ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੇਸਰਾਜ ਰਣੌਤ ਨੇ ਦੱਸਿਆ ਕਿ 24 ਜੂਨ ਨੂੰ ਉਸ ਦਾ ਪਿਤਾ ਲੁਧਿਆਣਾ ਦੇ ਦੋ ਸੈਲਾਨੀਆਂ ਗੁਰਮੀਤ ਸਿੰਘ ਤੇ ਜਸਪਾਲ ਕਰਨ ਸਿੰਘ ਨਾਲ ਸ਼ਿਮਲਾ ਤੋਂ ਮਨਾਲੀ ਗਿਆ ਸੀ।
Ludhiana News: ਹਿਮਾਚਲ ਪ੍ਰਦੇਸ਼ ਵਿੱਚ ਇੱਕ ਟੈਕਸੀ ਡਰਾਈਵਰ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਦੋ ਸੈਲਾਨੀਆਂ ਉੱਤੇ ਅਗਵਾ ਕਰਨ ਦੇ ਦੋਸ਼ ਲੱਗੇ ਹਨ। ਲਾਪਤਾ ਡਰਾਈਵਰ ਦੇ ਪੁੱਤਰ ਦੇਸਰਾਜ ਰਣੌਤ ਨੇ ਆਪਣੇ ਪਿਤਾ ਹਰੀ ਕ੍ਰਿਸ਼ਨ ਰਣੌਤ ਦੇ ਲਾਪਤਾ ਹੋਣ ਤੋਂ ਬਾਅਦ ਸ਼ਿਮਲਾ ਦੇ ਸਦਰ ਥਾਣੇ ਵਿੱਚ ਅਗਵਾ ਦਾ ਕੇਸ ਦਰਜ ਕਰਵਾਇਆ ਹੈ। ਇਸ ਵਿੱਚ ਦੇਸਰਾਜ ਨੇ ਆਪਣੇ ਪਿਤਾ ਦੇ ਅਗਵਾ ਹੋਣ ਦਾ ਸ਼ੱਕ ਜਤਾਇਆ ਹੈ।
ਸ਼ਿਮਲਾ ਪੁਲਿਸ ਨੇ ਇਸ ਸਬੰਧ ਵਿੱਚ ਐਫਆਈਆਰ ਦਰਜ ਕਰਕੇ ਬਿਲਾਸਪੁਰ ਦੇ ਬਰਮਾਨਾ ਥਾਣੇ ਨੂੰ ਭੇਜ ਦਿੱਤੀ ਹੈ, ਕਿਉਂਕਿ ਹਰੀ ਕ੍ਰਿਸ਼ਨ ਰਣੌਤ ਬਰਮਾਨਾ ਦੇ ਆਸਪਾਸ ਥਾਵਾਂ ਤੋਂ ਲਾਪਤਾ ਹੈ। ਬਿਲਾਸਪੁਰ ਪੁਲਿਸ ਨੇ SIT ਦਾ ਗਠਨ ਕਰਕੇ ਲਾਪਤਾ ਹਰੀ ਕ੍ਰਿਸ਼ਨ ਰਣੌਤ ਦੀ ਭਾਲ ਲਈ ਜਾਂਚ ਤੇਜ਼ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੇਸਰਾਜ ਰਣੌਤ ਨੇ ਦੱਸਿਆ ਕਿ 24 ਜੂਨ ਨੂੰ ਉਸ ਦਾ ਪਿਤਾ ਲੁਧਿਆਣਾ ਦੇ ਦੋ ਸੈਲਾਨੀਆਂ ਗੁਰਮੀਤ ਸਿੰਘ ਤੇ ਜਸਪਾਲ ਕਰਨ ਸਿੰਘ ਨਾਲ ਸ਼ਿਮਲਾ ਤੋਂ ਮਨਾਲੀ ਗਿਆ ਸੀ। 25 ਜੂਨ ਨੂੰ ਉਹ ਆਪਣੀ ਆਲਟੋ ਕਾਰ ਨੰਬਰ ਐਚਪੀ-01-ਏ 5150 ਵਿੱਚ ਦੋਵਾਂ ਸੈਲਾਨੀਆਂ ਨਾਲ ਮਨਾਲੀ ਤੋਂ ਵਾਪਸ ਆ ਰਿਹਾ ਸੀ। ਰਾਤ 8.20 ਵਜੇ ਬੇਟੇ ਦੇਸਰਾਜ ਨੇ ਪਿਤਾ ਨਾਲ ਗੱਲ ਕੀਤੀ ਤਾਂ ਪਿਤਾ ਨੇ ਦੱਸਿਆ ਕਿ ਉਹ ਬਰਮਾਨਾ ਪਹੁੰਚ ਰਿਹਾ ਹੈ ਤੇ ਦੇਰ ਰਾਤ ਸ਼ਿਮਲਾ ਵਾਪਸ ਆ ਜਾਵੇਗਾ। ਰਾਤ ਕਰੀਬ 11.15 ਵਜੇ ਜਦੋਂ ਬੇਟੇ ਨੇ ਆਪਣੇ ਪਿਤਾ ਨੂੰ ਦੁਬਾਰਾ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਸੀ।
ਹਰੀ ਕ੍ਰਿਸ਼ਨ ਦਾ ਪਰਿਵਾਰ ਤੇ ਪੁਲਿਸ ਪਿਛਲੇ ਤਿੰਨ ਦਿਨਾਂ ਤੋਂ ਉਸ ਥਾਂ 'ਤੇ ਭਾਲ ਕਰ ਰਹੀ ਸੀ, ਜਿੱਥੇ ਆਖਰੀ ਵਾਰ ਫ਼ੋਨ ਮਿਲਿਆ ਸੀ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਹਾਲਾਂਕਿ ਉਸ ਦੀ ਗੱਡੀ ਲੁਧਿਆਣਾ ਤੋਂ ਟਰੇਸ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ 'ਚ ਖੂਨ ਦੇ ਧੱਬੇ ਵੀ ਮਿਲੇ ਹਨ।
ਦੋਵਾਂ ਸੈਲਾਨੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਬਰਮਾਣਾ ਪੁਲੀਸ ਦੀ ਟੀਮ ਲੁਧਿਆਣਾ ਪੁੱਜ ਗਈ ਹੈ। ਪਰ ਦੋਵੇਂ ਅਜੇ ਤੱਕ ਫਰਾਰ ਹਨ। ਹਰੀ ਕ੍ਰਿਸ਼ਨ ਰਣੌਤ ਸ਼ਿਮਲਾ ਵਿੱਚ ਟੈਕਸੀ ਚਲਾਉਂਦੇ ਹਨ। ਉਹ ਅਕਸਰ ਸੈਲਾਨੀਆਂ ਨੂੰ ਸ਼ਿਮਲਾ-ਮਨਾਲੀ ਰੂਟ 'ਤੇ ਲੈ ਕੇ ਜਾਂਦਾ ਹੈ।