Farmer Protest: ਪੰਜਾਬ ਬੰਦ ਦੌਰਾਨ ਲੁਧਿਆਣਾ 'ਚ ਜ਼ਬਰਦਸਤ ਹੰਗਾਮਾ, ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਸ਼ਰਾਬ ਪੀਕੇ ਹੰਗਾਮਾ ਕਰਨ ਵਾਲੇ ਨਿੱਕਲੇ ਪੁਲਿਸ ਮੁਲਾਜ਼ਮ !
ਲਾਡੋਵਾਲ ਟੋਲ ਪਲਾਜ਼ਾ 'ਤੇ ਹੰਗਾਮਾ ਹੋਇਆ। ਇੱਥੇ ਕਿਸਾਨਾਂ ਨੇ ਕੁਝ ਸ਼ਰਾਬੀ ਲੋਕਾਂ ਨੂੰ ਫੜ ਲਿਆ। ਇਸ ਤੋਂ ਬਾਅਦ ਪੁਲਿਸ ਨੂੰ ਉੱਥੇ ਬੁਲਾਇਆ ਗਿਆ। ਜਦੋਂ ਜਾਂਚ ਕੀਤੀ ਗਈ ਤਾਂ ਉਹ ਪੁਲਿਸ ਮੁਲਾਜ਼ਮ ਹੀ ਨਿਕਲੇ।
Farmer Protest: ਪੰਜਾਬ ਦੇ ਕਿਸਾਨਾਂ ਵੱਲੋਂ ਅੱਜ ਬੰਦ ਦਾ ਐਲਾਨ ਕੀਤਾ ਹੋਇਆ ਹੈ। ਕਿਸਾਨਾਂ ਨੇ ਪੰਜਾਬ ਦੇ ਸਾਰੇ ਰਾਸ਼ਟਰੀ ਰਾਜ ਮਾਰਗ ਤੇ ਰੇਲਵੇ ਟਰੈਕ ਬੰਦ ਕਰ ਦਿੱਤੇ ਹਨ। ਕਿਸਾਨ ਸਵੇਰੇ 7 ਵਜੇ ਤੋਂ ਹੀ ਹਾਈਵੇਅ ਅਤੇ ਰੇਲਵੇ ਪਟੜੀਆਂ ਦੇ ਉੱਪਰ 140 ਥਾਵਾਂ 'ਤੇ ਬੈਠੇ ਹਨ। ਇਸ ਕਾਰਨ ਅੰਮ੍ਰਿਤਸਰ-ਜਲਧਰ-ਪਾਣੀਪਤ-ਦਿੱਲੀ ਅਤੇ ਅੰਮ੍ਰਿਤਸਰ-ਜੰਮੂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ। ਕਿਸਾਨਾਂ ਦੀ ਹੜਤਾਲ ਕਾਰਨ ਰੇਲਵੇ ਨੇ ਵੰਦੇ ਭਾਰਤ ਸਮੇਤ 167 ਟਰੇਨਾਂ ਰੱਦ ਕਰ ਦਿੱਤੀਆਂ ਹਨ। ਪੁਣੇ ਤੋਂ ਜੰਮੂ ਤਵੀ ਜਾ ਰਹੀ ਜੇਹਲਮ ਐਕਸਪ੍ਰੈਸ ਨੂੰ ਜਲੰਧਰ ਕੈਂਟ ਸਟੇਸ਼ਨ 'ਤੇ ਰੋਕ ਦਿੱਤਾ ਗਿਆ ਹੈ।
ਬੰਦ ਦੌਰਾਨ ਕਿਸਾਨਾਂ ਤੇ ਲੋਕਾਂ ਵਿਚਾਲੇ ਤਕਰਾਰ ਦੇ ਕੁਝ ਮਾਮਲੇ ਵੀ ਸਾਹਮਣੇ ਆਏ। ਇਨ੍ਹਾਂ 'ਚ ਲੁਧਿਆਣਾ ਦੇ ਬਸਤੀ ਜੋਧੇਵਾਲ ਚੌਕ ਤੇ ਖੰਨਾ 'ਚ ਜਾਮ ਲਗਾਉਣ ਨੂੰ ਲੈ ਕੇ ਕਿਸਾਨਾਂ ਅਤੇ ਲੋਕਾਂ 'ਚ ਤਕਰਾਰ ਹੋ ਗਈ। ਲਾਡੋਵਾਲ ਟੋਲ ਪਲਾਜ਼ਾ 'ਤੇ ਸੜਕ ਜਾਮ ਕਰ ਰਹੇ ਕਿਸਾਨ 'ਤੇ ਇੱਕ ਵਿਅਕਤੀ ਨੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਡਰਾਈਵਰ ਨੂੰ ਫੜ ਲਿਆ ਗਿਆ। ਉਸ ਨੇ ਕਿਹਾ ਕਿ ਇਹ ਗਲਤੀ ਨਾਲ ਹੋਇਆ ਹੈ।
ਹੰਗਾਮਾ ਕਰਨ ਵਾਲੇ ਨਿੱਕਲੇ ਪੁਲਿਸ ਮੁਲਾਜ਼ਮ
ਇਸ ਮੌਕੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਹੰਗਾਮਾ ਹੋਇਆ। ਇੱਥੇ ਕਿਸਾਨਾਂ ਨੇ ਕੁਝ ਸ਼ਰਾਬੀ ਲੋਕਾਂ ਨੂੰ ਫੜ ਲਿਆ। ਇਸ ਤੋਂ ਬਾਅਦ ਪੁਲਿਸ ਨੂੰ ਉੱਥੇ ਬੁਲਾਇਆ ਗਿਆ। ਜਦੋਂ ਜਾਂਚ ਕੀਤੀ ਗਈ ਤਾਂ ਉਹ ਪੁਲਿਸ ਮੁਲਾਜ਼ਮ ਹੀ ਨਿਕਲੇ। ਇਹ ਪੁਲਿਸ ਮੁਲਾਜ਼ਮ ਛੁੱਟੀ ’ਤੇ ਸਨ। ਉਨ੍ਹਾਂ ਕੋਲ ਪਛਾਣ ਪੱਤਰ ਸਨ।
ਦੱਸ ਦਈਏ ਕਿ ਪੰਜਾਬ ਤੋਂ 8 ਰਾਜਾਂ ਨੂੰ 576 ਰੂਟਾਂ 'ਤੇ ਚੱਲਣ ਵਾਲੀਆਂ ਬੱਸਾਂ ਵੀ ਬੰਦ ਹਨ। ਹਰਿਆਣਾ ਤੇ ਹਿਮਾਚਲ ਸਮੇਤ ਹੋਰਨਾਂ ਸੂਬਿਆਂ ਦੀਆਂ ਬੱਸਾਂ ਵੀ ਪੰਜਾਬ ਨਹੀਂ ਆ ਰਹੀਆਂ। ਟਰੇਨਾਂ ਦੇ ਨਾ ਚੱਲਣ ਕਾਰਨ ਯਾਤਰੀ ਪ੍ਰੇਸ਼ਾਨ ਹਨ। ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਦੇ ਰੇਲਵੇ ਸਟੇਸ਼ਨਾਂ 'ਤੇ ਉੱਤਰ ਪ੍ਰਦੇਸ਼, ਪੂਨੇ, ਬਿਹਾਰ ਅਤੇ ਕੋਲਕਾਤਾ ਸਮੇਤ ਹੋਰ ਰਾਜਾਂ ਦੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੇਨ ਰੱਦ ਹੋਣ ਕਾਰਨ ਕਈ ਯਾਤਰੀਆਂ ਨੂੰ ਹੋਟਲਾਂ 'ਚ ਰਹਿਣਾ ਪਿਆ। ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਗੈਸ ਅਤੇ ਪੈਟਰੋਲ ਪੰਪਾਂ ਤੋਂ ਇਲਾਵਾ ਬਾਜ਼ਾਰ ਵੀ ਬੰਦ ਰੱਖੇ ਗਏ ਹਨ।