੁੱਧ ਝੂਠਾ ਪ੍ਰਚਾਰ ਕਰ ਰਹੇ ਭਾਜਪਾ ਆਗੂਆਂ ਨੂੰ ਵੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ 20 ਮਾਰਚ ਨੂੰ ਨਵੀਂ ਦਿੱਲੀ ’ਚ ਵੱਡਾ ਪ੍ਰਦਰਸ਼ਨ ਲਾਜ਼ਮੀ ਹੋਵੇਗਾ ਤੇ ਇਸ ’ਚ ਵੱਡੀ ਗਿਣਤੀ ਕਿਸਾਨ ਪਹੁੰਚਣਗੇ।
ਉਧਰ, ਕਿਰਤੀ ਕਿਸਾਨ ਯੂਨੀਅਨ ਨੇ ਸੀਬੀਆਈ ਵੱਲੋਂ ਪੰਜਾਬ ਦੇ ਕਿਸਾਨ ਆਗੂਆਂ ਹਰਿੰਦਰ ਸਿੰਘ ਲੱਖੋਵਾਲ ਤੇ ਸਤਨਾਮ ਸਿੰਘ ਬਹਿਰੂ ਦੇ ਘਰਾਂ ਉੱਪਰ ਮਾਰੇ ਗਏ ਛਾਪਿਆ ਦੀ ਆਲੋਚਨਾ ਕੀਤੀ ਹੈ। ਇਸ ਕਾਰਵਾਈ ਨੂੰ ਕੇਂਦਰ ਦੀ ਮੋਦੀ ਸਰਕਾਰ ਦਾ ਦੇਸ਼ ਦੀ ਕਿਸਾਨ ਲਹਿਰ ਉੱਪਰ ਹਮਲਾ ਕਰਾਰ ਦਿੱਤਾ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਮੀਤ-ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਦਿੱਲੀ ਤੋਂ ਆਈ ਸੀਬੀਆਈ ਟੀਮਾਂ ਨੇ ਦੋਵਾਂ ਕਿਸਾਨ ਆਗੂਆਂ ਦੇ ਘਰਾਂ ’ਤੇ ਮਾਰੇ ਛਾਪਿਆਂ ਦੌਰਾਨ ਨਾ ਸਿਰਫ ਫਰੋਲਾ ਫਰਾਲੀ ਕੀਤੀ ਬਲਕਿ ਆਗੂਆਂ ਦੇ ਫੋਨ ਵੀ ਜ਼ਬਤ ਕੀਤੇ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਲਹਿਰ ਦੇ ਆਗੂਆਂ ਨੂੰ ਡਰਾਉਣ ਦੇ ਮਕਸਦ ਨਾਲ ਕੋਝੇ ਹੱਥਕੰਡੇ ਅਪਨਾਉਣ ਦੇ ਰਾਹ ਪੈ ਗਈ ਹੈ। ਉਨ੍ਹਾਂ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਸ ਦੇ ਅਜਿਹੇ ਯਤਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।